ਪੰਜਾਬ ਦੇ ਤਿੰਨ ਬੱਚਿਆਂ ਸਣੇ 56 ਨੂੰ ਕੌਮੀ ਬਹਾਦਰੀ ਪੁਰਸਕਾਰ

ਪੰਜਾਬ ਦੇ ਤਿੰਨ ਬੱਚਿਆਂ ਸਣੇ 56 ਨੂੰ ਕੌਮੀ ਬਹਾਦਰੀ ਪੁਰਸਕਾਰ

ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ ਵੱਲੋਂ ਸਾਲ 2020 ਲਈ 22, 2021 ਲਈ 16 ਤੇ 2022 ਲਈ 18 ਬੱਚਿਆਂ ਦਾ ਸਨਮਾਨ
ਨਵੀਂ ਦਿੱਲੀ- ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਵੱਲੋਂ ਪੰਜਾਬ ਦੀਆਂ ਦੋ ਮੁਟਿਆਰਾਂ ਤੇ ਇੱਕ ਨੌਜਵਾਨ ਸਮੇਤ 56 ਬੱਚਿਆਂ ਦਾ ਅੱਜ ਕੌਮੀ ਬਹਾਦਰੀ ਪੁਰਸਕਾਰ ਨਾਲ ਸਨਮਾਨ ਕੀਤਾ ਗਿਆ। ਪੰਜਾਬ ਦੀ ਕੁਸੁਮ, ਅਮਨਦੀਪ ਕੌਰ ਅਤੇ ਅਜ਼ਾਮ ਕਪੂਰ ਨੂੰ ਇਹ ਪੁਰਸਕਾਰ ਮਿਲੇ। ਜ਼ਿਕਰਯੋਗ ਹੈ ਕਿ ਕੁਸੁਮ ਨੇ ਲੋਕਾਂ ਨੂੰ ਡੁੱਬਣ ਤੋਂ ਬਚਾਇਆ ਸੀ, ਜਦੋਂਕਿ ਅਮਨਦੀਪ ਨੇ ਅੱਗ ਲੱਗੇ ਵਾਹਨ ਵਿੱਚ ਫਸੇ ਚਾਰ ਬੱਚਿਆਂ ਨੂੰ ਬਾਹਰ ਕੱਢਿਆ ਸੀ। ਅਜ਼ਾਮ ਨੇ ਅਮਰਨਾਥ ਗੁਫ਼ਾ ਦੀ ਯਾਤਰਾ ਦੌਰਾਨ ਜ਼ਮੀਨ ਖਿਸਕਣ ਸਬੰਧੀ ਚੌਕਸ ਕਰ ਕੇ ਲੋਕਾਂ ਦੀ ਜਾਨ ਬਚਾਈ ਸੀ। ਇੰਡੀਅਨ ਕੌਂਸਲ ਫਾਰ ਚਾਈਲਡ ਵੈਲਫੇਅਰ (ਆਈਸੀਸੀਡਬਲਿਊ) ਨੇ ਤਿੰਨ ਸਾਲਾਂ ਮਗਰੋਂ 17 ਸੂਬਿਆਂ ਦੇ ਬਹਾਦਰ ਬੱਚਿਆਂ ਨੂੰ ਪੁਰਸਕਾਰ ਦਿੱਤੇ ਹਨ। ਆਈਸੀਸੀਡਬਲਿਊ ਵੱਲੋਂ ਜਾਰੀ ਬਿਆਨ ਮੁਤਾਬਕ, ਸਾਲ 2020, 2021 ਅਤੇ 2022 ਲਈ ਕ੍ਰਮਵਾਰ 22, 16 ਅਤੇ 18 ਬਹਾਦਰ ਬੱਚਿਆਂ ਨੂੰ ਕੌਮੀ ਬਹਾਦਰੀ ਪੁਰਸਕਾਰ ਦਿੱਤੇ ਗਏ। ਇਨ੍ਹਾਂ ਵਿੱਚ ਵਿਸ਼ੇਸ਼ ਪੁਰਸਕਾਰ ਮਾਰਕੰਡੇ ਐਵਾਰਡ, ਪ੍ਰਹਲਾਦ ਐਵਾਰਡ, ਏਕਲਵਿਆ ਐਵਾਰਡ, ਅਭਿਮਨਿਊ ਐਵਾਰਡ, ਸਰਵਣ ਐਵਾਰਡ ਤੇ ਧਰੁਵ ਐਵਾਰਡ ਸ਼ਾਮਲ ਹਨ। ਕੁਸੁਮ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਹ ਪੁਰਸਕਾਰ ਦੂਜਿਆਂ ਨੂੰ ਪ੍ਰੇਰਿਤ ਕਰਦਾ ਰਹੇਗਾ। ਅਮਨਦੀਪ ਨੇ ਅੱਗ ਲੱਗੇ ਵਾਹਨ ਵਿੱਚ ਫਸੇ ਚਾਰ ਬੱਚਿਆਂ ਨੂੰ ਬਚਾਉਣ ਦੀ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਨੇ ਬਿਨਾਂ ਸਮਾਂ ਗੁਆਏ ਇਹ ਫ਼ੈਸਲਾ ਲਿਆ। ਉਸ ਨੇ ਕਿਹਾ ਕਿ ਉਹ ਪੁਲੀਸ ਅਫਸਰ ਬਣ ਕੇ ਇਸੇ ਤਰ੍ਹਾਂ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣਾ ਚਾਹੁੰਦੀ ਹੈ। ਇਨ੍ਹਾਂ ਤੋਂ ਇਲਾਵਾ ਮਾਰਕੰਡੇ ਐਵਾਰਡ ਕ੍ਰਮਵਾਰ ਛੱਤੀਸਗੜ੍ਹ ਦੀ 18 ਸਾਲਾ ਮੋਹਿਤ ਚੰਦਰਾ ਉਪਰਤੀ, ਅਮਨ ਜੋਤੀ ਜਹੀਰ (16) ਅਤੇ ਉਤਰਾਖੰਡ ਦੇ ਨਿਤਿਨ ਸਿੰਘ ਨੂੰ ਦਿੱਤਾ ਗਿਆ। ਮੋਹਿਤ ਨੇ ਤੇਂਦੂਏ ਨਾਲ ਲੜਕੇ ਆਪਣੇ ਦੋਸਤ ਦੀ ਜਾਨ ਬਚਾਈ ਸੀ, ਜਦਕਿ ਜੋਤੀ ਨੇ ਵਿਅਕਤੀ ਨੂੰ ਡੁੱਬਣ ਤੋਂ ਬਚਾਇਆ ਸੀ। ਇਸੇ ਤਰ੍ਹਾਂ ਨਿਤਿਨ ਨੇ ਵੀ ਤੇਂਦੂਏ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ। ਪ੍ਰਹਲਾਦ ਐਵਾਰਡ 2020 ਅਤੇ 2021 ਕ੍ਰਮਵਾਰ ਮਹਾਰਾਸ਼ਟਰ ਦੇ ਉੱਤਮ ਤਾਂਤੀ ਤੇ ਆਯੂਸ਼ ਗਣੇਸ਼ ਤਾਪਕਿਰ ਨੂੰ ਦਿੱਤਾ ਗਿਆ।