ਵੋਟ ਬੈਂਕ ਨਹੀਂ, ਵਿਕਾਸ ਸਾਡੀ ਤਰਜੀਹ: ਮੋਦੀ

ਵੋਟ ਬੈਂਕ ਨਹੀਂ, ਵਿਕਾਸ ਸਾਡੀ ਤਰਜੀਹ: ਮੋਦੀ

ਪ੍ਰਧਾਨ ਮੰਤਰੀ ਨੇ ਕਰਨਾਟਕ ’ਚ ਕਈ ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਕੀਤੇ
ਯਾਦਗਿਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਦੀ ਤਰਜੀਹ ਸਿਰਫ਼ ਵਿਕਾਸ ਹੈ। ਸ੍ਰੀ ਮੋਦੀ ਨੇ ਕਰਨਾਟਕ ’ਚ ਹੋਰ ਪਾਰਟੀ ਦੀਆਂ ਸਰਕਾਰਾਂ ਵੱਲੋਂ ਵੋਟ ਬੈਂਕ ਦੀ ਸਿਆਸਤ ਕਰਨ ਅਤੇ ਸੂਬੇ ਦੇ ਕੁਝ ਖ਼ਿੱਤਿਆਂ ਨੂੰ ਪਛੜਿਆ ਕਰਾਰ ਦੇਣ ਲਈ ਉਨ੍ਹਾਂ ’ਤੇ ਨਿਸ਼ਾਨਾ ਸੇਧਿਆ।

ਸੂਬੇ ਅਤੇ ਕੇਂਦਰ ’ਚ ਭਾਜਪਾ ਸਰਕਾਰਾਂ ਹੋਣ ਦੇ ਲਾਭ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਡਬਲ ਇੰਜਨ ਸਰਕਾਰ ਦਾ ਅਰਥ ਹੈ ਦੁਗਣੇ ਲਾਭ, ਕਲਿਆਣ ਅਤੇ ਤੇਜ਼ੀ ਨਾਲ ਵਿਕਾਸ। ਕਰਨਾਟਕ ਇਸ ਦੀ ਸਭ ਤੋਂ ਬਿਹਤਰੀਨ ਮਿਸਾਲ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਵਿਕਾਸ ਦੇ 75 ਵਰ੍ਹੇ ਪੂਰੇ ਹੋ ਗਏ ਹਨ ਅਤੇ ਹੁਣ ਮੁਲਕ ਅਗਲੇ 25 ਸਾਲਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ‘ਇਹ 25 ਵਰ੍ਹੇ ਹਰੇਕ ਨਾਗਰਿਕ ਅਤੇ ਸੂਬੇ ਲਈ ਅੰਮ੍ਰਿਤ ਕਾਲ ਹੈ ਜਿਸ ਦੌਰਾਨ ਸਾਨੂੰ ਵਿਕਸਤ ਭਾਰਤ ਉਸਾਰਨਾ ਪਵੇਗਾ।’ ਕੋਡੇਕਲ ’ਚ ਸਿੰਜਾਈ, ਪੀਣ ਵਾਲੇ ਪਾਣੀ ਅਤੇ ਕੌਮੀ ਹਾਈਵੇਅ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਮਗਰੋਂ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਮੁਲਕ ਦਾ ਵਿਕਾਸ ਤਾਂ ਹੀ ਸੰਭਵ ਹੈ ਜੇਕਰ ਹਰੇਕ ਨਾਗਰਿਕ, ਹਰੇਕ ਪਰਿਵਾਰ, ਹਰੇਕ ਸੂਬਾ ਇਸ ਮੁਹਿੰਮ ਨਾਲ ਜੁੜੇ। ਪ੍ਰਧਾਨ ਮੰਤਰੀ ਦਾ ਇਸ ਮਹੀਨੇ ਕਰਨਾਟਕ ਦਾ ਇਹ ਦੂਜਾ ਦੌਰਾ ਹੈ। ਜ਼ਿਕਰਯੋਗ ਹੈ ਕਿ ਮਈ ’ਚ ਕਰਨਾਟਕ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਭਾਜਪਾ ਨੇ ਸੂਬੇ ਦੀਆਂ 224 ’ਚੋਂ ਘਟੋ ਘਟ 150 ਸੀਟਾਂ ਜਿੱਤਣ ਦਾ ਟੀਚਾ ਰੱਖਿਆ ਹੈ। ਪ੍ਰਧਾਨ ਮੰਤਰੀ ਨੇ ਉੱਤਰੀ ਕਰਨਾਟਕ ਖ਼ਿੱਤੇ ਦੇ ਤੇਜ਼ੀ ਨਾਲ ਵਿਕਾਸ ਲਈ ਬਾਸਵਰਾਜ ਬੋਮਈ ਸਰਕਾਰ ਦੀ ਸ਼ਲਾਘਾ ਕੀਤੀ।