ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ ਗੂੰਜ ਵ੍ਹਾਈਟ ਹਾਊਸ (ਅਮਰੀਕਾ) ਤੱਕ ਪਹੁੰਚੀ

ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਦੀ ਗੂੰਜ ਵ੍ਹਾਈਟ ਹਾਊਸ (ਅਮਰੀਕਾ) ਤੱਕ ਪਹੁੰਚੀ

7 ਜਨਵਰੀ ਦੇ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਦੇ ਸੰਦੇਸ ਉਪਰ ਲੱਗੇ ਕੌਮੀ ਇਨਸਾਫ ਮੋਰਚੇ ਤੋਂ ਵਿਦੇਸਾਂ ਵਿਚ ਵਸਦੇ ਸਿੱਖ ਵੀ ਹੋਏ ਸਰਗਰਮ
ਵਾਸ਼ਿੰਗਟਨ: ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ ਸੀ ਵਿਚ ਅਮਰੀਕੀ ਪ੍ਰੈਜੀਡੈਂਟ ਦੇ ਟਿਕਾਣੇ ਵ੍ਹਾਈਟ ਹਾਊਸ ਅਗੇ ਅਮਰੀਕੀ ਸਿੱਖਾਂ ਨੇ ਪੰਜਾਬ ਵਿਚ ਗੁਰੂ ਗਰੰਥ ਸਾਹਿਬ ਬੇਅਦਬੀ, ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਚੱਲ ਰਹੇ ਕੌਮੀ ਇਨਸਾਫ ਮੋਰਚੇ ਦੇ ਹੱਕ ਵਿਚ ਜ਼ੋਰਦਾਰ ਪ੍ਰਚਾਰ ਅਤੇ ਰੋਸ ਮੁਜ਼ਾਹਰਾ ਕੀਤਾ ਗਿਆ। ਦੱਸਣਯੋਗ ਹੈ ਕੇ ਵੱਡੀ ਗਿਣਤੀ ਵਿਚ ਦੁਨੀਆ ਭਰ ਦੇ ਸੈਲਾਨੀ ਵਾਸ਼ਿੰਗਟਨ ਡੀ ਸੀ ਸੈਰ ਸਪਾਟੇ ਲਈ ਆਉਂਦੇ ਹਨ ਤੇ ਐਤਵਾਰ ਦਾ ਦਿਨ ਹੋਣ ਕਰਕੇ ਅੱਜ ਵ੍ਹਾਈਟ ਹਾਊਸ ਅੱਗੇ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ, ਜਿਨ੍ਹਾਂ ਨੂੰ ਕੇ ਬੰਦੀ ਸਿੰਘਾਂ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਅਤੇ ਪੰਜਾਬ ਤੇ ਭਾਰਤ ਵਿਚ ਸਿੱਖ ਕੌਮ ਨਾਲ ਹੋ ਰਹੇ ਨਾਇਨਸਾਫੀ ਪ੍ਰਤੀ ਘੰਟਿਆਂਬੱਧੀ ਪੈਂਫਲੇਟ ਵੰਡੇ ਗਏ ਅਤੇ ਜਾਣਕਾਰੀ ਦਿਤੀ ਗਈ।
ਮੁਜਾਹਰੇ ਵਿਚ ਬੰਦੀ ਸਿੰਘਾਂ ਦੇ ਵੱਡ ਆਕਾਰੀ ਪੋਸਟਰ ਵੀ ਲਗਾਏ ਹੋਏ ਸਨ। ਉਥੇ ਮੌਜੂਦ ਸੈਲਾਨੀਆਂ ਅਤੇ ਹੋਰ ਲੋਕਾਂ ਨੇ ਬੰਦੀ ਸਿੰਘਾਂ ਦੇ ਪੋਸਟਰਾਂ ਦੀਆਂ ਫੋਟੋਆਂ ਖਿੱਚੀਆਂ ਅਤੇ ਉਤਸੁਕਤਾ ਨਾਲ ਸਾਰੀ ਜਾਣਕਾਰੀ ਹਾਸਲ ਕੀਤੀ ਅਤੇ ਵਿਦੇਸ਼ੀ ਲੋਕ ਮੂੰਹ ’ਚ ਉਂਗਲਾਂ ਪਾ ਕੇ ਦੰਗ ਰਹਿ ਗਏ ਕੇ ਆਪਣੇ ਆਪ ਨੂੰ ਡੈਮੋਕਰੇਸੀ ਕਹਾਉਣ ਵਾਲੇ ਭਾਰਤ ਵਿਚ ਸਿਖਾਂ ਨਾਲ ਏਨੇ ਲੰਮੇ ਸਮੇ ਤੋਂ ਧੱਕਾ ਹੋ ਰਿਹਾ ਹੈ ਅਤੇ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਜਿਥੇ ਹੋਰ ਸਾਰੇ ਕੈਦੀਆਂ ਨੂੰ ਛੱਡ ਦਿੱਤਾ ਜਾਂਦਾ ਹੈ ਓਥੇ ਹੀ ਸਿੱਖ ਸਿਆਸੀ ਕੈਦੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਦੂਜੇ ਦਰਜੇ ਦੇ ਸ਼ਹਿਰੀ ਸਮਝ ਕੇ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲਾਂ ਵਿਚ ਡੱਕਿਆ ਹੋਇਆ ਹੈ। ਅੱਜ ਯੂਕਰੇਨ ਦੇ ਲੋਕ ਵੀ ਓਥੇ ਰੂਸ ਦੇ ਖਿਲਾਫ ਮੁਜਾਹਰਾ ਕਰ ਰਹੇ ਸਨ ਅਤੇ ਉਨ੍ਹਾਂ ਨੇ ਸਿੱਖ ਸਿਆਸੀ ਕੈਦੀਆਂ ਤੇ ਇਨਸਾਫ ਮੋਰਚੇ ਦੇ ਹੱਕ ਵਿਚ ਮੁਜਾਹਰਾ ਕਰ ਰਹੇ ਸਿੱਖਾਂ ਦਾ ਸਾਥ ਦਿੱਤਾ ਅਤੇ ਸਿੱਖਾਂ ਨੇ ਵੀ ਰੂਸ ਖਿਲਾਫ ਯੂਕਰੇਨ ਦੇ ਲੋਕਾਂ ਦੇ ਹੱਕ ਵਿਚ ਹਾਅ ਦਾ ਨਾਹਰਾ ਮਾਰਿਆ, ਕਿਉਕਿ ਦਰਬਾਰ ਸਾਹਿਬ ਤੇ ਹਮਲੇ ਸਮੇਂ ਰੂਸ ਨੇ ਭਾਰਤ ਦੀ ਸਰਕਾਰ ਦਾ ਸਾਥ ਦਿੱਤਾ ਸੀ।
ਜਥੇਦਾਰ ਭਾਈ ਜਗਤਾਰ ਸਿੰਘ ਜੀ ਹਵਾਰਾ ਵਲੋਂ ਦਿੱਤੇ ਗਏ ਸੰਦੇਸ਼ ਦੇ ਤਹਿਤ ਜਿਥੇ 7 ਜਨਵਰੀ ਤੋਂ ਕੌਮੀ ਇਨਸਾਫ ਮੋਰਚਾ ਸੁਰੂ ਹੋਇਆ ਤੇ ਦੁਨੀਆ ਭਰ ਦੇ ਸਿੱਖਾਂ ਨੂੰ ਵੀ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ, ਬਹਿਬਲ ਕਲਾਂ ਤੇ ਬਰਗਾੜੀ ਦੇ ਇਨਸਾਫ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਇਨਸਾਫ ਲਈ ਦੁਨੀਆ ਭਰ ਦੇ ਸਿੱਖਾਂ ਨੂੰ ਆਪਣਾ ਬਣਦਾ ਹਰ ਯੋਗਦਾਨ ਪਾਉਣ ਦੇ ਸੰਦੇਸ ਨੂੰ ਮੁੱਖ ਰੱਖਦਿਆਂ ਇਹ ਮੁਜਾਹਰਾ ਕੀਤਾ ਗਿਆ। ਵਰਲਡ ਸਿੱਖ ਪਾਰਲੀਮੈਂਟ ਦੇ ਕੋਆਰਡੀਨੇਟਰ ਹਿੰਮਤ ਸਿੰਘ ਨੇ ਕਿਹਾ ਕਿ ਇਹ ਸੰਘਰਸ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ, ਬਹਿਬਲ ਕਲਾਂ ਤੇ ਬਰਗਾੜੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਅਤੇ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋ ਜਾਂਦੀ ਤੇ ਇਹ ਮੁਹਿੰਮ ਆਉਣ ਵਾਲੇ ਦਿਨਾਂ ਵਿਚ ਦੁਨੀਆ ਭਰ ਵਿਚ ਹੋਰ ਵੀ ਤੇਜ਼ ਹੋਵੇਗੀ। ਅੱਜ ਦੇ ਇਸ ਮੁਜਾਹਰੇ ਵਿਚ ਹੋਰ ਸਿੱਖ ਸੰਗਤਾਂ ਤੋਂ ਇਲਾਵਾ ਭਾਈ ਹਿੰਮਤ ਸਿੰਘ, ਗੁਰਨਿੰਦਰ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਚੱਠਾ, ਨਰਿੰਦਰ ਸਿੰਘ, ਹਰਮਿੰਦਰ ਸਿੰਘ, ਬਲਜੀਤ ਸਿੰਘ, ਅਮਰਜੀਤ ਸਿੰਘ ਚੱਠਾ, ਊਧਮ ਸਿੰਘ ਆਦਿ ਹਾਜ਼ਰ ਸਨ।