ਪੱਕੇ ਮੋਰਚੇ ਵਿੱਚ ਕਿਸਾਨਾਂ ਦੇ ਜਥਿਆਂ ਵੱਲੋਂ ਸ਼ਮੂਲੀਅਤ

ਪੱਕੇ ਮੋਰਚੇ ਵਿੱਚ ਕਿਸਾਨਾਂ ਦੇ ਜਥਿਆਂ ਵੱਲੋਂ ਸ਼ਮੂਲੀਅਤ

ਐਸ.ਏ.ਐਸ. ਨਗਰ (ਮੁਹਾਲੀ)- ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਣੇ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਅਤੇ ਪੰਥਕ ਕਮੇਟੀ ਸਣੇ ਹੋਰ ਸਿੱਖ ਜਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਠੰਢ ਦੇ ਮੌਸਮ ਵਿੱਚ ਸਿੱਖ ਅਤੇ ਇਨਸਾਫ਼ਪਸੰਦ ਲੋਕ ਧਰਨੇ ’ਤੇ ਬੈਠੇ ਹਨ ਅਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਜੁੜ ਰਹੀ ਹੈ। ਅੱਜ ਕਿਰਤੀ ਕਿਸਾਨ ਯੂਨੀਅਨ ਦੇ ਵੱਡੀ ਗਿਣਤੀ ’ਚ ਮੈਂਬਰਾਂ ਨੇ ਧਰਨੇ ਵਿੱਚ ਪਹੁੰਚ ਕੇ ਸੰਘਰਸ਼ ਨੂੰ ਸਮਰਥਨ ਦਾ ਐਲਾਨ ਕੀਤਾ। ਉਧਰ, ਦੂਜੇ ਪਾਸੇ ਕੁਝ ਗਰਮ ਖ਼ਿਆਲੀਆਂ ਕਾਰਨ ਪੱਕੇ ਮੋਰਚੇ ਨੂੰ ਢਾਹ ਲੱਗਣ ਦੇ ਆਸਾਰ ਵੀ ਬਣਦੇ ਜਾ ਰਹੇ ਹਨ। ਪੰਥਕ ਵਿਚਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਖ਼ਾਲਸਾ ਨੇ ਗਣਤੰਤਰ ਦਿਵਸ ਦੇ ਮੌਕੇ ਬੁੜੈਲ ਜੇਲ੍ਹ ਅਤੇ ਗਵਰਨਰ ਹਾਊਸ ਨੂੰ ਘੇਰਨ ਦੀ ਚਿਤਾਵਨੀ ਦਿੱਤੀ। ਇਸ ਦੌਰਾਨ ਉਥੇ ਮੌਜੂਦ ਕੁਝ ਕਾਰਕੁਨਾਂ ਨੇ ਖ਼ਾਲਸਾ ਨੂੰ ਅਜਿਹੀ ਬਿਆਨਬਾਜ਼ੀ ਨਾ ਕਰਨ ਲਈ ਕਿਹਾ ਅਤੇ ਇਸ ਦੌਰਾਨ ਕੁਝ ਮੀਡੀਆ ਕਰਮੀਆਂ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ, ਜਿਸ ’ਤੇ ਪੱਤਰਕਾਰਾਂ ਨੂੰ ਫੋਨ ਸਾੜਨ ਦੀ ਧਮਕੀ ਦਿੱਤੀ। ਅੱਜ ਬੰਦੀ ਸਿੰਘਾਂ ਸਣੇ ਸਾਰੇ ਰਾਜਸੀ ਕੈਦੀਆਂ ਦੀ ਰਿਹਾਈ ਅਤੇ ਪੱਕੇ ਮੋਰਚੇ ਦੀ ਹਮਾਇਤ ਵਿੱਚ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ ਦੀ ਅਗਵਾਈ ਹੇਠ ਵੱਡਾ ਜਥਾ ਸ਼ਾਮਲ ਹੋਇਆ।