ਜੋਸ਼ੀਮੱਠ: ਜ਼ਮੀਨ ਧਸਣ ਦਾ ਅਮਲ ਨਿਰੰਤਰ ਜਾਰੀ

ਜੋਸ਼ੀਮੱਠ: ਜ਼ਮੀਨ ਧਸਣ ਦਾ ਅਮਲ ਨਿਰੰਤਰ ਜਾਰੀ

ਦੋ ਹੋਰ ਹੋਟਲ ਇਕ ਦੂਜੇ ਵੱਲ ਝੁਕੇ; ਜੋਸ਼ੀਮੱਠ-ਔਲੀ ਰੋਪਵੇਅ ਦੀਆਂ ਕੰਧਾਂ ਨੇੜੇ ਦਰਾੜਾਂ ਵਧੀਆਂ
ਦੇਹਰਾਦੂਨ/ਜੋਸ਼ੀਮੱਠ- ਜੋਸ਼ੀਮੱਠ ਵਿੱਚ ਜ਼ਮੀਨ ਧਸਣ ਦਾ ਅਮਲ ਲਗਾਤਾਰ ਜਾਰੀ ਹੈ। ਦੋ ਹੋਰ ਹੋਟਲ ਅੱਜ ਇਕ ਦੂਜੇ ਵਾਲੇ ਪਾਸੇ ਨੂੰ ਟੇਢੇ ਹੋ ਗਏ ਜਦੋਂਕਿ ਔਲੀ ਰੋਪਵੇਅ ਨਜ਼ਦੀਕ ਅਤੇ ਹੋਰ ਥਾਵਾਂ ’ਤੇ ਵੱਡੀਆਂ ਦਰਾਰਾਂ ਉਭਰ ਆਈਆਂ ਹਨ। ਕਸਬੇ ਦੇ ਮਾਰਵਾੜੀ ਇਲਾਕੇ ਦੀ ਜੇਪੀ ਕਲੋਨੀ ਵਿੱਚ ਸ਼ੱਕੀ ਜ਼ਮੀਨਦੋਜ਼ ਚੈਨਲ ਫਟਣ ਕਰਕੇ ਨਿਕਲ ਰਹੇ ਪਾਣੀ ਦਾ ਵਹਾਅ ਹੋਰ ਤੇਜ਼ ਹੋ ਗਿਆ ਹੈ। ਲੰਘੀ 2 ਜਨਵਰੀ ਤੋਂ ਇਸ ਵਿਚੋਂ ਮਿੱਟੀ ਵਾਲਾ ਪਾਣੀ ਲਗਾਤਾਰ ਵਹਿ ਰਿਹਾ ਹੈ, ਪਰ ਮਾਹਿਰਾਂ ਨੂੰ ਇਸ ਦੇ ਸੋਮੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਕੁਮਾਰ ਸਿਨਹਾ ਨੇ ਕਿਹਾ ਕਿ ਇਲਾਕੇ ਵਿੱਚ ਰਿਸ ਰਹੇ ਪਾਣੀ ਦੀ ਰਫ਼ਤਾਰ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਇਕ ਦੂਜੇ ਨਾਲ ਖਹਿੰਦੇ ਹੋਟਲਾਂ ਮਲਾਸੀ ਇਨ ਤੇ ਮਾਊਂਟਵਿਊ, ਜਿਨ੍ਹਾਂ ਨੂੰ ਅਸੁਰੱਖਿਅਤ ਐਲਾਨਿਆ ਜਾ ਚੁੱਕਾ ਹੈ, ਨੂੰ ਢਾਹੁਣ ਦਾ ਅਮਲ ਅਜੇ ਵੀ ਜਾਰੀ ਹੈ। ਇਸ ਜਗ੍ਹਾ ਤੋਂ ਕਰੀਬ 100 ਮੀਟਰ ਦੀ ਦੂਰੀ ’ਤੇ ਦੋ ਹੋਰ ਹੋਟਲ- ਸਨੋਅ ਕਰੈਸਟ ਤੇ ਕੌਮੈੱਟ- ਬਹੁਤ ਖ਼ਤਰਨਾਕ ਤਰੀਕੇ ਨਾਲ ਇਕ ਦੂਜੇ ਵਲ ਝੁਕਣ ਲੱਗੇ ਹਨ। ਇਹਤਿਆਤੀ ਉਪਰਾਲਿਆਂ ਵਜੋਂ ਇਨ੍ਹਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਨੋਅ ਕਰੈੱਸਟ ਹੋਟਲ ਦੇ ਮਾਲਕ ਦੀ ਧੀ ਪੂਜਾ ਪ੍ਰਜਾਪਤੀ ਨੇ ਕਿਹਾ, ‘‘ਦੋਵਾਂ ਹੋਟਲਾਂ ਵਿੱਚ ਪਹਿਲਾਂ ਚਾਰ ਫੁੱਟ ਦਾ ਫਾਸਲਾ ਸੀ, ਜੋ ਹੁਣ ਘੱਟ ਕੇ ਮਹਿਜ਼ ਕੁਝ ਇੰਚਾਂ ਦਾ ਰਹਿ ਗਿਆ ਹੈ। ਹੋਟਲਾਂ ਦੀਆਂ ਛੱਤਾਂ ਲਗਪਗ ਇਕ ਦੂਜੇ ਨਾਲ ਖਹਿਣ ਲੱਗੀਆਂ ਹਨ।’’

ਜੋਸ਼ੀਮੱਠ-ਔਲੀ ਰੋਪਵੇਅ, ਜਿਸ ਨੂੰ ਇਕ ਹਫਤੇ ਪਹਿਲਾਂ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਸੀ, ਨੇੜੇ ਪਈਆਂ ਦਰਾਰਾਂ ਮੋਕਲੀਆਂ ਹੋਣ ਲੱਗੀਆਂ ਹਨ। ਸਾਢੇ ਚਾਰ ਕਿਲੋਮੀਟਰ ਲੰਮੀ ਇਸ ਰੋਪਵੇਅ, ਜਿਸ ਨੂੰ ਏਸ਼ੀਆ ਦੀ ਸਭ ਤੋਂ ਲੰਮੀ ਮੰਨਿਆ ਜਾਂਦਾ ਹੈ, 6000 ਫੁੱਟ ਦੀ ਉਚਾਈ ’ਤੇ ਵਸੇ ਜੋਸ਼ੀਮੱਠ ਨੂੰ 9000 ਫੁੱਟ ਦੀ ਉਚਾਈ ਵਾਲੇ ਸਕੀਂਗ ਕੇਂਦਰ ਔਲੀ ਨਾਲ ਜੋੜਦਾ ਹੈ। ਇੰਜਨੀਅਰ ਦਿਨੇਸ਼ ਭੱਟ ਨੇ ਕਿਹਾ ਕਿ ਰੋਪਵੇਅ ਅਹਾਤੇ ਦੀਆਂ ਕੰਧਾਂ ਨੇੜੇ ਕਰੀਬ ਚਾਰ ਇੰਚ ਚੌੜੀ ਤੇ 20 ਫੁੱਟ ਲੰਮੀ ਦਰਾੜ ਪੈ ਗਈ ਹੈ। ਸਿੰਗਧਾਰ ਵਾਰਡ ਦੇ ਹੋਟਲ ਮਾਲਕ ਨੇ ਇਲਾਕੇ ਵਿੱਚ ਪਈਆਂ ਤਰੇੜਾਂ ਸ਼ਨਿਚਰਵਾਰ ਰਾਤ ਨੂੰ ਵਧ ਗਈਆਂ ਸਨ