ਕੁਸ਼ਤੀ ਫੈਡਰੇਸ਼ਨ ਪ੍ਰਧਾਨ ਖ਼ਿਲਾਫ਼ ਜਾਂਚ ਕਮੇਟੀ ਬਣਾਈ

ਕੁਸ਼ਤੀ ਫੈਡਰੇਸ਼ਨ ਪ੍ਰਧਾਨ ਖ਼ਿਲਾਫ਼ ਜਾਂਚ ਕਮੇਟੀ ਬਣਾਈ

ਧਰਨਾਕਾਰੀ ਪਹਿਲਵਾਨਾਂ ਵੱਲੋਂ ਆਈਓਏ ਮੁਖੀ ਨੂੰ ਭੇਜੇ ਪੱਤਰ ’ਤੇ ਕਾਰਵਾਈ
ਨਵੀਂ ਦਿੱਲੀ-ਭਾਰਤੀ ਓਲੰਪਿਕ ਐਸੋਸੀਏਸ਼ਨ (ਆਈਓਏ) ਨੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਬ੍ਰਿਜਭੂਸ਼ਨ ਸ਼ਰਨ ਸਿੰਘ ’ਤੇ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼ਾਂ ਦੀ ਜਾਂਚ ਲਈ ਸੱਤ ਮੈਂਬਰੀ ਕਮੇਟੀ ਗਠਿਤ ਕਰ ਦਿੱਤੀ ਹੈ। ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ਐੱਮ.ਸੀ.ਮੇਰੀਕੌਮ ਨੂੰ ਜਾਂਚ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ ਜਦੋਂਕਿ ਹੋਰਨਾਂ ਮੈਂਬਰਾਂ ਵਿੱਚ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਦੇ ਪ੍ਰਧਾਨ ਸਹਿਦੇਵ ਯਾਦਵ, ਪਹਿਲਵਾਨ ਯੋਗੇਸ਼ਵਰ ਦੱਤ, ਤੀਰਅੰਦਾਜ਼ ਡੋਨਾ ਬੈਨਰਜੀ ਆਦਿ ਸ਼ਾਮਲ ਹੋਣਗੇ। ਇਹ ਫੈਸਲਾ ਅੱਜ ਆਈਓਏ ਦੀ ਡੇਢ ਘੰਟੇ ਦੇ ਕਰੀਬ ਚੱਲੀ ਮੀਟਿੰਗ ਦੌਰਾਨ ਲਿਆ ਗਿਆ। ਆਈਓਏ ਦੀ ਕਾਰਜਕਾਰੀ ਕੌਂਸਲ ਦੀ ਹੰਗਾਮੀ ਮੀਟਿੰਗ ਵਿੱਚ ਪ੍ਰਧਾਨ ਪੀ.ਟੀ.ਊਸ਼ਾ ਤੇ ਸੰਯੁਕਤ ਸਕੱਤਰ ਕਲਿਆਣ ਚੌਬੇ ਤੋਂ ਇਲਾਵਾ ਓਲੰਪਿਕ ਸੋਨ ਤਗ਼ਮਾ ਜੇਤੂ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਤੇ ਯੋਗੇਸ਼ਵਰ ਦੱਤ ਵੀ ਮੌਜੂਦ ਸਨ। ਸ਼ਿਵਾ ਕੇਸ਼ਵਨ ਵਿਸ਼ੇਸ਼ ਇਨਵਾਇਟੀ ਵਜੋਂ ਸ਼ਾਮਲ ਹੋਏ।

ਕਾਬਿਲੇਗੌਰ ਹੈ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਨ ਸ਼ਰਨ ਸਿੰਘ ਨੂੰ ਅਹੁਦੇ ਤੋਂ ਲਾਂਭੇ ਕਰਨ ਦੀ ਮੰਗ ਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਜੰਤਰ-ਮੰਤਰ ’ਤੇ ਧਰਨਾ ਲਾਈ ਬੈਠੇ ਦੇਸ਼ ਦੇ ਨਾਮੀ ਪਹਿਲਵਾਨਾਂ ਦੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਵੀਰਵਾਰ ਨੂੰ ਹੋਈ ਮੁਲਾਕਾਤ ਬੇਸਿੱਟਾ ਰਹੀ ਸੀ। ਸ਼ੁੱਕਰਵਾਰ ਸਵੇਰੇ ਡੇਢ ਵਜੇ ਤੱਕ ਚੱਲੀ ਮੀਟਿੰਗ ’ਚ ਕੋਈ ਸਿੱਟਾ ਨਾ ਨਿਕਲਣ ਮਗਰੋਂ ਪਹਿਲਵਾਨਾਂ ਵਿਨੇਸ਼ ਫੋਗਟ, ਬਜਰੰਗ ਪੂਨੀਆ, ਸਾਕਸ਼ੀ ਮਲਿਕ, ਰਵੀ ਦਹੀਆ ਤੇ ਦੀਪਕ ਪੂਨੀਆ ਨੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੀ ਪ੍ਰਧਾਨ ਪੀਟੀ ਊਸ਼ਾ ਨੂੰ ਅੱਜ ਇਕ ਪੱਤਰ ਲਿਖ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਚੇਅਰਮੈਨ ਖਿਲਾਫ਼ ਸ਼ਿਕਾਇਤ ਕੀਤੀ ਸੀ। ਇਨ੍ਹਾਂ ਪਹਿਲਵਾਨਾਂ ਨੇ ਕੇਂਦਰੀ ਖੇਡ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਡਬਲਿਊਐੱਫਆਈ ਨੂੰ ਭੰਗ ਕਰਨ ਦੀ ਆਪਣੀ ਮੰਗ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਸੀ। ਮੀਟਿੰਗ ਵੀਰਵਾਰ ਰਾਤ ਕਰੀਬ 10 ਵਜੇ ਸ਼ੁਰੂ ਹੋਈ ਸੀ। ਪਹਿਲਵਾਨ ਤੜਕੇ 1.45 ਵਜੇ ਠਾਕੁਰ ਦੇ ਘਰ ਤੋਂ ਨਿਕਲੇ ਅਤੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲ ਕੀਤੇ ਬਿਨਾਂ ਚਲੇ ਗਏ। ਮੀਟਿੰਗ ਵਿੱਚ ਓਲੰਪਿਕ ਤਗ਼ਮਾ ਜੇਤੂ ਬਜਰੰਗ ਪੂਨੀਆ, ਰਵੀ ਦਹੀਆ, ਸਾਕਸ਼ੀ ਮਲਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਵਿਨੇਸ਼ ਫੋਗਟ ਸ਼ਾਮਲ ਸਨ। ਪਹਿਲਵਾਨਾਂ ਨੇ ਆਈਓਏ ਨੂੰ ਲਿਖੇ ਪੱਤਰ ਵਿੱਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਕਮੇਟੀ ਕਾਇਮ ਕਰਨ ਦੀ ਅਪੀਲ ਕੀਤੀ ਸੀ। ਪਹਿਲਵਾਨਾਂ ਨੇ ਓਲੰਪਿਕ ਸੰਘ ਨੂੰ ਕਿਹਾ ਸੀ ਕਿ ਕੁਸ਼ਤੀ ਫੈਡਰੇਸ਼ਨ ਨੂੰ ਚਲਾਉਣ ਲਈ ਪਹਿਲਵਾਨਾਂ ਨਾਲ ਸਲਾਹ ਕਰਕੇ ਨਵੀਂ ਕਮੇਟੀ ਬਣਾਈ ਜਾਵੇ। ਪਹਿਲਵਾਨਾਂ ਨੇ ਡਬਲਿਊਐੱਫਆਈ ’ਚ ਕਥਿਤ ਫੰਡਾਂ ਦੇ ਹੇਰ-ਫੇਰ ਦਾ ਵੀ ਦਾਅਵਾ ਕੀਤਾ ਸੀ। ਪਹਿਲਵਾਨਾਂ ਨੇ ਕਿਹਾ ਸੀ ਕਿ ਕੌਮੀ ਕੈਂਪ ਵਿੱਚ ਤਾਇਨਾਤ ਕੋਚ ਤੇ ਖੇਡ ਵਿਗਿਆਨ ਨਾਲ ਜੁੜਿਆ ਸਟਾਫ਼ ‘ਨਾਕਾਬਲ’ ਹੈ।