ਲਤੀਫ਼ਪੁਰਾ ਉਜਾੜਾ: ਲੋਕਾਂ ਨੇ ਰੇਲ ਤੇ ਸੜਕੀ ਆਵਾਜਾਈ ਰੋਕੀ

ਲਤੀਫ਼ਪੁਰਾ ਉਜਾੜਾ: ਲੋਕਾਂ ਨੇ ਰੇਲ ਤੇ ਸੜਕੀ ਆਵਾਜਾਈ ਰੋਕੀ

ਪੀੜਤਾਂ ਨੂੰ ਉਜਾੜੇ ਵਾਲੀ ਥਾਂ ਮੁੜ ਵਸਾਉਣ ਅਤੇ ਢੁਕਵੇਂ ਮੁਆਵਜ਼ੇ ਦੀ ਮੰਗ
ਆਦਮਪੁਰ ਦੋਆਬਾ (ਜਲੰਧਰ)- ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਦੀ ਅਗਵਾਈ ਹੇਠ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਲੋਕਾਂ ਨੇ ਇੱਥੇ ਧੰਨੋ ਵਾਲੀ ਨੇੜੇ ਚਾਰ ਘੰਟੇ ਲਈ ਸੜਕਾਂ ਅਤੇ ਰੇਲ ਮਾਰਗ ਜਾਮ ਕੀਤੇ ਗਏ। ਇਹ ਜਾਮ ਸਵੇਰੇ 11.30 ਤੋਂ ਸ਼ਾਮ 3.30 ਵਜੇ ਲਾਇਆ ਗਿਆ। ਇਸ ਦੌਰਾਨ ਵਿਆਹ ਵਾਲੀਆਂ ਗੱਡੀਆਂ ਅਤੇ ਐਂਬੂਲੈਂਸ ਨੂੰ ਲੰਘਾਉਣ ਸਣੇ ਹੋਰ ਜ਼ਰੂਰੀ ਸੇਵਾਵਾਂ ਨੂੰ ਵੀ ਰਾਹਤ ਦਿੱਤੀ ਗਈ। ਇਸ ਮੌਕੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਡਾ. ਗੁਰਦੀਪ ਸਿੰਘ ਭੰਡਾਲ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਅਵਤਾਰ ਸਿੰਘ ਰਸੂਲਪੁਰ, ਕਸ਼ਮੀਰ ਸਿੰਘ ਘੁੱਗਸ਼ੋਰ ਆਦਿ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਸੜਕ ਅਤੇ ਰੇਲਵੇ ਮਾਰਗ ’ਤੇ ਜਾਮ ਲਤੀਫ਼ਪੁਰਾ ਦੇ ਮਸਲੇ ’ਤੇ ਚੁੱਪ ਵੱਟੀ ਬੈਠੀ ਸਰਕਾਰ ਨੂੰ ਹਲੂਨਣ ਲਈ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਦਾ ਮੁੜ ਵਸੇਬਾ ਉਸੇ ਜਗ੍ਹਾ ਉੱਪਰ ਹੀ ਕੀਤਾ ਜਾਵੇ, ਉਨ੍ਹਾਂ ਦੇ ਹੋਏ ਨੁਕਸਾਨ ਦਾ ਢੁਕਵਾਂ ਮੁਆਵਜ਼ਾ ਦੇਣ ਸਣੇ ਗਾਲੀ-ਗਲੋਚ ਕਰਨ ਵਾਲੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਸਿੰਘ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੱਕ ਮੋਰਚਾ ਜਾਰੀ ਰਹੇਗਾ।

ਉਨ੍ਹਾਂ ਕਿਹਾ ਕਿ ਬਦਲਾਅ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਸਰਕਾਰ ਵੱਲੋਂ ਲਤੀਫ਼ਪੁਰਾ ਤੇ ਜ਼ੀਰਾ ਸਣੇ ਹੋਰ ਮੋਰਚਿਆਂ ਬਾਰੇ ਧਾਰੀ ਚੁੱਪ ਸਾਬਿਤ ਕਰਦੀ ਹੈ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਅਤੇ ਭੂ-ਮਾਫ਼ੀਆ ਦੇ ਥੱਲੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਭਰਮ-ਭੁਲੇਖਿਆਂ ’ਚੋਂ ਬਾਹਰ ਆ ਜਾਵੇ ਕਿਉਂਕਿ ਗੁਰੂਆਂ, ਅਕਾਲੀ-ਕੂਕਿਆਂ, ਗ਼ਦਰੀ ਬਾਬਿਆਂ ਤੇ ਭਗਤ-ਸਰਾਭਿਆਂ ਦੇ ਵਾਰਸ ਥੱਕਣ ਵਾਲੇ ਨਹੀਂ ਹਨ। ਮੋਰਚੇ ਦੇ ਆਗੂਆਂ ਵੱਲੋਂ ਐਲਾਨ ਕੀਤਾ ਗਿਆ ਕਿ ਮੰਗਾਂ ਦੇ ਨਿਪਟਾਰੇ ਲਈ ਦਿਨ ਰਾਤ ਦਾ ਮੋਰਚਾ ਜਾਰੀ ਰੱਖਦਿਆਂ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਜਪਾਲ ਦੀ ਆਮਦ ’ਤੇ ਪ੍ਰਦਰਸ਼ਨ ਕੀਤਾ ਜਾਵੇਗਾ।

ਸੜਕੀ ਆਵਾਜਾਈ ਤੇ ਰੇਲਾਂ ਨੂੰ ਬਦਲਵੇਂ ਰਸਤਿਆਂ ਤੋਂ ਭੇਜਿਆ

ਲਤੀਫ਼ਪੁਰਾ ਮੁੜ ਵਸੇਬਾ ਮੋਰਚਾ ਵੱਲੋਂ ਲਗਾਏ ਜਾਮ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਸ਼ਾਸਨ ਵੱਲੋਂ ਪਹਿਲਾਂ ਆਵਾਜਾਈ ਦਾ ਬਦਲਵਾਂ ਰਸਤਾ ਨਾ ਦਰਸਾਉਣ ਕਾਰਨ ਲੋਕ ਰਾਹਾਂ ’ਚ ਭਟਕਦੇ ਰਹੇ। ਬਾਅਦ ਵਿਚ ਪੁਲੀਸ ਪ੍ਰਸ਼ਾਸਨ ਹਰਕਤ ਵਿਚ ਆਇਆ ਤੇ ਵਾਹਨਾਂ ਨੂੰ ਦੂਜੇ ਰਸਤਿਆਂ ਰਾਹੀਂ ਭੇਜਿਆ। ਇਸੇ ਤਰ੍ਹਾਂ ਸ਼ਤਾਬਦੀ ਸਣੇ ਕਈ ਰੇਲ ਗੱਡੀਆਂ ਦੇ ਰਸਤੇ ਵਿੱਚ ਬਦਲਾਅ ਕੀਤਾ ਗਿਆ। ਰੇਲ ਗੱਡੀ ਨੰਬਰ-12029 ਸਵਰਨ ਸ਼ਤਾਬਦੀ ਨੂੰ ਫਿਲੌਰ ਤੋਂ ਨਕੋਦਰ ਰਾਹੀਂ ਜਲੰਧਰ, 12707 ਕਟਿਆਰ-ਅੰਮ੍ਰਿਤਸਰ ਅਮਰਾਪਾਲੀ ਐਕਸਪ੍ਰੈੱਸ ਨੂੰ ਨਕੋਦਰ ਰਾਹੀਂ ਜਲੰਧਰ, ਛੱਤਰਪਤੀ ਸ਼ਿਵਾਜੀ ਅੰਮ੍ਰਿਤਸਰ ਐਕਸਪ੍ਰੈੱਸ ਨੂੰ ਜਲੰਧਰ ਤੋਂ ਲੋਹੀਆਂ ਰਾਹੀਂ ਫਿਲੌਰ, ਮਾਲਵਾ ਨੂੰ ਫਿਲੌਰ ਤੋਂ ਨਕੋਦਰ ਰਾਹੀਂ ਜਲੰਧਰ ਭੇਜਿਆ ਗਿਆ। ਨਕੋਦਰ ਸੈਕਸ਼ਨ ’ਤੇ ਚੱਲਣ ਵਾਲੀ ਰੇਲਾਂ ਨੂੰ ਰੱਦ ਕਰ ਦਿੱਤਾ ਗਿਆ।