ਐੱਲਜੀ ਹਾਊਸ ਮਾਰਚ – ਉਪ ਰਾਜਪਾਲ ਸਾਡੇ ਹੈੱਡਮਾਸਟਰ ਨਹੀਂ: ਕੇਜਰੀਵਾਲ

ਐੱਲਜੀ ਹਾਊਸ ਮਾਰਚ – ਉਪ ਰਾਜਪਾਲ ਸਾਡੇ ਹੈੱਡਮਾਸਟਰ ਨਹੀਂ: ਕੇਜਰੀਵਾਲ

ਸਰਕਾਰ ਦੇ ਕੰਮਕਾਜ ਵਿੱਚ ਦਖ਼ਲਅੰਦਾਜ਼ੀ ਦੇ ਰੋਸ ਵਜੋਂ ‘ਆਪ’ ਸੁਪਰੀਮੋ ਦੀ ਅਗਵਾਈ ਹੇਠ ਕੀਤਾ ਮਾਰਚ
ਨਵੀਂ ਦਿੱਲੀ – ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ ਦਿੱਲੀ ਸਰਕਾਰ ਦੇ ਕੰਮਕਾਜ ਵਿੱਚ ਕਥਿਤ ਖ਼ਲਅੰਦਾਜ਼ੀ ਕਰਨ ਦੇ ਵਿਰੋਧ ਵਿੱਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਐਲਜੀ ਹਾਊਸ ਵੱਲ ਮਾਰਚ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਾਲ ਹੀ ਵਿੱਚ ਦਿੱਲੀ ਸਰਕਾਰ ਵੱਲੋਂ ਸਕੂਲ ਅਧਿਆਪਕਾਂ ਨੂੰ ਫਿਨਲੈਂਡ ਭੇਜਣ ਦੇ ਪ੍ਰਸਤਾਵ ਨੂੰ ਸ੍ਰੀ ਸਕਸੈਨਾ ਵੱਲੋਂ ਰੱਦ ਕਰ ਦਿੱਤੇ ਜਾਣ ਮਗਰੋਂ ਇਹ ਤਕਰਾਰ ਸ਼ੁਰੂ ਹੋਈ ਹੈ। ਇਸ ਮਾਰਚ ਨੂੰ ਸੰਬੋਧਨ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਐੱਲਜੀ ਉਨ੍ਹਾਂ ਦਾ ਹੈੱਡਮਾਸਟਰ ਨਹੀਂ ਜੋ ਉਨ੍ਹਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਜਾਂਚ ਕਰੇ। ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਨੇ ‘ਐਲਜੀ ਸਾਹਿਬ ਅਧਿਆਪਕਾਂ ਨੂੰ ਫਿਨਲੈਂਡ ਜਾਣ ਦਿਓ’ ਦੀਆਂ ਤਖ਼ਤੀਆਂ ਫੜੀਆਂ ਹੋਈਆਂ ਸਨ। ਐਲਜੀ ’ਤੇ ਨਿਸ਼ਾਨਾ ਸਾਧਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੇ ਲੋਕ ਤਾਨਾਸ਼ਾਹੀ ਨਹੀਂ, ਸਗੋਂ ਸੰਵਿਧਾਨ ਤੇ ਲੋਕਤੰਤਰ ਚਾਹੁੰਦੇ ਹਨ ਤੇ ਲੋਕਾਂ ਦੇ ਹੱਕਾਂ ਲਈ ਸਾਡਾ ਸੰਘਰਸ਼ ਜਾਰੀ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਾਲਾਂਕਿ ਸੁਪਰੀਮ ਕੋਰਟ ਨੇ ਸਪੱਸ਼ਟ ਤੌਰ ’ਤੇ ਕਿਹਾ ਹੈ ਕਿ ਐਲਜੀ ਕੋਲ ਟਰਾਂਸਫਰ ਕੀਤੇ ਗਏ ਵਿਸ਼ਿਆਂ ਦੇ ਮਾਮਲਿਆਂ ਵਿੱਚ ਫ਼ੈਸਲੇ ਲੈਣ ਦੀ ਸ਼ਕਤੀ ਨਹੀਂ ਹੈ, ਇਸ ਦੇ ਬਾਵਜੂਦ ਸ੍ਰੀ ਸਕਸੈਨਾ ਆਪਣੀ ਗੱਲ ’ਤੇ ਅੜੇ ਹੋੲੇ ਹਨ। ਉਨ੍ਹਾਂ ਦੱਸਿਆ ਕਿ ਉਪ ਰਾਜਪਾਲ ਨੇ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਿਖਲਾਈ ਲਈ ਫਿਨਲੈਂਡ ਭੇਜਣ ਵਾਲੀ ਫਾਈਲ ਇਹ ਕਹਿ ਕੇ ਵਾਪਸ ਕਰ ਦਿੱਤੀ ਹੈ ਕਿ ਇਸ ਸਬੰਧੀ ਲਾਭ ਵਿਸ਼ਲੇਸ਼ਣ ਕਰਵਾਇਆ ਜਾਵੇ ਤੇ ਅਧਿਆਪਕਾਂ ਦੀ ਸਿਖਲਾਈ ਦੇਸ਼ ਵਿੱਚ ਰਹਿ ਕੇ ਕਰਵਾਈ ਜਾਵੇ। ਸ੍ਰੀ ਕੇਜਰੀਵਾਲ ਨੇ ਦੋਸ਼ ਲਾਇਆ ਕਿ ਐਲਜੀ ਤੇ ਭਾਜਪਾ ਦਿੱਲੀ ਦੇ ਬੱਚਿਆਂ ਦੀ ਸਿੱਖਿਆ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੁਖਦਾਈ ਹੈ ਕਿ ਇਸ ਮੁੱਦੇ ਲਈ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਸਾਰੇ ਵਿਧਾਇਕਾਂ ਨੂੰ ਐਲਜੀ ਹਾਊਸ ਵੱਲ ਮਾਰਚ ਕਰਨ ਲਈ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਐਲਜੀ ਨੂੰ ਸੰਵਿਧਾਨ ਦਾ ਸਨਮਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮ ਸਿਰਫ਼ ਇੱਕ ਰਾਏ ਨਹੀਂ ਹਨ ਇਹ ਆਦੇਸ਼ ਹਨ ਤੇ ਸਾਰਿਆਂ ਨੂੰ ਉਨ੍ਹਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਸਿਖਲਾਈ ਪ੍ਰੋਗਰਾਮ ਦਾ ਪ੍ਰਸਤਾਵ ਰੱਦ ਨਹੀਂ ਕੀਤਾ: ਸਕਸੈਨਾ

‘ਆਪ’ ਦੇ ਕੌਮੀ ਕਨਵੀਨਰ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਗ਼ਲਤ ਦੱਸਦਿਆਂ ਵਿਨੇ ਕੁਮਾਰ ਸਕਸੈਨਾ ਨੇ ਕਿਹਾ ਕਿ ਐਲਜੀ ਨੇ ਫਿਨਲੈਂਡ ਵਿੱਚ ਪ੍ਰਾਇਮਰੀ ਇੰਚਾਰਜਾਂ ਲਈ ਸਿਖਲਾਈ ਪ੍ਰੋਗਰਾਮ ਦੇ ਪ੍ਰਸਤਾਵ ਨੂੰ ਰੱਦ ਨਹੀਂ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗ਼ਲਤ ਢੰਗ ਨਾਲ ਪੇਸ਼ ਕਰਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਦਿੱਲੀ ਸਰਕਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਮੁੱਚੇ ਤੌਰ ’ਤੇ ਪ੍ਰਸਤਾਵ ਦਾ ਮੁਲਾਂਕਣ ਕਰੇ ਤੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਦੀ ਗੁਣਵੱਤਾ ’ਤੇ ਪ੍ਰਭਾਵ ਦੇ ਸੰਦਰਭ ਵਿੱਚ ਲਾਗਤ-ਲਾਭ ਵਿਸ਼ਲੇਸ਼ਣ ਨੂੰ ਰਿਕਾਰਡ ਕਰੇ ਤਾਂ ਜੋ ਪਿਛਲੇ ਸਮੇਂ ਵਿੱਚ ਕੀਤੇ ਗਏ ਅਧਿਆਪਕਾਂ ਲਈ ਵੱਖ-ਵੱਖ ਵਿਦੇਸ਼ੀ ਸਿਖਲਾਈ ਪ੍ਰੋਗਰਾਮਾਂ ਦੇ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਸਕੇ।