ਰਜਵਾੜਿਆਂ ਖ਼ਿਲਾਫ਼ ਠੀਕਰੀਵਾਲਾ ਵੱਲੋਂ ਆਰੰਭੀ ਜੰਗ ਅੱਜ ਵੀ ਜਾਰੀ: ਮਾਨ

ਰਜਵਾੜਿਆਂ ਖ਼ਿਲਾਫ਼ ਠੀਕਰੀਵਾਲਾ ਵੱਲੋਂ ਆਰੰਭੀ ਜੰਗ ਅੱਜ ਵੀ ਜਾਰੀ: ਮਾਨ

ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ
ਟੱਲੇਵਾਲ- ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਬਰਸੀ ਮੌਕੇ ਕਰਵਾਏ ਸਮਾਗਮ ਦੇ ਦੂਜੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਠੀਕਰੀਵਾਲਾ ਪਹੁੰਚੇ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਮੀਤ ਹੇਅਰ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਪਾਰਟੀ ਵਰਕਰ ਹਾਜ਼ਰ ਸਨ।

ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਰਨਾਲਾ ਦੀ ਧਰਤੀ ਸ਼ਹੀਦਾਂ, ਇਨਕਲਾਬੀਆਂ ਅਤੇ ਕਿਰਤੀਆਂ ਦੀ ਧਰਤੀ ਹੈ। ਇੱਥੋਂ ਦੇ ਲੋਕ ਹਮੇਸ਼ਾ ਆਪਣੇ ਹੱਕਾਂ ਲਈ ਜਾਗਰੂਕ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾ ਸਿੰਘ ਠੀਕਰੀਵਾਲਾ ਨੇ ਆਪਣੇ ਸਮੇਂ ਪਰਜਾ ਮੰਡਲ ਲਹਿਰ ਚਲਾ ਕੇ ਰਜਵਾੜਿਆਂ ਨਾਲ ਲੜਾਈ ਲੜੀ ਸੀ। ਇਹ ਲੜਾਈ ਮੌਜੂਦਾ ਸਮੇਂ ਵਿੱਚ ਵੀ ਰਜਵਾੜਿਆਂ ਨਾਲ ਜਾਰੀ ਹੈ, ਸਿਰਫ਼ ਲੜਨ ਦੇ ਤਰੀਕੇ ਬਦਲੇ ਹਨ। ਮੁੱਖ ਮੰਤਰੀ ਨੇ ਪਿੰਡ ਠੀਕਰੀਵਾਲਾ ਨੂੰ ਨਮੂਨੇ ਦਾ ਪਿੰਡ ਬਣਾਉਣ ਤੇ ਸ਼ਹੀਦ ਸੇਵਾ ਸਿੰਘ ਦੀ ਯਾਦਗਾਰ ਉਸਾਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਲੜਕੀਆਂ ਦੇ ਸਕੂਲ ਨੂੰ ਨਰਸਿੰਗ ਕਾਲਜ ਵਿੱਚ ਤਬਦੀਲ ਕਰਨ ਦਾ ਐਲਾਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ ਜਿਸ ਤਹਿਤ ਮੁਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਰੱਖਿਆ ਗਿਆ ਹੈ ਤੇ ਸ਼ਹੀਦ ਭਗਤ ਸਿੰਘ ਦਾ 35 ਫ਼ੁੱਟ ਉੱਚਾ ਬੁੱਤ ਸਥਾਪਿਤ ਕੀਤਾ ਜਾ ਰਿਹਾ ਹੈ। ਹੁਣ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ’ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਹਰ ਵਰ੍ਹੇ 1800 ਪੁਲੀਸ ਮੁਲਾਜ਼ਮਾਂ ਦੀ ਭਰਤੀ ਅਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਕਰਨ ਦਾ ਵਾਅਦਾ ਕੀਤਾ। ਸੂਬੇ ਵਿੱਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ 36 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਫ਼ੈਕਟਰੀਆਂ ਦੇ ਮਾਲਕਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਪ੍ਰਦੂਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਰਨਾਲਾ ਜ਼ਿਲ੍ਹਾ ਡਾਰਕ ਜ਼ੋਨ ਵਿੱਚ ਹੈ ਅਤੇ ਪਾਣੀ ਸਬੰਧੀ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਇੱਥੋਂ ਹੀ ਕੀਤੀ ਜਾਵੇਗੀ। ਇਸੇ ਦੌਰਾਨ ਪਰਜਾ ਮੰਡਲ ਲਹਿਰ ਦੇ ਮੋਢੀ ਮੈਂਬਰਾਂ ਵਿੱਚ ਸ਼ਾਮਲ ਮਰਹੂਮ ਗਿਆਨੀ ਜ਼ੈਲ ਸਿੰਘ ਦੇ ਪਰਿਵਾਰਕ ਮੈਂਬਰ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮਾਗਮ ਵਿੱਚ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਆਜ਼ਾਦੀ ਲਹਿਰ ਵਿੱਚ ਪਰਜਾ ਮੰਡਲ ਲਹਿਰ ਦਾ ਅਹਿਮ ਰੋਲ ਰਿਹਾ ਹੈ।

ਇਨਸਾਫ ਦੀ ਮੰਗ ਲਈ ਲਾਏ ਬੈਨਰ ਪ੍ਰਸ਼ਾਸਨ ਨੇ ਹਟਾਏ

ਪਿੰਡ ਦੀ ਐਵਰਗਰੀਨ ਸੁਸਾਇਟੀ ਵੱਲੋਂ ਬਰਸੀ ਸਮਾਗਮ ਦੇ ਬਾਹਰ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਗਾਇਕ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਸਬੰਧੀ ਬੈਨਰ ਲਗਾਏ ਗਏ ਸਨ। ਇਨ੍ਹਾਂ ਬੈਨਰਾਂ ਨੂੰ ਰਾਤੋ-ਰਾਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਾਹ ਦਿੱਤਾ ਗਿਆ। ਸੁਸਾਇਟੀ ਦੇ ਮੈਂਬਰ ਨਿਰਦੇਵ ਸਿੰਘ ਔਲਖ ਨੇ ਸੱਤਾ ਧਿਰ ਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ।