ਸ਼ਰਾਬ ਫ਼ੈਕਟਰੀ: ਸਾਂਝੇ ਮੋਰਚੇ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਸ਼ਰਾਬ ਫ਼ੈਕਟਰੀ: ਸਾਂਝੇ ਮੋਰਚੇ ਵੱਲੋਂ ਸੰਘਰਸ਼ ਜਾਰੀ ਰੱਖਣ ਦਾ ਐਲਾਨ

ਤਰਨ ਤਾਰਨ ਦੀ ਸ਼ਰਾਬ ਫ਼ੈਕਟਰੀ ਖ਼ਿਲਾਫ਼ ਵੀ ਸ਼ੁਰੂ ਹੋ ਸਕਦੈ ਮੋਰਚਾ
ਫ਼ਿਰੋਜ਼ਪੁਰ- ਪੰਜਾਬ ਸਰਕਾਰ ਨੇ ਭਾਵੇਂ ਜ਼ੀਰਾ ਸ਼ਰਾਬ ਫ਼ੈਕਟਰੀ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਸਾਂਝਾ ਮੋਰਚਾ ਆਗੂਆਂ ਨੇ ਆਪਣੀਆਂ ਕੁਝ ਹੋਰ ਮੰਗਾਂ ਮੰਨੇ ਜਾਣ ਤੱਕ ਧਰਨਾ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ। ਧਰਨਾ ਸਥਾਨ ’ਤੇ ਅੱਜ ਪਿੰਡ ਮਨਸੂਰਵਾਲ ਕਲਾਂ ਦੇ ਸਰਪੰਚ ਗੁਰਮੇਲ ਸਿੰਘ, ਸਾਂਝਾ ਮੋਰਚਾ ਕਮੇਟੀ ਦੇ ਮੈਂਬਰ ਰੋਮਨ ਬਰਾੜ, ਸੰਦੀਪ ਸਿੰਘ, ਫ਼ਤਹਿ ਸਿੰਘ ਅਤੇ ਮੰਗਲ ਸਿੰਘ ਸੰਧੂ ਸ਼ਾਹਵਾਲਾ ਆਦਿ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਫ਼ੈਕਟਰੀ ਦੇ ਤਿੰਨੋਂ ਯੂਨਿਟ ਬੰਦ ਕਰਨ ਦੇ ਲਿਖ਼ਤੀ ਹੁਕਮ ਜਾਰੀ ਕਰੇ ਤੇ ਪਿਛਲੇ ਦਿਨੀਂ ਜੇਲ੍ਹਾਂ ਵਿਚ ਗਏ ਪ੍ਰਦਰਸ਼ਨਕਾਰੀਆਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਪ੍ਰਦਰਸ਼ਨਕਾਰੀਆਂ ਦੀਆਂ ਜਾਇਦਾਦਾਂ ਸਬੰਧੀ ਪੇਸ਼ ਕੀਤੀਆਂ ਗਈਆਂ ਫ਼ਰਦਾਂ ਵਾਪਸ ਕੀਤੀਆਂ ਜਾਣ ਅਤੇ ਫ਼ੈਕਟਰੀ ਦੇ ਪ੍ਰਦੂਸ਼ਣ ਕਾਰਣ ਜਿਨ੍ਹਾਂ ਲੋਕਾਂ ਦੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਦੇ ਪਰਿਵਾਰਾਂ ਨੂੰ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ੇ ਦੀ ਰਕਮ ਸਰਕਾਰੀ ਖਜ਼ਾਨੇ ਵਿਚੋਂ ਦੇਣ ਦੀ ਬਜਾਏ ਫ਼ੈਕਟਰੀ ਮਾਲਕ ਪਾਸੋਂ ਵਸੂਲੀ ਜਾਵੇ। ਆਗੂਆਂ ਨੇ ਧਰਨਾਕਾਰੀਆਂ ਖ਼ਿਲਾਫ਼ ਦਰਜ ਕੀਤੇ ਗਏ ਸਾਰੇ ਕੇਸ ਰੱਦ ਕਰਨ ਦੀ ਮੰਗ ਵੀ ਰੱਖੀ।

ਸਰਪੰਚ ਗੁਰਮੇਲ ਸਿੰਘ ਨੇ ਇਲਾਕੇ ਦੇ ਪੀੜਤ ਲੋਕਾਂ ਦੇ ਵਿਸ਼ੇਸ਼ ਸ਼ਨਾਖ਼ਤੀ ਕਾਰਡ ਬਣਾਉਣ ਦੀ ਮੰਗ ਕੀਤੀ ਤਾਂ ਕਿ ਪੀੜਤ ਪਰਿਵਾਰ ਕਿਸੇ ਵੀ ਸਰਕਾਰੀ ਹਸਪਤਾਲ ਵਿਚੋਂ ਆਪਣਾ ਮੁਫ਼ਤ ਇਲਾਜ ਕਰਵਾ ਸਕਣ। ਉਨ੍ਹਾਂ ਆਖਿਆ ਕਿ ਜਦੋਂ ਤੱਕ ਇਹ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਧਰਨਾ ਜਾਰੀ ਰਹੇਗਾ।

ਮੋਰਚਾ ਆਗੂਆਂ ਨੇ ਹੁਣ ਪੰਜਾਬ ਦੀਆਂ ਬਾਕੀ ਪ੍ਰਦੂਸ਼ਣ ਫ਼ੈਲਾਉਣ ਵਾਲੀਆਂ ਫ਼ੈਕਟਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੇ ਜਾਣ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਹੈ। ਉਨ੍ਹਾਂ ਤਰਨ ਤਾਰਨ ਵਿਚ ਲੱਗੀ ਸ਼ਰਾਬ ਫ਼ੈਕਟਰੀ ਖ਼ਿਲਾਫ਼ ਮੋਰਚਾ ਲਾਉਣ ਦਾ ਸੰਕੇਤ ਵੀ ਦਿੱਤਾ ਹੈ। ਇੱਕ ਆਗੂ ਨੇ ਆਖਿਆ ਕਿ ਤਰਨ ਤਾਰਨ ਦੇ ਲੋਹਕਾ ਪਿੰਡ ਵਿਚ ਸ਼ਰਾਬ ਫ਼ੈਕਟਰੀ ਕਾਰਨ ਉਸ ਇਲਾਕੇ ਵਿਚ ਵੀ ਪਾਣੀ ਗੰਦਾ ਆਉਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਧਰ ਦੂਜੇ ਪਾਸੇ ਸ਼ਰਾਬ ਫ਼ੈਕਟਰੀ ਮਾਲਕਾਂ ਦਾ ਕਹਿਣਾ ਹੈ ਕਿ ਉਹ ਆਪਣੀ ਫ਼ੈਕਟਰੀ ਨੂੰ ਚਾਲੂ ਕਰਵਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਕਰਨਗੇ।