ਪ੍ਰਭੂ ਭਗਤੀ ਦੇ ਰੰਗ ’ਚ ਰੱਤੇ ਭਗਤ ਨਾਮਦੇਵ ਜੀ

ਪ੍ਰਭੂ ਭਗਤੀ ਦੇ ਰੰਗ ’ਚ ਰੱਤੇ ਭਗਤ ਨਾਮਦੇਵ ਜੀ

ਸਤਬੀਰ ਸਿੰਘ ਧਾਮੀ*

ਭਗਤ ਨਾਮਦੇਵ ਜੀ ਦਾ ਜਨਮ ਮਹਾਰਾਸ਼ਟਰ ਦੇ ਜ਼ਿਲ੍ਹਾ ਸਤਾਰਾ ਦੇ ਘੁੱਗ ਵੱਸਦੇ ਕਰਹਟ ਨੇੜਲੇ ਪਿੰਡ ਨਰਸੀ ਬਾਮਨੀ ਵਿਚ 1270 ਈਸਵੀ ’ਚ ਪਿਤਾ ਦਾਮਸ਼ੇਟ ਅਥਵਾ ਦਾਮਸੇਠ ਅਤੇ ਮਾਤਾ ਗੋਨਾਬਾਈ ਦੇ ਗ੍ਰਹਿ ਵਿਖੇ ਹੋਇਆ। ਨਰਸੀ ਬਾਮਨੀ ਕ੍ਰਿਸ਼ਨਾ ਨਦੀ ਦੇ ਕੰਢੇ ਵੱਸਿਆ ਹੋਇਆ ਹੈ। ਆਪ ਜੀ ਦੇ ਮਾਪੇ ਕੱਪੜਾ ਰੰਗਣ ਤੇ ਸਿਊਣ ਦਾ ਕੰਮ ਕਰਦੇ ਸਨ। ਭਗਤ ਨਾਮਦੇਵ ਜੀ ਦਾ ਸੁਭਾਅ ਬਚਪਨ ਤੋਂ ਹੀ ਭਗਤੀ-ਭਾਵ ਵਾਲਾ ਸੀ। ਉਨ੍ਹਾਂ ਦੀਆਂ ਆਦਤਾਂ ਆਮ ਬਾਲਕਾਂ ਨਾਲੋਂ ਨਿਵੇਕਲੀਆਂ ਸਨ। ਉਹ ਜ਼ਿਆਦਾਤਰ ਬਜ਼ੁਰਗਾਂ ਦੀ ਸੰਗਤ ਕਰਦੇ ਤੇ ਪਿੰਡ ਵਿਚ ਕਦੇ-ਕਦਾਈਂ ਆਉਂਦੇ ਸਾਧੂ-ਸੰਤਾਂ ਦੀ ਸੰਗਤ ਕਰਕੇ ਉਨ੍ਹਾਂ ਨਾਲ ਨਾਮ-ਸਿਮਰਨ ਦੀ ਵਿਚਾਰ ਕਰਦੇ। ਆਪਣੀ ਸੁਰਤ ਪਰਮਾਤਮਾ ਨਾਲ ਜੋੜ ਕੇ ਲੰਮਾ ਸਮਾਂ ਇਕਾਗਰਚਿੱਤ ਹੋ ਕੇ ਬੈਠੇ ਰਹਿੰਦੇ। ਭਗਤ ਨਾਮਦੇਵ ਜੀ ਮਿੱਠਬੋਲੜੇ ਅਤੇ ਨਿਮਰਤਾ ਵਾਲੇ ਸੁਭਾਅ ਦੇ ਮਾਲਕ ਸਨ।

ਆਪ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲਗਭਗ ਦੋ ਸੌ ਸਾਲ ਪਹਿਲਾਂ ਹੋਏ ਸਨ। ਉਸ ਸਮੇਂ ਹਿੰਦੂ ਤੇ ਇਸਲਾਮ ਧਰਮ ਪ੍ਰਚੱਲਿਤ ਸਨ ਜਿਨ੍ਹਾਂ ਵਿਚ ਉਸ ਸਮੇਂ ਤੱਕ ਬਹੁਤ ਸਾਰੇ ਵਿਗਾੜ ਆ ਗਏ ਸਨ। ਜਾਤ-ਪਾਤ ਦਾ ਪੂਰਾ ਜ਼ੋਰ ਸੀ। ਆਪਣੇ ਆਪ ਨੂੰ ਉੱਚੀ ਕੁਲ ਦਾ ਸਮਝਣ ਵਾਲਾ ਵਰਗ ਨੀਵੀਂ ਜਾਤ ਸਦਾਉਣ ਵਾਲਿਆਂ ਨੂੰ ਸ਼ੂਦਰ ਸਮਝਦਾ ਸੀ ਤੇ ਇਹ ਲੋਕ ਉਨ੍ਹਾਂ ਨਾਲ ਅਤਿ ਘਿਨਾਉਣਾ ਵਿਵਹਾਰ ਕਰਦੇ ਸਨ। ਇੱਥੋਂ ਤੀਕ ਕਿ ਧਾਰਮਿਕ ਅਸਥਾਨਾਂ ’ਤੇ ਵੀ ਉਨ੍ਹਾਂ ਨੇ ਕਬਜ਼ੇ ਕੀਤੇ ਹੋਏ ਸਨ। ਅਜਿਹੇ ਸਮੇਂ ਵਿਚ ਭਗਤ ਨਾਮਦੇਵ ਜੀ ਨੇ ਸੰਦੇਸ਼ ਦਿੱਤਾ ਕਿ ਕੋਈ ਵੀ ਮਨੁੱਖ ਜਾਤ-ਪਾਤ ਜਾਂ ਉੱਚ ਘਰਾਣੇ ਵਿਚ ਜਨਮ ਲੈਣ ਨਾਲ ਵੱਡਾ ਨਹੀਂ ਹੁੰਦਾ ਸਗੋਂ ਆਪਣੇ ਕੀਤੇ ਕੰਮਾਂ ਕਰਕੇ ਹੀ ਵੱਡਾ-ਛੋਟਾ ਹੁੰਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਹੋਰ ਵੀ ਅਨੇਕਾਂ ਵਹਿਮਾਂ-ਭਰਮਾਂ ਦਾ ਖੰਡਨ ਕਰਦਿਆਂ ਇਨਸਾਨ ਨੂੰ ਨਾਮ ਸਿਮਰਨ ਕਰਕੇ ਉੱਚੇ-ਸੁੱਚੇ ਗੁਣਾਂ ਦਾ ਧਾਰਨੀ ਹੋਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਨੇ ਮਨ ਦੀ ਸ਼ੁੱਧਤਾ ’ਤੇ ਜ਼ੋਰ ਦਿੱਤਾ। ਇਹ ਵਿਚਾਰ ਕਰਮਕਾਂਡ ਪ੍ਰਧਾਨ ਯੁੱਗ ਵਿਚ ਆਪ ਜੀ ਦੇ ਉੱਚੇ ਹੌਸਲੇ ਤੇ ਜੁਰੱਅਤ ਦੇ ਸੂਚਕ ਹਨ। ਆਪ ਜੀ ਦੀ ਪਰਵਰਿਸ਼ ਧਾਰਮਿਕ ਮਾਹੌਲ ਵਿਚ ਹੋ ਰਹੀ ਸੀ। ਪਿਤਾ ਵੱਲੋਂ ਕੀਤੇ ਜਾਂਦੇ ਧਰਮ-ਕਰਮਾਂ ਵਿਚ ਭਗਤ ਨਾਮਦੇਵ ਜੀ ਵੀ ਸ਼ਾਮਿਲ ਹੁੰਦੇ। ਧਾਰਮਿਕ ਕੰਮਾਂ ਵਿਚ ਜ਼ਿਆਦਾ ਰੁਚੀ ਵੇਖ ਕੇ ਉਨ੍ਹਾਂ ਦੇ ਪਿਤਾ ਫ਼ਿਕਰਮੰਦ ਰਹਿੰਦੇ ਸਨ ਕਿ ਕਿਧਰੇ ਨਾਮਦੇਵ ਜੀ ਘਰ ਤਿਆਗ ਕੇ ਸੰਨਿਆਸੀ ਨਾ ਬਣ ਜਾਣ। ਇਸੇ ਸੋਚ ਕਾਰਨ ਛੋਟੀ ਉਮਰੇ ਹੀ ਮਾਪਿਆਂ ਨੇ ਸੇਠ ਗੋਵਿੰਦ ਜੀ ਦੀ ਧੀ ਰਾਜਾ ਬਾਈ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ। ਸਮਾਂ ਪਾ ਕੇ ਭਗਤ ਨਾਮਦੇਵ ਜੀ ਤੇ ਰਾਜਾਬਾਈ ਦੇ ਘਰ ਚਾਰ ਪੁੱਤਰਾਂ ਤੇ ਇਕ ਧੀ ਦਾ ਜਨਮ ਹੋਇਆ। ਵਿਆਹ ਤੋਂ ਬਾਅਦ ਸੰਸਾਰਿਕ ਜ਼ਿੰਮੇਵਾਰੀਆਂ ਨਿਭਾਉਂਦਿਆਂ ਵੀ ਆਪ ਦੀ ਭਗਤੀ ਭਾਵਨਾ ਬਰਕਰਾਰ ਰਹੀ। ਆਪ ਆਪਣੇ ਪੁਰਖਿਆਂ ਵਾਂਗ ਕੱਪੜਾ ਰੰਗਣ ਤੇ ਸਿਉਣ ਦੀ ਕਿਰਤ ਕਰਨ ਲੱਗੇ। ਹੱਥਾਂ-ਪੈਰਾਂ ਨਾਲ ਕਿਰਤ ਕਰਦੇ ਤੇ ਮਨ ਸਦਾ ਪ੍ਰਭੂ-ਭਗਤੀ ਵਿਚ ਲੀਨ ਰਹਿੰਦਾ।

ਭਗਤ ਨਾਮਦੇਵ ਜੀ ਅਤੇ ਭਗਤ ਤ੍ਰਿਲੋਚਨ ਜੀ ਦੀ ਆਪਸ ਵਿਚ ਗੂੜ੍ਹੀ ਮਿੱਤਰਤਾ ਸੀ। ਭਗਤ ਤ੍ਰਿਲੋਚਨ ਜੀ ਹੈਰਾਨ ਸਨ ਕਿ ਨਾਮਦੇਵ ਜੀ ਭਗਤੀ ਦੇ ਨਾਲ-ਨਾਲ ਕਬੀਲਦਾਰੀ ਕਿਵੇਂ ਨਜਿੱਠਦੇ ਹਨ? ਭਗਤ ਤ੍ਰਿਲੋਚਨ ਜੀ ਇਕ ਵਾਰ ਨਰਸੀ ਬਾਮਨੀ ਪੁੱਜੇ। ਭਗਤ ਨਾਮਦੇਵ ਜੀ ਨੇ ਆਪਣੇੇ ਘਰ ਆਏ ਪ੍ਰਾਹੁਣੇ ਦੀ ਖ਼ੂਬ ਮਹਿਮਾਨ ਨਿਵਾਜ਼ੀ ਕੀਤੀ। ਕੰਮ-ਕਾਰ ਕਰਦਿਆਂ ਪ੍ਰਭੂ ਦੀ ਉਸਤਤ ਕਰਦਿਆਂ ਭਗਤੀ ਭਾਵਨਾ ਵਾਲੇ ਸ਼ਬਦ ਗਾਉਂਦੇ (ਕੀਰਤਨ ਕਰਦੇ)। ਇਹ ਸਭ ਕੁਝ ਵੇਖ ਕੇ ਭਗਤ ਤ੍ਰਿਲੋਚਨ ਜੀ ਨੇ ਆਪ ਨੂੰ ਪੁੱਛਿਆ, ‘‘ਸਾਰਾ ਦਿਨ ਤਾਂ ਤੁਸੀਂ ਸੰਸਾਰਕ ਧੰਦਾ ਕਰਦਿਆਂ ਬਤੀਤ ਕਰਦੇ ਹੋ, ਪ੍ਰਭੂ ਭਗਤੀ ਕਰਨ ਲਈ ਤਹਾਡੇ ਕੋਲ ਸਮਾਂ ਹੀ ਨਹੀਂ ਹੈ। ਤੁਸੀਂ ਭਗਤ ਘੱਟ ਅਤੇ ਕਬੀਲਦਾਰ ਜ਼ਿਆਦਾ ਵਿਖਾਈ ਦਿੰਦੇ ਹੋ। ਤੁਸੀਂ ਮਾਇਆ ਦੇ ਜਾਲ ਵਿਚ ਫਸੇ ਹੋਏ ਹੋ।’’ ਇਹ ਸੁਣ ਕੇ ਆਪ ਬੋਲੇ, ‘‘ਸੰਸਾਰਕ ਕਾਰ-ਵਿਹਾਰ ਕਰਦਿਆਂ ਪ੍ਰਭੂ-ਭਗਤੀ ਵਿਚ ਕੋਈ ਵਿਘਨ ਨਹੀਂ ਪੈਂਦਾ। ਗ੍ਰਹਿਸਤ ਜੀਵਨ ਗੁਜ਼ਾਰਦਿਆਂ ਸੱਚੀ ਸੁੱਚੀ ਕਿਰਤ ਕਰਨੀ ਹੀ ਅਸਲ ਭਗਤੀ ਹੈ। ਭਗਤੀ ਸਰੀਰ ਨਾਲ ਨਹੀਂ ਸਗੋਂ ਮਨ ਨਾਲ ਕੀਤੀ ਜਾਂਦੀ ਹੈ। ਹੱਥਾਂ-ਪੈਰਾਂ ਨਾਲ ਕੰਮ-ਕਾਜ ਕਰਦਾ ਹਾਂ, ਮੁੱਖ ਤੋਂ ਨਾਮ ਜਪਦਾ ਹਾਂ ਤੇ ਇਸ ਸਮੇਂ ਮੇਰੀ ਸੁਰਤ ਪਰਮਾਤਮਾ ਨਾਲ ਜੁੜੀ ਰਹਿੰਦੀ ਹੈ।’’

