ਗੁਰਦੁਆਰਾ ਸਿੰਘ ਸਭਾ ਨੇ ਨਗਰ ਕੀਰਤਨ ਸਜਾਇਆ

ਗੁਰਦੁਆਰਾ ਸਿੰਘ ਸਭਾ ਨੇ ਨਗਰ ਕੀਰਤਨ ਸਜਾਇਆ

ਨਵੀਂ ਦਿੱਲੀ- ਪੱਛਮੀ ਦਿੱਲੀ ਦੇ ਕ੍ਰਿਸ਼ਨਾਪਾਰਕ ਇਲਾਕੇ ਦੀ ਸਭ ਤੋਂ ਵੱਡੀ ਸਿੰਘ ਸਭਾ ਮੰਨੀ ਜਾਂਦੀ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਇਹ ਨਗਰ ਕੀਰਤਨ ਦੇਰ ਰਾਤ ਨੂੰ ਵੱਖ-ਵੱਖ ਇਲਾਕਿਆਂ ਵਿਚੋਂ ਹੁੰਦਾ ਹੋਇਆ ਸਮਾਪਤ ਹੋਇਆ। ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰੇ ਕਰ ਰਹੇ ਸਨ ਜਿਨ੍ਹਾਂ ਦੇ ਪਿੱਛੇ ਸੁੰਦਰ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਨਗਰ ਕੀਰਤਨ ਵਿਚ ਗੁਰੂ ਕੀਆਂ ਲਾਡਲੀਆਂ ਫੌਜਾਂ ਦਾ ਜੱਥਾ, ਗਤਕਾ ਪਾਰਟੀਆਂ, ਫੌਜੀ ਬੈਂਡ ਤੇ ਹੋਰ ਵੱਖ-ਵੱਖ ਜਥਿਆਂ ਦੀਆਂ ਟੀਮਾਂ ਸ਼ਾਮਲ ਸਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਇਸ ਮੌਕੇ ਪੰਜ ਪਿਆਰਿਆਂ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਤੇ ਗੁਰੂ ਸਾਹਿਬ ਅੱਗੇ ਨਤਮਸਤਕ ਹੋ ਕੇ ਆਸ਼ੀਰਵਾਦ ਲਿਆ।

ਸ੍ਰੀ ਕਾਹਲੋਂ ਨੇ ਦੱਸਿਆ ਕਿ ਨਗਰ ਕੀਰਤਨ ਦੇ ਸ਼ੁਰੂ ਵਿਚ ਇਕ ਝਾਕੀ ਸੁਸ਼ੋਭਿਤ ਸੀ ਜਿਸ ਵਿਚ ਸਿੱਖੀ ਦੇ ਪੰਜ ਕੱਕਾਰਾਂ ਦੇ ਨਾਲ ਖੰਡੇ ਬਾਟੇ ਦੇ ਪਾਹੁਲ ਦੇ ਮਾਡਲ ਬਣਾਏ ਗਏ ਸਨ ਤੇ ਨਾਲ ਹੀ ਸਾਹਿਤ ਵੀ ਵੰਡਿਆ ਗਿਆ ਤਾਂ ਜੋ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਨਗਰ ਕੀਰਤਨ ਵਿਚ ਵਿਸ਼ੇਸ਼ ਤੌਰ ’ਤੇ ਬੂਟਿਆਂ ਦਾ ਪ੍ਰਸਾਦਿ ਵੰਡਿਆ ਗਿਆ ਤਾਂ ਜੋ ਵੱਧ ਤੋਂ ਵੱਧ ਬੂਟੇ ਲਗਾ ਕੇ ਦਿੱਲੀ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਅੰਤ ਦੇਰ ਸ਼ਾਮ ਜੈਕਾਰਿਆਂ ਦੀ ਗੂੰਜ ਵਿਚ ਨਗਰ ਕੀਰਤਨ ਸਮਾਪਤ ਹੋ ਗਿਆ।