ਮੁੱਖ ਮੰਤਰੀ ਕਰਨਗੇ ‘ਕਿਸਾਨ ਮਿਲਣੀ’ ਪ੍ਰੋਗਰਾਮ

ਮੁੱਖ ਮੰਤਰੀ ਕਰਨਗੇ ‘ਕਿਸਾਨ ਮਿਲਣੀ’ ਪ੍ਰੋਗਰਾਮ

ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਉਣ ਲਈ ਪਹਿਲ, 12 ਫਰਵਰੀ ਨੂੰ ਲੁਧਿਆਣਾ ਤੋਂ ਹੋਵੇਗੀ ਸ਼ੁਰੂਆਤ
ਚੰਡੀਗੜ੍ਹ- ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਲਦ ਹੀ ‘ਕਿਸਾਨ ਮਿਲਣੀ’ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਤਾਂ ਜੋ ਆਮ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਇਆ ਜਾ ਸਕੇ। ਕਿਸਾਨਾਂ ਦੀਆਂ ਫ਼ਸਲੀ ਮੁਸ਼ਕਲਾਂ ਨੂੰ ਜਾਣਨ ਤੇ ਉਨ੍ਹਾਂ ਦੇ ਨਿਪਟਾਰੇ ਲਈ ਇਹ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ 12 ਫਰਵਰੀ ਨੂੰ ਲੁਧਿਆਣਾ ਤੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਪੰਜਾਬ ਖੇਤੀ ’ਵਰਸਿਟੀ ਦੇ ਕੈਂਪਸ ਵਿਚ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿੱਥੇ ਮੁੱਖ ਮੰਤਰੀ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਗੇ।

ਵੇਰਵਿਆਂ ਅਨੁਸਾਰ ਹਰ ਜ਼ਿਲ੍ਹੇ ’ਚੋਂ ਕਰੀਬ 200 ਕਿਸਾਨਾਂ ਨੂੰ ਸੱਦਾ ਦਿੱਤਾ ਜਾਵੇਗਾ ਅਤੇ ਕਿਸਾਨਾਂ ਨੂੰ ਪੰਡਾਲ ਵਿਚ ਅਲੱਗ ਅਲੱਗ ਹਿੱਸਿਆਂ ਵਿਚ ਵੰਡ ਕੇ ਬਿਠਾਇਆ ਜਾਣਾ ਹੈ ਅਤੇ ਉਨ੍ਹਾਂ ਦੇ ਨਾਲ ਪੰਡਾਲ ਵਿਚ ਖੇਤੀ ਮਾਹਿਰ ਵੀ ਬੈਠਣਗੇ। ਵੱਖੋ ਵੱਖਰੀਆਂ ਜਿਣਸਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੱਖੋ ਵੱਖਰੇ ਤੌਰ ’ਤੇ ਗਰੁੱਪਾਂ ਵਿਚ ਬਿਠਾਇਆ ਜਾਵੇਗਾ। ਸਬਜ਼ੀਆਂ ਅਤੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਸਮੇਤ ਕਰੀਬ 15 ਤੋਂ 20 ਗਰੁੱਪ ਬਣਾਏ ਜਾਣਗੇ। ਮਿਸਾਲ ਵਜੋਂ ਨਰਮੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਵੱਖਰਾ ਗਰੁੱਪ ਬਣਾਇਆ ਜਾਵੇਗਾ, ਜਿੱਥੇ ਉਨ੍ਹਾਂ ਦੇ ਨਾਲ ਖੇਤੀ ਮਾਹਿਰ ਅਤੇ ਖੇਤੀ ਅਫ਼ਸਰ ਬੈਠਣਗੇ। ਮੁੱਖ ਮੰਤਰੀ ਨੇ ਪਿਛਲੇ ਦਿਨਾਂ ਵਿਚ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਕਿਸਾਨ ਮਿਲਣੀ ਪ੍ਰੋਗਰਾਮ ਦੀ ਸ਼ੁਰੂਆਤ ਦਾ ਨੁਕਤਾ ਸਾਂਝਾ ਕੀਤਾ ਸੀ। ਕਿਸਾਨਾਂ ਦੀ ਹਰ ਤਰ੍ਹਾਂ ਦੀ ਮੁਸ਼ਕਲ ਦਾ ਫ਼ੌਰੀ ਹੱਲ ਕਰਨ ਵਾਸਤੇ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਵੱਖ ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਵੀ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕਰਨਗੇ।

ਖੇਤੀ ਮਹਿਕਮੇ ਵੱਲੋਂ ਇਸ ਦੀ ਤਿਆਰੀ ਲਈ 20 ਜਨਵਰੀ ਨੂੰ ਮੀਟਿੰਗ ਵੀ ਰੱਖੀ ਗਈ ਹੈ ਅਤੇ ਇਸ ਪ੍ਰੋਗਰਾਮ ਵਾਸਤੇ ਇੱਕ ਕਮੇਟੀ ਵੀ ਬਣਾਈ ਗਈ ਹੈ ਜਿਸ ਦਾ ਬਕਾਇਦਾ ਐਲਾਨ ਵੀ ਕੀਤਾ ਜਾਵੇਗਾ। ਪਹਿਲੀ ਕਿਸਾਨ ਮਿਲਣੀ ਪ੍ਰੋਗਰਾਮ ਵਿਚ ਕਿਸਾਨਾਂ ਨਾਲ ਤੁਅੱਲਕ ਰੱਖਦੇ ਸਾਰੇ ਵਿਭਾਗਾਂ ਦੇ ਉੱਚ ਅਫ਼ਸਰ ਸ਼ਾਮਲ ਹੋਣਗੇ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਹਰ ਹਾੜ੍ਹੀ ਸਾਉਣੀ ਦੀ ਫ਼ਸਲ ਦੀ ਬਿਜਾਂਦ ਤੋਂ ਪਹਿਲਾਂ ‘ਕਿਸਾਨ ਮਿਲਣੀ’ ਪ੍ਰੋਗਰਾਮ ਦਾ ਆਯੋਜਨ ਕਰਿਆ ਕਰੇਗੀ ਤਾਂ ਜੋ ਕਿਸਾਨਾਂ ਤੋਂ ਅਗਾਊਂ ਫ਼ਸਲ ਲਈ ਬਿਜਲੀ ਪਾਣੀ ਦੀ ਲੋੜ ਅਤੇ ਬੀਜਾਂ ਆਦਿ ਦੀ ਮੰਗ ਬਾਰੇ ਫੀਡਬੈਕ ਲਈ ਜਾ ਸਕੇ।

ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕਿਸਾਨਾਂ ਦੀ ਫੀਡਬੈਕ ਦੇ ਅਧਾਰ ’ਤੇ ਸਰਕਾਰ ਲੋੜੀਂਦੇ ਪ੍ਰਬੰਧ ਕਰੇਗੀ। ਅਗਲੀ ਫ਼ਸਲ ਲਈ ਕਿਸਾਨਾਂ ਨੂੰ ਕਿੰਨੇ ਘੰਟੇ ਅਤੇ ਕਿਸ ਵਕਤ ਬਿਜਲੀ ਦੀ ਜ਼ਰੂਰਤ ਹੈ, ਇਹ ਅਗਾਊਂ ਹੀ ਜਾਣਿਆ ਜਾਵੇਗਾ। ਫ਼ਸਲਾਂ ਦੀ ਮਾਰਕੀਟਿੰਗ ਦੀ ਮੁਸ਼ਕਲ ਬਾਰੇ ਵੀ ਜਾਣਿਆ ਜਾਵੇਗਾ। ਪੰਜਾਬ ਸਰਕਾਰ ਇਸ ਮਿਸ਼ਨ ਜ਼ਰੀਏ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਦੇ ਰਾਹ ਤੋਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਨਵੀਂ ਖੇਤੀ ਨੀਤੀ ਵੀ ਤਿਆਰ ਕੀਤੀ ਜਾ ਰਹੀ ਹੈ ਜਿਸ ਨੂੰ 31 ਮਾਰਚ ਤੱਕ ਮੁਕੰਮਲ ਕੀਤਾ ਜਾਣਾ ਹੈ। ਖੇਤੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਨਵੀਂ ਖੇਤੀ ਨੀਤੀ ਦੀ ਤਿਆਰੀ ਚੱਲ ਰਹੀ ਹੈ ਅਤੇ ਨਵੇਂ ਵਿੱਤੀ ਵਰ੍ਹੇ ਤੋਂ ਪਹਿਲਾਂ ਨਵੀਂ ਖੇਤੀ ਨੀਤੀ ਐਲਾਨ ਦਿੱਤੀ ਜਾਵੇਗੀ।