ਸੀਤ ਹਵਾਵਾਂ ਨਾਲ ਪੰਜਾਬ ’ਚ ਪਾਰਾ ਜ਼ਮੀਨ ’ਤੇ

ਸੀਤ ਹਵਾਵਾਂ ਨਾਲ ਪੰਜਾਬ ’ਚ ਪਾਰਾ ਜ਼ਮੀਨ ’ਤੇ

ਸੀਜ਼ਨ ਦੀ ਰਿਕਾਰਡਤੋੜ ਠੰਢ ; ਫਰੀਦਕੋਟ ਵਿੱਚ ਪਾਰਾ ਮਨਫੀ ਇਕ ਡਿਗਰੀ ਨੂੰ ਪੁੱਜਾ
ਚੰਡੀਗੜ੍ਹ-ਹਿਮਾਚਲ ਪ੍ਰਦੇਸ਼ ਵਿੱਚ ਹੋਈ ਸੱਜਰੀ ਤੇ ਭਾਰੀ ਬਰਫ਼ਬਾਰੀ ਕਰਕੇ ਪੰਜਾਬ ਵਿੱਚ ਠੰਢ ਦਾ ਕਹਿਰ ਜਾਰੀ ਹੈ। ਲੰਘੀ ਰਾਤ ਤੋਂ ਚੱਲ ਰਹੀਆਂ ਹੱਢ ਚੀਰਵੀਆਂ ਸੀਤ ਹਵਾਵਾਂ ਨੇ ਲੋਕਾਂ ਨੂੰ ਦਿਨ ਵਿੱਚ ਕੰਬਣੀ ਛੇੜੀ ਰੱਖੀ। ਪੰਜਾਬ ਵਿੱਚ ਅੱਜ ਇਸ ਸੀਜ਼ਨ ਦੀ ਸਭ ਤੋਂ ਵੱਧ ਠੰਢ ਪਈ ਹੈ, ਜਦੋਂ ਫ਼ਰੀਦਕੋਟ ਵਿੱਚ ਘੱਟ ਤੋਂ ਘੱਟ ਤਾਪਮਾਨ ਮਨਫ਼ੀ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਇਹ ਆਮ ਨਾਲੋਂ 5.8 ਡਿਗਰੀ ਸੈਲਸੀਅਸ ਘੱਟ ਸੀ। ਇਸੇ ਤਰ੍ਹਾਂ ਪੰਜਾਬ ਦੇ ਅੱਧਾ ਦਰਜਨ ਤੋਂ ਵੱਧ ਜ਼ਿਲ੍ਹਿਆਂ ਵਿੱਚ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ। ਉਂਜ ਸੂਬੇ ਦੇ ਜ਼ਿਆਦਾਤਰ ਖੇਤਰਾਂ ਵਿੱਚ ਤਿੱਖੀ ਧੁੱਪ ਨਿਕਲੀ, ਪਰ ਸੀਤ ਹਵਾਵਾਂ ਚੱਲਣ ਕਰਕੇ ਲੋਕਾਂ ਨੂੰ ਠੰਢ ਤੋਂ ਰਾਹਤ ਨਾ ਮਿਲ ਸਕੀ। ਇਸੇ ਤਰ੍ਹਾਂ ਮਨਫੀ 4.7 ਡਿਗਰੀ ਨਾਲ ਸੀਕਰ ਜ਼ਿਲ੍ਹੇ ਦਾ ਫਤਿਹਪੁਰ ਰਾਜਸਥਾਨ ਦਾ ਸਭ ਤੋਂ ਠੰਢਾ ਇਲਾਕਾ ਰਿਹਾ।

ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ 4 ਦਿਨ ਸੰਘਣੀ ਧੁੰਦ ਅਤੇ ਸੀਤ ਲਹਿਰਾਂ ਚੱਲਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ 16 ਤੇ 17 ਜਨਵਰੀ ਨੂੰ ਔਰੇਂਜ ਅਲਰਟ ਅਤੇ 18 ਤੇ 19 ਜਨਵਰੀ ਨੂੰ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਅਗਲੇ 48 ਘੰਟੇ ਘੱਟ ਤੋਂ ਘੱਟ ਤਾਪਮਾਨ ਵਿੱਚ 1 ਤੋਂ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾਵੇਗੀ, ਜਦੋਂ ਕਿ ਉਸ ਤੋਂ ਬਾਅਦ ਪੰਜਾਬ ਦੇ ਘੱਟ ਤੋਂ ਘੱਟ ਤਾਪਮਾਨ ਵਿੱਚ 3 ਤੋਂ 5 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਜਾਵੇਗਾ। ਪੰਜਾਬ ਦੇ ਬਠਿੰਡਾ ਵਿੱਚ ਘੱਟ ਤੋਂ ਘੱਟ ਤਾਪਮਾਨ ਇਕ ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਬਰਨਾਲਾ ਵਿੱਚ 1.9 ਡਿਗਰੀ ਸੈਲਸੀਅਸ, ਅੰਮ੍ਰਿਤਸਰ ’ਚ 1.6, ਜਲੰਧਰ ’ਚ 2, ਮੋਗਾ 0.5, ਮੁਕਤਸਰ 2.3, ਪਟਿਆਲਾ 3, ਗੁਰਦਾਸਪੁਰ 3.7, ਫਤਿਹਗੜ੍ਹ ਸਾਹਿਬ 5.8, ਲੁਧਿਆਣਾ 4.9, ਚੰਡੀਗੜ੍ਹ 6.3 ਅਤੇ ਨਵਾਂ ਸ਼ਹਿਰ ਵਿੱਚ 7.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ।