ਸੰਦੀਪ ਪਾਠਕ ਨੇ ‘ਆਪ’ ਦੀ ਮਜ਼ਬੂਤੀ ਲਈ ਰਣਨੀਤੀ ਉਲੀਕੀ

ਸੰਦੀਪ ਪਾਠਕ ਨੇ ‘ਆਪ’ ਦੀ ਮਜ਼ਬੂਤੀ ਲਈ ਰਣਨੀਤੀ ਉਲੀਕੀ

ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਮੈਂਬਰ ਡਾ. ਸੰਦੀਪ ਪਾਠਕ ਨੇ ਅੱਜ ਚੰਡੀਗੜ੍ਹ ਵਿੱਚ ਪਾਰਟੀ ਦੇ ਸਾਰੇ ਸੀਨੀਅਰ ਆਗੂਆਂ, ਜ਼ਿਲ੍ਹਾ ਅਤੇ ਲੋਕ ਸਭਾ ਹਲਕਿਆਂ ਦੇ ਇੰਚਾਰਜਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਚੰਡੀਗੜ੍ਹ ਸਥਿਤ ਪਾਰਟੀ ਦਫ਼ਤਰ ਵਿੱਚ ਅਹੁਦੇਦਾਰਾਂ ਨਾਲ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿੱਚ ਬੂਥ ਪੱਧਰ ’ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਰਣਨੀਤੀ ਉਲੀਕੀ।

ਡਾ. ਸੰਦੀਪ ਪਾਠਕ ਨੇ ਕਿਹਾ ਕਿ ‘ਆਪ’ ਸਰਕਾਰ ਨੇ ਸੂਬੇ ਵਿੱਚ ਪਿਛਲੇ 10 ਮਹੀਨਿਆਂ ਦੌਰਾਨ ਸ਼ਾਨਦਾਰ ਕੰਮ ਕੀਤਾ ਹੈ। ਸਰਕਾਰ ਬਣਨ ਦੇ ਛੇ ਮਹੀਨਿਆਂ ਅੰਦਰ ਹੀ ‘ਆਪ’ ਨੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀਆਂ ਗਈਆਂ ਕਈ ਗਾਰੰਟੀਆਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਸਿਰਫ਼ ਛੇ ਮਹੀਨਿਆਂ ਵਿੱਚ ਹੀ ਸੂਬੇ ਦੇ 25,000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ। ਇਸ ਤੋਂ ਇਲਾਵਾ ਲਗਭਗ 20,000 ਕੱਚੇ ਮੁਲਾਜ਼ਮ ਪੱਕੇ ਕੀਤੇ। ‘ਆਪ’ ਆਗੂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਟੋਲ ਫਰੀ ਨੰਬਰ ਜਾਰੀ ਕਰਕੇ ਸ਼ਿਕਾਇਤਾਂ ਦੇ ਆਧਾਰ ’ਤੇ ਲਗਭਗ 500 ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ‘ਆਪ’ ਸਰਕਾਰ ਲੋਕਾਂ ਨਾਲ ਕੀਤੇ ਬਾਕੀ ਵਾਅਦੇ ਵੀ ਪੂਰਾ ਕਰੇਗੀ। ਇਸ ਮੌਕੇ ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰੱਸਟ, ਮਾਲਵਾ ਕੇਂਦਰੀ ਤੋਂ ਸਕੱਤਰ ਡਾ. ਸੰਨੀ ਸਿੰਘ ਆਹਲੂਵਾਲੀਆ, ਮਾਝਾ ਜ਼ੋਨ ਦੇ ਸਕੱਤਰ ਗੁਰਦੇਵ ਸਿੰਘ ਲੱਖਾਣਾ, ਮਾਲਵਾ ਪੂਰਬੀ ਜ਼ੋਨ ਦੇ ਸਕੱਤਰ ਅਮਨ ਮੋਹੀ, ਮਾਲਵਾ ਪੱਛਮੀ ਜ਼ੋਨ ਦੇ ਸਕੱਤਰ ਸ਼ਮਿੰਦਰ ਖਿੰਡਾ ਅਤੇ ਦੋਆਬਾ ਜ਼ੋਨ ਦੇ ਸਕੱਤਰ ਰਾਜਵਿੰਦਰ ਸਿੰਘ ਹਾਜ਼ਰ ਸਨ।