ਭਗਤ ਨਾਮਦੇਵ ਜੀ ਦੀਆਂ ਸਿੱਖਿਆਵਾਂ ਨੂੰ ਕਿਸੇ ਖ਼ਾਸ ਧਰਮ ਤੱਕ ਮਹਿਦੂਦ ਨਹੀਂ ਕੀਤਾ ਜਾ ਸਕਦਾ। ਇਹ ਸਿੱਖਿਆਵਾਂ ਸੰਸਾਰ ਭਰ ’ਚ ਸਦਾ-ਸਦਾ ਲਈ ਉਪਯੋਗੀ ਤੇ ਮਹੱਤਵਪੂਰਨ ਹਨ। ਨਾਮ ਸਿਮਰਨ ਅਤੇ ਪ੍ਰਭੂ ਭਗਤੀ ਨੇ ਨਾਮਦੇਵ ਜੀ ਨੂੰ ਭਗਤ ਦੀ ਪਦਵੀ ਤੀਕ ਪਹੁੰਚਾ ਦਿੱਤਾ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਭਗਤ ਨਾਮਦੇਵ ਜੀ ਰਚਿਤ 61 ਸ਼ਬਦਾਂ ਨੂੰ 18 ਰਾਗਾਂ ਵਿਚ ਦਰਜ ਕੀਤਾ। ਇਨ੍ਹਾਂ ਸ਼ਬਦਾਂ ਵਿਚ ਭਗਤ ਜੀ ਨੇ ਸਮੁੱਚੇ ਜੀਵਨ ਦਾ ਮਾਨਵਤਾਵਾਦੀ ਫਲਸਫ਼ਾ ਬਿਆਨ ਕੀਤਾ ਹੈ। ਸਮਾਜ ਵਿਚ ਆਪ ਜੀ ਦਾ ਸਤਿਕਾਰ ਦਿਨੋ-ਦਿਨ ਵਧ ਰਿਹਾ ਸੀ, ਪਰ ਈਰਖਾਲੂ ਲੋਕਾਂ ਨੂੰ ਇਹ ਬਰਦਾਸ਼ਤ ਨਹੀਂ ਸੀ ਹੋ ਰਿਹਾ। ਅਜਿਹੇ ਈਰਖਾਲੂ ਲੋਕਾਂ ਨੇ ਆਪ ਜੀ ਦਾ ਅਪਮਾਨ ਕਰਨ ਵਿਚ ਕੋਈ ਕਸਰ ਨਾ ਛੱਡੀ। ਇਸ ਦੇ ਬਾਵਜੂਦ ਭਗਤ ਨਾਮਦੇਵ ਜੀ ਧਰਮ ਦੇ ਨਾਮ ’ਤੇ ਫੈਲੇ ਕਰਮ-ਕਾਂਡਾਂ, ਆਡੰਬਰਾਂ, ਫੋਕੇ ਰੀਤੀ ਰਿਵਾਜਾਂ ਤੇ ਬਾਹਰੀ ਭੇਖਾਂ ਦਾ ਡਟ ਕੇ ਵਿਰੋਧ ਕਰਦੇ ਰਹੇ। ਉਨ੍ਹਾਂ ਨੇ ਸੱਚ ਦਾ ਗਿਆਨ ਮਨੁੱਖਤਾ ਨੂੰ ਪ੍ਰਦਾਨ ਕੀਤਾ ਅਤੇ ਊਚ-ਨੀਚ ਦੇ ਝਮੇਲੇ ਨੂੰ ਖ਼ਤਮ ਕਰਨ ਦੇ ਅਣਥੱਕ ਯਤਨ ਕੀਤੇ। ਪ੍ਰਭੂ ਭਗਤੀ ਵਿਚ ਲੀਨ ਭਗਤ ਜੀ 1350 ਈਸਵੀ ਵਿਚ ਗੁਰਪੁਰੀ ਪਿਆਨਾ ਕਰ ਗਏ। ਅਜੋਕੇ ਸਮੇਂ ਦੀ ਲੋੜ ਹੈ ਕਿ ਅਸੀਂ ਉਨ੍ਹਾਂ ਦੀ ਉੱਚੀ-ਸੁੱਚੀ ਵਿਚਾਰਧਾਰਾ ਨੂੰ ਅਪਣਾਉਣ ਦੇ ਯਤਨ ਕਰੀਏ।