ਭਗਵੰਤ ਮਾਨ ਕਿਸੇ ਹੋਰ ਦੇ ਦਬਾਅ ਹੇਠ ਆ ਕੇ ਕੰਮ ਨਾ ਕਰਨ: ਰਾਹੁਲ

ਭਗਵੰਤ ਮਾਨ ਕਿਸੇ ਹੋਰ ਦੇ ਦਬਾਅ ਹੇਠ ਆ ਕੇ ਕੰਮ ਨਾ ਕਰਨ: ਰਾਹੁਲ

ਆਜ਼ਾਦ ਢੰਗ ਨਾਲ ਸਰਕਾਰ ਚਲਾਉਣ ਦੀ ਦਿੱਤੀ ਸਲਾਹ; ਭਾਰਤ ਜੋੜੋ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ
ਹੁਸ਼ਿਆਰਪੁਰ/ਆਦਮਪੁਰ-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਨੂੰ ਕਿਸੇ ਦੇ ਰਿਮੋਟ ਕੰਟਰੋਲ ਹੇਠ ਨਹੀਂ ਰਹਿਣਾ ਚਾਹੀਦਾ ਅਤੇ ਉਨ੍ਹਾਂ ਆਜ਼ਾਦ ਢੰਗ ਨਾਲ ਸਰਕਾਰ ਚਲਾਉਣੀ ਚਾਹੀਦੀ ਹੈ।

ਰਾਹੁਲ ਗਾਂਧੀ ਨੇ ਆਪਣੀ ਭਾਰਤ ਜੋੜੋ ਯਾਤਰਾ ਦੌਰਾਨ ਇੱਥੇ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਪੰਜਾਬ ਤੋਂ ਚਲਾਇਆ ਜਾਣਾ ਚਾਹੀਦਾ ਹੈ। ਇਸ ਨੂੰ ਦਿੱਲੀ ਤੋਂ ਨਹੀਂ ਚਲਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ, ‘ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ। ਪੰਜਾਬ ਨੂੰ ਪੰਜਾਬ ਤੋਂ ਹੀ ਚਲਾਇਆ ਜਾਣਾ ਚਾਹੀਦਾ ਹੈ। ਭਗਵੰਤ ਮਾਨ ਨੂੰ ਕੇਜਰੀਵਾਲ ਜੀ ਅਤੇ ਦਿੱਲੀ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਤੁਹਾਨੂੰ ਆਜ਼ਾਦ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਅਤੇ ਕਿਸੇ ਦੇ ਰਿਮੋਟ ਕੰਟਰੋਲ ਹੇਠ ਨਹੀਂ ਆਉਣਾ ਚਾਹੀਦਾ।’ ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੂੰ ਵਿਰੋਧੀ ਧਿਰਾਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਨ੍ਹਾਂ ਵੱਲੋਂ ਦੋਸ਼ ਲਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਦੇ ਸਾਰੇ ਵੱਡੇ ਫ਼ੈਸਲੇ ਦਿੱਲੀ ’ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਲਏ ਜਾ ਰਹੇ ਹਨ।
ਗਾਂਧੀ ਨੇ ਕਿਹਾ ਕਿ ਯਾਤਰਾ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਦੇਸ਼ ’ਚ ਨਫਰਤ ਤੇ ਡਰ ਫੈਲਾਇਆ ਜਾ ਰਿਹਾ ਹੈ ਅਤੇ ਭਰਾ ਨੂੰ ਭਰਾ ਖ਼ਿਲਾਫ਼ ਖੜ੍ਹਾ ਕੀਤਾ ਜਾ ਰਿਹਾ ਹੈ। ਗਾਂਧੀ ਨੇ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਮੁੱਦੇ ’ਤੇ ਵੀ ਭਾਜਪਾ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਦੁਹਰਾਇਆ ਕਿ ਉਨ੍ਹਾਂ ਦੀ ਯਾਤਰਾ ਨਫਰਤ ਦੇ ਬਾਜ਼ਾਰ ’ਚ ਪਿਆਰ ਦੀਆਂ ਦੁਕਾਨਾਂ ਖੋਲ੍ਹ ਰਹੀ ਹੈ। ਇਸ ਤੋਂ ਪਹਿਲਾਂ ਭਾਰਤ ਜੋੜੋ ਯਾਤਰਾ ਅੱਜ ਸਵੇਰੇ ਆਦਮਪੁਰ ਹਲਕੇ ਤੋਂ ਮੁੜ ਸ਼ੁਰੂ ਹੋਈ ਅਤੇ ਕੜਾਕੇ ਦੀ ਠੰਢ ਦੇ ਬਾਵਜੂਦ ਸੈਂਕੜੇ ਲੋਕਾਂ ਨੇ ਰਾਹੁਲ ਗਾਂਧੀ ਨਾਲ ਯਾਤਰਾ ’ਚ ਸ਼ਮੂਲੀਅਤ ਕੀਤੀ। ਕਾਲਾ ਬਕਰਾ ਇਲਾਕੇ ਤੋਂ ਸ਼ੁਰੂ ਹੋਈ ਪੈਦਲ ਯਾਤਰਾ ’ਚ ਕਾਂਗਰਸ ਦੀ ਪੰਜਾਬ ਇਕਾਈ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਪਾਰਟੀ ਦੇ ਕਈ ਆਗੂਆਂ ਨੂੰ ਰਾਹੁਲ ਦੇ ਨਾਲ ਚੱਲਦੇ ਦੇਖਿਆ ਗਿਆ। ਇਹ ਯਾਤਰਾ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਉੜਮੁੜ ਟਾਂਡਾ ’ਚ ਅਰਾਮ ਕਰੇਗੀ।