ਹਾਕੀ ਵਿਸ਼ਵ ਕੱਪ: ਸਪੇਨ ਨੇ ਵੇਲਜ਼ ਨੂੰ 5-1 ਨਾਲ ਦਰੜਿਆ

ਹਾਕੀ ਵਿਸ਼ਵ ਕੱਪ: ਸਪੇਨ ਨੇ ਵੇਲਜ਼ ਨੂੰ 5-1 ਨਾਲ ਦਰੜਿਆ

ਰੁੜਕੇਲਾ: ਮਾਰਕ ਰੇਅਨਾ ਅਤੇ ਮਾਰਕ ਮਿਰਾਲੇਸ ਵੱਲੋਂ ਕੀਤੇ ਗਏ ਦੋ-ਦੋ ਗੋਲਾਂ ਦੀ ਮਦਦ ਨਾਲ ਸਪੇਨ ਨੇ ਅੱਜ ਇੱਥੇ ਪੂਲ ਡੀ ਵਿੱਚ ਵੇਲਜ਼ ਨੂੰ 5-1 ਨਾਲ ਹਰਾ ਕੇ ਐੱਫਆਈਐੱਚ ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ। ਰੇਅਨਾ ਨੇ 16ਵੇਂ ਅਤੇ 38ਵੇਂ ਮਿੰਟ ਵਿੱਚ ਮੈਦਾਨੀ ਗੋਲ ਕੀਤੇ ਜਦਕਿ ਮਿਰਾਲੇਸ ਨੇ 32ਵੇਂ ਅਤੇ 56ਵੇਂ ਮਿੰਟ ਵਿੱਚ ਗੋਲ ਕੀਤੇ। ਸਪੇਨ ਲਈ ਪੰਜਵਾਂ ਗੋਲ ਕਪਤਾਨ ਅਲਵਾਰੋ ਗਲੇਸੀਆਸ (22ਵੇਂ ਮਿੰਟ) ਨੇ ਕੀਤਾ। ਵੇਲਜ਼ ਲਈ ਇੱਕੋ-ਇੱਕ ਗੋਲ ਜੇਮਸ ਕਾਰਸਨ ਨੇ 52ਵੇਂ ਮਿੰਟ ਵਿੱਚ ਕੀਤਾ। ਟੂਰਨਾਮੈਂਟ ਵਿੱਚ ਸਪੇਨ ਦੀ ਇਹ ਪਹਿਲੀ ਜਿੱਤ ਸੀ ਜਦਕਿ ਵੇਲਜ਼ ਨੂੰ ਲਗਾਤਾਰ ਦੂਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਭਾਰਤ ਨੇ ਸਪੇਨ ਨੂੰ 2-0 ਜਦਕਿ ਇੰਗਲੈਂਡ ਨੇ ਵੇਲਜ਼ ਨੂੰ 5-0 ਨਾਲ ਹਰਾਇਆ ਸੀ। ਸਪੇਨ 19 ਜਨਵਰੀ ਨੂੰ ਭੁਬਨੇਸ਼ਵਰ ਵਿੱਚ ਆਪਣੇ ਆਖ਼ਰੀ ਪੂਲ ਮੈਚ ਵਿੱਚ ਇੰਗਲੈਂਡ ਨਾਲ ਭਿੜੇਗਾ ਜਦਕਿ ਵੇਲਜ਼ ਦਾ ਸਾਹਮਣਾ ਭਾਰਤ ਨਾਲ ਹੋਵੇਗਾ। ਉਧਰ ਅੱਜ ਹੋਏ ਇੱਕ ਹੋਰ ਮੈਚ ਵਿੱਚ ਭਾਰਤ ਅਤੇ ਇੰਗਲੈਂਡ ਵਿਚਾਲੇ ਮੈਚ ਡਰਾਅ ਰਿਹਾ। ਮੈਚ ਦੌਰਾਨ ਇੰਗਲੈਂਡ ਨੂੰ ਸੱਤ ਜਦਕਿ ਭਾਰਤ ਨੂੰ ਚਾਰ ਪੈਨਲਟੀ ਕਾਰਨਰ ਮਿਲੇ ਪਰ ਦੋਵੇਂ ਟੀਮਾਂ ਇਨ੍ਹਾਂ ਨੂੰ ਗੋਲ ਵਿੱਚ ਤਬਦੀਲ ਕਰਨ ’ਚ ਨਾਕਾਮ ਰਹੀਆਂ। ਪੂਲ ਡੀ ਦੇ ਅੱਜ ਦੇ ਮੁਕਾਬਲਿਆਂ ਮਗਰੋਂ ਇੰਗਲੈਂਡ ਦੀ ਟੀਮ ਚਾਰ ਅੰਕਾਂ ਨਾਲ ਪਹਿਲੇ ਸਥਾਨ ’ਤੇ ਹੈ। ਹਾਲਾਂਕਿ ਭਾਰਤ ਦੇ ਵੀ ਇੰਨੇ ਹੀ ਅੰਕ ਹਨ ਪਰ ਗੋਲ ਔਸਤ ਦੇ ਆਧਾਰ ’ਤੇ ਉਹ ਦੂਜੇ ਸਥਾਨ ’ਤੇ ਹੈ। ਤਿੰਨ ਅੰਕਾਂ ਨਾਲ ਸਪੇਨ ਤੀਜੇ ਤੇ ਵੇਲਜ਼ ਚੌਥੇ ਸਥਾਨ ’ਤੇ ਹੈ।