ਕੰਟਰੋਲ ਰੇਖਾ ’ਤੇ ਫੌਜ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ: ਜਨਰਲ ਪਾਂਡੇ

ਕੰਟਰੋਲ ਰੇਖਾ ’ਤੇ ਫੌਜ ਕਿਸੇ ਵੀ ਸਥਿਤੀ ਦੇ ਟਾਕਰੇ ਲਈ ਤਿਆਰ: ਜਨਰਲ ਪਾਂਡੇ

ਫੌਜ ਮੁਖੀ ਨੇ ਰੱਖਿਆ ਦੇ ਪੱਖ ਤੋਂ ਭਾਰਤੀ ਸੈਨਾ ਦੀ ਸਥਿਤੀ ਮਜ਼ਬੂਤ ਦੱਸੀ
ਨਵੀਂ ਦਿੱਲੀ-ਭਾਰਤ ਦੇ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਕਿਹਾ ਕਿ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐਲਏਸੀ) ਉਤੇ ‘ਰੱਖਿਆ ਦੇ ਪੱਖ ਤੋਂ ਮਜ਼ਬੂਤ ਰੁਖ਼’ ਕਾਇਮ ਕਰ ਕੇ ਰੱਖਿਆ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਸੈਨਾ ‘ਕਿਸੇ ਵੀ ਸੰਭਾਵੀ ਸਥਿਤੀ ਦਾ ਟਾਕਰਾ ਕਰਨ ਲਈ ਤਿਆਰ ਹੈ।’ ਸਾਲਾਨਾ ਸੈਨਾ ਦਿਵਸ ਦੀ ਪਰੇਡ ਮੌਕੇ ਬੰਗਲੂਰੂ ਵਿਚ ਸੰਬੋਧਨ ਕਰਦਿਆਂ ਫ਼ੌਜ ਮੁਖੀ ਨੇ ਕਿਹਾ ਕਿ ਉੱਤਰੀ ਸਰਹੱਦੀ ਖੇਤਰਾਂ (ਚੀਨ ਨਾਲ ਲੱਗਦੇ ਇਲਾਕਿਆਂ) ਸਥਿਤੀ ਆਮ ਵਰਗੀ ਹੈ, ਉੱਥੇ ਪਹਿਲਾਂ ਤੋਂ ਲਾਗੂ ਸਾਰੇ ਦਿਸ਼ਾ-ਨਿਰਦੇਸ਼ ਤੇ ਪ੍ਰਣਾਲੀਆਂ ਦਾ ਪਾਲਣ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ ਪਹਿਲੀ ਵਾਰ ਸੈਨਾ ਦਿਵਸ ਪਰੇਡ ਦਿੱਲੀ ਤੋਂ ਬਾਹਰ ਕਰਵਾਈ ਗਈ ਹੈ। ਗੁਜ਼ਰੇ ਸਾਲ ਬਾਰੇ ਸੈਨਾ ਮੁਖੀ ਜਨਰਲ ਪਾਂਡੇ ਨੇ ਕਿਹਾ ਕਿ ਸੈਨਾ ਨੇ ਸੁਰੱਖਿਆ ਨਾਲ ਜੁੜੀਆਂ ਚੁਣੌਤੀਆਂ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਹੈ ਤੇ ਸਰਹੱਦਾਂ ਦੀ ਸੁਰੱਖਿਆ ਯਕੀਨੀ ਬਣਾਈ ਹੈ। ਸਮਰੱਥਾ ਦੇ ਵਿਕਾਸ ਲਈ ਕਦਮ ਚੁੱਕੇ ਗਏ ਹਨ, ਬਲਾਂ ਦਾ ਪੁਨਰਗਠਨ ਕੀਤਾ ਗਿਆ ਹੈ ਤੇ ਸਿਖ਼ਲਾਈ ਬਿਹਤਰ ਕਰਨ ਲਈ ਵੀ ਕੋਸ਼ਿਸ਼ਾਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਜੰਗ ਹੋਣ ਦੀ ਸੂਰਤ ਵਿਚ ਵੀ ਤਿਆਰੀਆਂ ਹੋਰ ਮਜ਼ਬੂਤ ਕੀਤੀਆਂ ਗਈਆਂ ਹਨ। ਪੱਛਮੀ ਮੋਰਚੇ ਦੀ ਗੱਲ ਕਰਦਿਆਂ ਜਨਰਲ ਪਾਂਡੇ ਨੇ ਕਿਹਾ ਕਿ ਕੰਟਰੋਲ ਰੇਖਾ ’ਤੇ ਗੋਲੀਬੰਦੀ ਲਾਗੂ ਹੈ ਤੇ ਗੋਲੀਬੰਦੀ ਦੀ ਉਲੰਘਣਾ ਘਟਾਈ ਗਈ ਹੈ। ਪਰ ਸਰਹੱਦ ਪਾਰ, ਅਤਿਵਾਦ ਦਾ ਢਾਂਚਾ ਅਜੇ ਵੀ ਮੌਜੂਦ ਹੈ। ਉਨ੍ਹਾਂ ਕਿਹਾ ਕਿ ਸੈਨਾ ਦਾ ਘੁਸਪੈਠ ਰੋਕਣ ਵਾਲਾ ਗਰਿੱਡ ਲਗਾਤਾਰ ਪਾਕਿਸਤਾਨ ਵਾਲੇ ਪਾਸਿਓਂ ਘੁਸਪੈਠੀਆਂ ਨੂੰ ਰੋਕ ਰਿਹਾ ਹੈ। ਸੈਨਾ ਮੁਖੀ ਨੇ ਕਿਹਾ, ‘ਭਾਵੇਂ ਸੁਰੱਖਿਆ ਬਲਾਂ ਦੇ ਯਤਨਾਂ ਨਾਲ ਹਿੰਸਾ ਘਟੀ ਹੈ, ਪਰ ਪਹਿਲਾਂ ਸਰਗਰਮ ਰਹੇ ਅਤਿਵਾਦੀ ਸੰਗਠਨਾਂ ਦੀ ਥਾਂ ਕਈ ਨਵੇਂ ਸੰਗਠਨਾਂ ਨੇ ਲੈ ਲਈ ਹੈ। ਉਹ ਲੋਕਾਂ ਵਿਚ ਆਪਣੀ ਮੌਜੂਦਗੀ ਦਰਜ ਕਰਾਉਣ ਤੇ ਵੱਧ ਨਜ਼ਰ ਆਉਣ ਲਈ ਮਿੱਥ ਕੇ ਹੱਤਿਆਵਾਂ ਕਰ ਰਹੇ ਹਨ।