ਯੂਕਰੇਨੀ ਇਮਾਰਤ ’ਤੇ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 40 ਹੋਈ

ਯੂਕਰੇਨੀ ਇਮਾਰਤ ’ਤੇ ਹਮਲੇ ’ਚ ਮਰਨ ਵਾਲਿਆਂ ਦੀ ਗਿਣਤੀ 40 ਹੋਈ

ਰੂਸੀ ਫੌਜ ਨੇ ਨਿਪਰੋ ਦੀ ਬਹੁਮੰਜ਼ਿਲਾ ਰਿਹਾਇਸ਼ੀ ਇਮਾਰਤ ਨੂੰ ਬਣਾਇਆ ਸੀ ਨਿਸ਼ਾਨਾ
ਕੀਵ- ਯੂਕਰੇਨ ਦੇ ਦੱਖਣੀ-ਪੂਰਬੀ ਸ਼ਹਿਰ ਨਿਪਰੋ ਦੀ ਇੱਕ ਰਿਹਾਇਸ਼ੀ ਇਮਾਰਤ ’ਤੇ ਰੂਸ ਵੱਲੋਂ ਕੀਤੇ ਗਏ ਮਿਜ਼ਾਈਲ ਹਮਲੇ ’ਚ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵਧ ਕੇ 40 ਹੋ ਗਈ ਹੈ। ਪੱਛਮੀ ਮੁਲਕਾਂ ਦੇ ਮਾਹਿਰਾਂ ਨੇ ਸੰਕੇਤ ਦਿੱਤੇ ਸਨ ਕਿ ਕਰੈਮਲਿਨ ਤਕਰੀਬਨ 11 ਮਹੀਨੇ ਬਾਅਦ ਵੀ ਜੰਗ ਨੂੰ ਹੋਰ ਖਿੱਚਣ ਦੀ ਤਿਆਰੀ ਕਰ ਰਿਹਾ ਹੈ। ਇਹ ਜਾਣਕਾਰੀ ਅੱਜ ਇੱਕ ਅਧਿਕਾਰੀ ਨੇ ਦਿੱਤੀ।

ਪੁਲੀਸ ਨੇ ਦੱਸਿਆ ਕਿ ਇਸ ਬਹੁ-ਮੰਜ਼ਿਲਾ ਰਿਹਾਇਸ਼ੀ ਟਾਵਰ ’ਤੇ ਬੀਤੇ ਦਿਨ ਹੋਏ ਮਿਜ਼ਾਈਲ ਹਮਲੇ ’ਚ ਮਾਰੇ ਗਏ ਲੋਕਾਂ ’ਚ ਦੋ ਬੱਚੇ ਵੀ ਸ਼ਾਮਲ ਸਨ ਜਦਕਿ 15 ਬੱਚਿਆਂ ਸਮੇਤ 75 ਵਿਅਕਤੀ ਜ਼ਖ਼ਮੀ ਹੋਏ ਸਨ। ਪੁਲੀਸ ਨੇ ਦੱਸਿਆ ਕਿ ਬਚਾਅ ਮੁਹਿੰਮ ਜਾਰੀ ਹੈ ਅਤੇ ਅਜੇ ਤੱਕ ਛੇ ਬੱਚਿਆਂ ਸਮੇਤ 39 ਵਿਅਕਤੀਆਂ ਨੂੰ ਮਲਬੇ ’ਚੋਂ ਕੱਢਿਆ ਗਿਆ ਹੈ। ਇਸ ਇਮਾਰਤ ’ਚ 1700 ਦੇ ਕਰੀਬ ਲੋਕ ਰਹਿੰਦੇ ਸਨ ਤੇ ਇੱਥੇ ਕੋਈ ਫੌਜੀ ਸਹੂਲਤ ਵੀ ਨਹੀਂ ਸੀ। ਮੀਡੀਆ ਰਿਪੋਰਟਾਂ ਅਨੁਸਾਰ ਬੀਤੇ ਸਾਲ ਗਰਮੀਆਂ ਤੋਂ ਬਾਅਦ ਇਹ ਦੂਜਾ ਵੱਡਾ ਹਮਲਾ ਹੈ ਜਿਸ ’ਚ ਇੰਨੀ ਵੱਡੀ ਗਿਣਤੀ ’ਚ ਆਮ ਲੋਕਾਂ ਦੀ ਜਾਨ ਗਈ ਹੋਵੇ। ਯੂਰੋਪੀ ਯੂਨੀਅਨ ਦੇ ਵਿਦੇਸ਼ ਨੀਤੀ ਦੇ ਮੁਖੀ ਜੌਸੇਪ ਬੌਰੈੱਲ ਨੇ ਆਮ ਲੋਕਾਂ ਨੂੰ ਸਿੱਧੇ ਤੌਰ ’ਤੇ ਨਿਸ਼ਾਨਾ ਬਣਾਉਣ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਅਣਮਨੁੱਖੀ ਹਮਲੇ ਕਰਾਰ ਦਿੱਤਾ। ਉਨ੍ਹਾਂ ਬੀਤੇ ਦਿਨ ਟਵੀਟ ਕੀਤਾ ਸੀ, ‘ਅਜਿਹੇ ਅਪਰਾਧ ਲਈ ਕੋਈ ਮੁਆਫ਼ੀ ਨਹੀਂ ਹੋਵੇਗੀ।’ ਉੱਧਰ ਅੱਜ ਦੇ ਹਮਲੇ ਬਾਰੇ ਕਰੈਮਲਿਨ ਦੇ ਤਰਜਮਾਨ ਦਮਿੱਤਰੀ ਪੈਸਕੋਵ ਨੇ ਕਿਹਾ ਕਿ ਰੂਸੀ ਫੌਜ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਨਹੀਂ ਬਣਾਉਂਦੀ। ਉਨ੍ਹਾਂ ਕਿਹਾ ਕਿ ਯੂਕਰੇਨ ਦੀ ਹਵਾਈ ਫੌਜ ਦੀ ਕਾਰਵਾਈ ਕਾਰਨ ਨਿਪਰੋ ਦੀ ਇਮਾਰਤ ਨੂੰ ਨਿਸ਼ਾਨਾ ਬਣਾਇਆ ਗਿਆ।