ਪੱਛਮੀ ਮੁਲਕ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਤੇਜ਼ ਕਰਨ: ਜ਼ੈਲੇਂਸਕੀ

ਪੱਛਮੀ ਮੁਲਕ ਯੂਕਰੇਨ ਨੂੰ ਹਥਿਆਰਾਂ ਦੀ ਸਪਲਾਈ ਤੇਜ਼ ਕਰਨ: ਜ਼ੈਲੇਂਸਕੀ

ਟੈਂਕ ਭੇਜਣ ’ਚ ਦੇਰੀ ਲਈ ਜਰਮਨੀ, ਪੋਲੈਂਡ ਅਤੇ ਅਮਰੀਕਾ ਦੀ ਕੀਤੀ ਆਲੋਚਨਾ
ਕੀਵ- ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੇਂਸਕੀ ਨੇ ਕੁਝ ਪੱਛਮੀ ਮੁਲਕਾਂ ਤੋਂ ਰੂਸੀ ਫ਼ੌਜ ਖ਼ਿਲਾਫ਼ ਟੈਂਕ ਨਾ ਮਿਲਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਜ਼ੈਲੇਂਸਕੀ ਨੇ ਸਵਿਟਜ਼ਰਲੈਂਡ ਦੇ ਦਾਵੋਸ ’ਚ ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਮੀਟਿੰਗ ਮੌਕੇ ਇਕ ਵਾਰਤਾ ਦੌਰਾਨ ਟੈਂਕ ਭੇਜਣ ’ਚ ਝਿਜਕ ਦਿਖਾਉਣ ਲਈ ਜਰਮਨੀ, ਪੋਲੈਂਡ ਅਤੇ ਅਮਰੀਕਾ ਜਿਹੇ ਮੁਲਕਾਂ ਦੀ ਅਸਿੱਧੇ ਤੌਰ ’ਤੇ ਆਲੋਚਨਾ ਕੀਤੀ ਹੈ। ਵੀਡੀਓ ਲਿੰਕ ਰਾਹੀਂ ਆਪਣੇ ਸੰਬੋਧਨ ’ਚ ਜ਼ੈਲੇਂਸਕੀ ਨੇ ਖਾਸ ਹਥਿਆਰਾਂ ਦੀ ਕਮੀ ’ਤੇ ਅਫ਼ਸੋਸ ਜਤਾਇਆ ਅਤੇ ਕਿਹਾ ਕਿ ਸਿਰਫ਼ ਹੌਸਲੇ ਅਤੇ ਪ੍ਰੇਰਣਾ ਨਾਲ ਜੰਗ ਨਹੀਂ ਲੜੀ ਜਾ ਸਕਦੀ ਹੈ। ਉਨ੍ਹਾਂ ਭਾਈਵਾਲ ਮੁਲਕਾਂ ਤੋਂ ਮਿਲੀ ਸਹਾਇਤਾ ਲਈ ਧੰਨਵਾਦ ਕੀਤਾ। ਜ਼ੈਲੇਂਸਕੀ ਨੇ ਕਿਹਾ ਕਿ ਇਰਾਨ ਦੇ ਬਣੇ ਡਰੋਨਾਂ ਦੀ ਵਰਤੋਂ ਸਮੇਤ ਰੂਸੀ ਹਵਾਈ ਹਮਲੇ ਯੂਕਰੇਨ ਦੀ ਕਮਜ਼ੋਰੀ ਰਹੀ ਹੈ ਅਤੇ ਯੂਕਰੇਨ ਨੂੰ ਰੂਸੀ ਫ਼ੌਜ ’ਤੇ ਜਵਾਬੀ ਹਮਲੇ ਲਈ ਲੰਬੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਲੋੜ ਹੈ। ਯੂਕਰੇਨ ਕਈ ਮਹੀਨਿਆਂ ਤੋਂ ਅਮਰੀਕੀ ਅਬਰਾਮਸ ਅਤੇ ਜਰਮਨੀ ਦੇ ਬਣਾਏ ਲੈਪਰਡ-2 ਟੈਂਕਾਂ ਸਮੇਤ ਭਾਰੀ ਟੈਂਕਾਂ ਦੀ ਸਪਲਾਈ ਕਰਨ ਦੀ ਮੰਗ ਕਰ ਰਿਹਾ ਹੈ ਪਰ ਪੱਛਮੀ ਮੁਲਕਾਂ ਦੇ ਆਗੂ ਪੂਰੀ ਇਹਤਿਆਤ ਨਾਲ ਕਦਮ ਉਠਾ ਰਹੇ ਹਨ। ਇੰਗਲੈਂਡ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਚੈਲੇਂਜਰ-2 ਟੈਂਕ ਯੂਕਰੇਨ ਨੂੰ ਭੇਜੇਗਾ ਜਦਕਿ ਫਰਾਂਸ ਨੇ ਏਐੱਮਐਕਸ-10 ਆਰਸੀ ਬਖ਼ਤਰਬੰਦ ਵਾਹਨ ਭੇਜਣ ਦਾ ਐਲਾਨ ਕੀਤਾ ਸੀ। ਮੀਟਿੰਗ ਦੌਰਾਨ ਹਾਜ਼ਰ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕਿਹਾ ਕਿ ਵਲਾਦੀਮੀਰ ਜ਼ੈਲੇਂਸਕੀ ਨੂੰ ਟੈਂਕ ਸਮੇਤ ਜੋ ਕੁਝ ਚਾਹੀਦਾ ਹੈ, ਉਸ ਨੂੰ ਦਿੱਤਾ ਜਾਵੇ। ਇਸ ਤੋਂ ਪਹਿਲਾਂ ਪੱਛਮੀ ਮੁਲਕਾਂ ਵੱਲੋਂ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਦੀ ਯੂਕਰੇਨ ’ਤੇ ਹਮਲੇ ਲਈ ਆਲੋਚਨਾ ਕੀਤੀ ਗਈ ਹੈ।