ਮਨਪ੍ਰੀਤ ਦੀ ਭਾਜਪਾ ’ਚ ਸ਼ਮੂਲੀਅਤ ਨਾਲ ਕਿਤੇ ਖੁਸ਼ੀ, ਕਿਤੇ ਗ਼ਮ

ਮਨਪ੍ਰੀਤ ਦੀ ਭਾਜਪਾ ’ਚ ਸ਼ਮੂਲੀਅਤ ਨਾਲ ਕਿਤੇ ਖੁਸ਼ੀ, ਕਿਤੇ ਗ਼ਮ

ਭਾਜਪਾ ਆਗੂਆਂ ਨੇ ਚੁੱਪ ਵੱਟੀ; ਕਾਂਗਰਸੀਆਂ ਨੇ ਪਟਾਕੇ ਚਲਾਏ; ਮਨਪ੍ਰੀਤ ਬਾਦਲ ਵੱਲੋਂ ਅਮਿਤ ਸ਼ਾਹ ਤੇ ਨੱਢਾ ਨਾਲ ਮੁਲਾਕਾਤ
ਚੰਡੀਗੜ੍ਹ – ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਭਾਜਪਾ ’ਚ ਸ਼ਾਮਲ ਹੋਣ ਮਗਰੋਂ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਮਨਪ੍ਰੀਤ ਬਾਦਲ ਨੇ ਅੱਜ ਭਾਜਪਾ ਆਗੂਆਂ ਨਾਲ ਰਸਮੀ ਮੁਲਾਕਾਤਾਂ ਕੀਤੀਆਂ ਅਤੇ ਇੱਧਰ ਪੰਜਾਬ ਵਿਚ ਉਨ੍ਹਾਂ ਦੀ ਭਾਜਪਾ ’ਚ ਸ਼ਮੂਲੀਅਤ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਨਿਸ਼ਾਨੇ ’ਤੇ ਲਿਆ। ਸੋਸ਼ਲ ਮੀਡੀਆ ’ਤੇ ਮਨਪ੍ਰੀਤ ਬਾਦਲ ’ਤੇ ਤਿੱਖੇ ਤੰਜ਼ ਕੱਸੇ ਜਾ ਰਹੇ ਹਨ ਅਤੇ ਅੰਦਰੋਂ ਅੰਦਰੀਂ ਟਕਸਾਲੀ ਭਾਜਪਾਈ ਇੱਕ-ਦੂਸਰੇ ਨੂੰ ਫੋਨ ਖੜਕਾ ਕੇ ਆਪਣਾ ਮਨ ਹੌਲਾ ਕਰ ਰਹੇ ਹਨ। ਮਨਪ੍ਰੀਤ ਬਾਦਲ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਮਗਰੋਂ ਟਵੀਟ ਕੀਤਾ ਕਿ ਪੰਜਾਬ ਅਤੇ ਦੇਸ਼ ਦੇ ਭਵਿੱਖ ਬਾਰੇ ਜ਼ੋਰਦਾਰ ਚਰਚਾ ਕੀਤੀ ਅਤੇ ਸੁਨਹਿਰੀ ਭਵਿੱਖ ਲਈ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕੰਮ ਕਰਾਂਗੇ। ਮਨਪ੍ਰੀਤ ਬਾਦਲ ਨੇ ਅੱਜ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਨਾਲ ਵੀ ਮੁਲਾਕਾਤ ਕੀਤੀ ਅਤੇ ਬਾਦਲ ਨੇ ਨੱਢਾ ਨੂੰ ਪਾਰਟੀ ਦੀ ਜ਼ਿੰਮੇਵਾਰੀ ਅਗਲੇ ਵਰ੍ਹੇ ਤੱਕ ਨਿਭਾਉਣ ਲਈ ਮੁਬਾਰਕਬਾਦ ਵੀ ਦਿੱਤੀ। ਲੰਘੇ ਕੱਲ੍ਹ ਮਨਪ੍ਰੀਤ ਬਾਦਲ ਦਾ ਹਰਿਆਣਾ ਦੇ ਮੁੱਖ ਮੰਤਰੀ ਮਨਹੋਰ ਲਾਲ ਖੱਟਰ ਨੇ ਵੀ ਸਵਾਗਤ ਕੀਤਾ ਸੀ। ਮਨਪ੍ਰੀਤ ਬਾਦਲ ਦੇ ਭਾਜਪਾ ਦੇ ਲੜ ਲੱਗਣ ਤੋਂ ਕਾਫ਼ੀ ਸਿਆਸੀ ਹਲਚਲ ਮੱਚੀ ਹੋਈ ਹੈ। ਪੰਜਾਬ ਭਾਜਪਾ ਦੇ ਸੀਨੀਅਰ ਆਗੂਆਂ ਵੱਲੋਂ ਹਾਲੇ ਤੱਕ ਮਨਪ੍ਰੀਤ ਬਾਦਲ ਦੀ ਭਾਜਪਾ ’ਚ ਐਂਟਰੀ ਦਾ ਕਿਧਰੋਂ ਕੋਈ ਸਵਾਗਤ ਨਹੀਂ ਆਇਆ ਹੈ। ਇਸੇ ਤਰ੍ਹਾਂ ਪੰਜਾਬ ਕਾਂਗਰਸ ਤਾਂ ਮਨਪ੍ਰੀਤ ਬਾਦਲ ਦੀ ਸ਼ਮੂਲੀਅਤ ਨੂੰ ਝਟਕੇ ਦੀ ਥਾਂ ਰਾਹਤ ਵਜੋਂ ਲੈ ਰਹੀ ਹੈ। ਗਿੱਦੜਬਾਹਾ ਵਿਚ ਇੱਕ ਥਾਂ ’ਤੇ ਕਾਂਗਰਸੀ ਵਰਕਰਾਂ ਨੇ ਲੰਘੇ ਕੱਲ੍ਹ ਪਟਾਕੇ ਵੀ ਚਲਾਏ ਹਨ। ਮਾਝੇ ਦੇ ਕਾਂਗਰਸੀ ਆਗੂ ਅੰਦਰੋਂ ਕਾਫੀ ਖੁਸ਼ ਜਾਪ ਰਹੇ ਹਨ। ਵਿਰੋੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਪਠਾਨਕੋਟ ਵਿਚ ਕਿਹਾ ਕਿ ਕਾਂਗਰਸ ਵਿਚ ਪੈਰਾਸ਼ੂਟ ਆਗੂ ਨਹੀਂ ਚੱਲਣਗੇ। ਉਨ੍ਹਾਂ ਨਸੀਹਤ ਦਿੱਤੀ ਕਿ ਕਾਂਗਰਸ ’ਚੋਂ ਮਾੜੇ ਬੰਦੇ ਬਾਹਰ ਕੱਢੋ ਅਤੇ ਸਾਥ ਸੁਥਰੇ ਲੋਕਾਂ ਨੂੰ ਪਾਰਟੀ ਵਿਚ ਲਿਆਂਦਾ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਾਰਟੀ ਛੱਡੀ ਹੈ, ਉਹ ਸਾਡੇ ਨਹੀਂ ਸਨ। ਉਨ੍ਹਾਂ ਮਨਪ੍ਰੀਤ ਬਾਦਲ ਬਾਰੇ ਕਿਹਾ ਕਿ ਮਨਪ੍ਰੀਤ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਖ਼ਤਮ ਕੀਤਾ ਅਤੇ ਫਿਰ ਕਾਂਗਰਸ ਨੂੰ। ਹੁਣ ਭਾਜਪਾ ਦਾ ਪੱਲਾ ਫੜ ਲਿਆ ਹੈ।

ਹੁਣ ਭਾਜਪਾ ਦਾ ਖ਼ਜ਼ਾਨਾ ਖਾਲੀ ਕਰਨਗੇ: ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਠੀਕਰੀਵਾਲਾ ਵਿਖੇ ਜਨਤਕ ਸਮਾਗਮਾਂ ਵਿਚ ਮਨਪ੍ਰੀਤ ਬਾਦਲ ’ਤੇ ਤੰਜ਼ ਕਰਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਹਮੇਸ਼ਾ ਇਹੋ ਦਾਅਵਾ ਕੀਤਾ ਸੀ ਕਿ ਪੰਜਾਬ ਦਾ ਖ਼ਜ਼ਾਨਾ ਖਾਲੀ ਹੈ। ਇਹ ਆਗੂ ਹੁਣ ਭਗਵਾਂ ਪਾਰਟੀ ਵਿਚ ਸ਼ਾਮਲ ਹੋ ਗਿਆ ਅਤੇ ਕਾਂਗਰਸ ਵਾਂਗੂ ਉਹ ਭਾਜਪਾ ਦਾ ਖ਼ਜ਼ਾਨਾ ਵੀ ਖਾਲੀ ਕਰ ਦੇਣਗੇ। ਉਨ੍ਹਾਂ ਕਿਹਾ ਕਿ ਸਾਬਕਾ ਖ਼ਜ਼ਾਨਾ ਮੰਤਰੀ ਦਾ ਪੈੜਾ ਹੀ ਮਾੜਾ ਹੈ। ਚੇਤੇ ਰਹੇ ਕਿ ਮਨਪ੍ਰੀਤ ਬਾਦਲ ਦੀ ਪੀਪਲਜ਼ ਪਾਰਟੀ ਆਫ ਪੰਜਾਬ ਵਿਚ ਪਹਿਲਾਂ ਭਗਵੰਤ ਮਾਨ ਨੇ ਵੀ ਕੰਮ ਕੀਤਾ ਹੈ ਅਤੇ ਚੋਣ ਵੀ ਲੜੀ ਹੈ।