ਲਤੀਫ਼ਪੁਰਾ ਮੁੜ ਵਸੇਬਾ ਮੋਰਚੇ ਨੇ ਵਿਧਾਇਕ ਦੇ ਘਰ ਅੱਗੇ ਲੋਹੜੀ ਬਾਲੀ

ਲਤੀਫ਼ਪੁਰਾ ਮੁੜ ਵਸੇਬਾ ਮੋਰਚੇ ਨੇ ਵਿਧਾਇਕ ਦੇ ਘਰ ਅੱਗੇ ਲੋਹੜੀ ਬਾਲੀ

ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਪੁਤਲਾ ਫੂਕਿਆ; ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ
ਜਲੰਧਰ- ਲਤੀਫ਼ਪੁਰਾ ਮੁੜ ਵਸੇਬਾ ਮੋਰਚੇ ਦੀ ਅਗਵਾਈ ਹੇਠ ਅੱਜ ਲਤੀਫ਼ਪੁਰਾ ਪੀੜਤਾਂ ਨੇ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੇ ਢਾਹੇ ਗਏ ਘਰਾਂ ਦੇ ਦਰਵਾਜ਼ੇ ਅਤੇ ਬਾਲੇ ‘ਆਪ’ ਦੇ ਵਿਧਾਇਕ ਰਮਨ ਅਰੋੜਾ ਦੇ ਘਰ ਅੱਗੇ ਬਾਲ ਕੇ ਲੋਹੜੀ ਮਨਾਈ। ਪੀੜਤਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਪੁਤਲਾ ਫੂਕੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।

ਮੋਰਚੇ ਦੇ ਆਗੂਆਂ ਜਥੇਦਾਰ ਕਸ਼ਮੀਰ ਸਿੰਘ ਜੰਡਿਆਲਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਸੰਤੋਖ ਸਿੰਘ ਸੰਧੂ ਆਦਿ ਨੇ ਕਿਹਾ ਕਿ ਸਾਂਦਲ ਬਾਰ ਦਾ ਦੁੱਲਾ ਭੱਟੀ ਭਾਵੇਂ ਅਕਬਰ ਦੇ ਜ਼ਮਾਨੇ ਵਿੱਚ ਹੋਇਆ ਸੀ ਪਰ ਅੱਜ ਵੀ ਪੰਜਾਬ ਦੇ ਲੋਕ ਲੋਹੜੀ ਵੇਲੇ ਗੀਤਾਂ ਰਾਹੀਂ ਉਸ ਨਾਇਕ ਨੂੰ ਯਾਦ ਕਰਦੇ ਹਨ। ਆਗੂਆਂ ਨੇ ਕਿਹਾ ਕਿ ਅੱਜ ਵੀ ਹਕੂਮਤਾਂ ਵਿੱਚ ਅਕਬਰ ਦੀ ਕਥਿਤ ਰੂਹ ਆਈ ਹੋਈ ਹੈ ਤੇ ਪੰਜਾਬੀ ਆਪਣੇ ਲੋਕ ਨਾਇਕ ਦੁੱਲੇ ਨੂੰ ਯਾਦ ਕਰ ਰਹੇ ਹਨ ਅਤੇ ‘ਦੁੱਲਾ ਭੱਟੀ’ ਵਰਗੇ ਨਾਇਕ ਪੰਜਾਬ ਵਿੱਚ ਜੰਮਦੇ ਰਹਿਣਗੇ। ਲਤੀਫਪੁਰਾ ਪੀੜਤਾਂ ਨੇ ਜਦੋਂ ਆਪ ਦੇ ਵਿਧਾਇਕ ਰਮਨ ਅਰੋੜਾ ਦੇ ਘਰ ਵੱਲ ਮਾਰਚ ਸ਼ੁਰੂ ਕੀਤਾ ਤਾਂ ਉਨ੍ਹਾਂ ਦੁਆਲੇ ਸ਼ਹਿਰ ਦੇ ਕਈ ਥਾਣਿਆਂ ਦੀ ਪੁਲੀਸ ਤਾਇਨਾਤ ਸੀ ਤੇ ਕਈ ਸੀਨੀਅਰ ਪੁਲੀਸ ਅਧਿਕਾਰੀ ਸੁਰੱਖਿਆ ਪ੍ਰਬੰਧਾਂ ਨੂੰ ਆਪ ਦੇਖ ਰਹੇ ਸਨ। ਪੀੜਤਾਂ ਦੇ ਰੋਸ ਮਾਰਚ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਵੀ ਚੱਲ ਰਹੀ ਸੀ। ਪੀੜਤਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਜਾੜ ਕੇ ਵੀ ਸਰਕਾਰ ਡਰ ਰਹੀ ਕਿ ਪੀੜਤ ਕਿਧਰੇ ਨੁਕਸਾਨ ਨਾ ਕਰ ਦੇਣ। ਉਨ੍ਹਾਂ ਕਿਹਾ ਕਿ ਰੋਸ ਮਾਰਚ ਦੇ ਨਾਲ-ਨਾਲ ਤਾਂ ਐਬੂਲੈਂਸ ਚਲਾਉਣ ਦੀ ਜ਼ਿਆਦਾ ਲੋੜ ਸੀ ਪਰ ਪ੍ਰਸ਼ਾਸਨ ਉਲਟਾ ਕਰ ਰਿਹਾ ਸੀ।

ਪੁਲੀਸ ਨੇ ਲਤੀਫਪੁਰਾ ਦੇ ਪੀੜਤਾਂ ਨੂੰ ਰੋਕਣ ਲਈ ਥਾਂ-ਥਾਂ ਬੈਰੀਕੇਡਿੰਗ ਕੀਤੀ ਹੋਈ ਸੀ। ਜਦੋਂ ਵਿਧਾਇਕ ਦੇ ਘਰ ਨੇੜੇ ਪਹੁੰਚੇ ਤਾਂ ਉਸ ਦੇ ਮਹੁੱਲੇ ਵਾਲੇ ਲੱਗੇ ਗੇਟ ਬੰਦ ਕਰ ਦਿੱਤੇ ਗਏ। ਪੀੜਤਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਪੁਕਾਰ ਸੁਣਨ ਦੀ ਥਾਂ ਵਿਧਾਇਕ ਦੇ ਘਰ ਨੂੰ ਪੁਲੀਸ ਨੇ ਸੁਰੱਖਿਅਤ ਰੱਖਣ ਲਈ ਸਾਰੀ ਡਰਾਮੇਬਾਜ਼ੀ ਕੀਤੀ। ਲੋਹੜੀ ਕਾਰਨ ਵਿਧਾਇਕ ਘਰ ਹੀ ਸੀ ਪਰ ਉਹ ਪੀੜਤਾਂ ਨੂੰ ਮਿਲਣ ਲਈ ਬਾਹਰ ਨਹੀਂ ਆਏ।

ਮੁੜ ਵਸੇਬਾ ਕਰਨ, ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਅਤੇ ਗਾਲੀ ਗਲੋਚ ਕਰਨ ਵਾਲੇ ਡੀਸੀਪੀ ਤੇਜਾ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਆਪ ਵਿਧਾਇਕ ਰਮਨ ਅਰੋੜਾ ਦੇ ਘਰ ਅੱਗੇ ਪੀੜਤਾਂ ਨੇ ਮੁੱਖ ਮੰਤਰੀ ਦੀ ਲੋਹੜੀ ਬਾਲੀ ਗਈ ਤੇ ਮੁੱਖ ਮੰਤਰੀ ਤੇ ਚੇਅਰਮੈਨ ਇੰਰੂਵਮੈਂਟ ਟਰੱਸਟ ਦਾ ਪੁਤਲਾ ਫ਼ੂਕਿਆ। ਇਸ ਮੌਕੇ ਉਜਾੜੇ ਲੋਕਾਂ ਨੇ ਭੰਗੜਾ ਪਾਉਂਦੇ, ਗਿੱਧਾ ਪਾਉਂਦੇ ਮੰਤਰੀਆਂ ਦੀਆਂ ਤਸਵੀਰਾਂ ਵਾਲੀਆਂ ਤਖਤੀਆਂ ਵੀ ਸਾੜੀਆ। ਧਰਨਾ ਪ੍ਰਦਰਸ਼ਨ ਦੋ ਘੰਟੇ ਤੋਂ ਵੱਧ ਸਮਾਂ ਧਰਨਾ ਪ੍ਰਦਰਸ਼ਨ ਚੱਲਿਆ। ਪੁਲੀਸ ਨੇ ਵਿਧਾਇਕ ਦੇ ਘਰ ਅੱਗੇ ਲੱਗੇ ਗੇਟ ਨੂੰ ਤਾਲਾ ਲਾਇਆ ਹੋਇਆ ਸੀ।

ਇਸ ਤੋਂ ਪਹਿਲਾਂ ਇਹ ਧਰਨਾਕਾਰੀ ਲਤੀਫ਼ਪੁਰਾ ਮੋਰਚੇ ਤੋਂ ਮੁਜ਼ਾਹਰਾ ਸ਼ੁਰੂ ਕਰਕੇ ਸ੍ਰੀ ਗੁਰੂ ਰਵਿਦਾਸ ਚੌਂਕ, ਅੰਬੇਡਕਰ ਚੌਕ ਤੋਂ ਹੁੰਦਾ ਹੋਇਆ, ਫੁੱਟਬਾਲ ਚੌਕ ਤੋਂ ਹੁੰਦਾ ਹੋਇਆ ਐੱਮ.ਐੱਲ.ਏ. ਦੇ ਘਰ ਅੱਗੇ ਧਰਨਾ ਸਥਾਨ `ਤੇ ਪੁੱਜੇ, ਜਿੱਥੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਮੰਗਾਂ ਦੇ ਠੋਸ ਨਿਪਟਾਰੇ ਤੱਕ ਸੰਘਰਸ਼ ਜਾਰੀ ਰਹੇਗਾ ਅਤੇ 16 ਜਨਵਰੀ ਨੂੰ ਜਲੰਧਰ ਸਥਿਤ ਧੰਨੋ ਵਾਲੀ ਨੇੜੇ 4 ਘੰਟੇ ਲਈ ਹਾਈਵੇਅ ਅਤੇ ਰੇਲ ਪਟੜੀਆਂ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇ ਕੇ ਵੋਟਾਂ ਬਟੋਰਨ ਵਾਲੀ ਭਗਵੰਤ ਸਿੰਘ ਮਾਨ ਦੀ ਸਰਕਾਰ ਪਹਿਲੀਆਂ ਸਰਕਾਰਾਂ ਦੇ ਨਕਸ਼ੇ ਕਦਮਾਂ ਉੱਪਰ ਚੱਲਦੇ ਹੋਏ ਲਤੀਫ਼ਪੁਰਾ ਇਲਾਕੇ ਦੇ ਲੋਕਾਂ ਦੇ ਘਰਾਂ ਉੱਪਰ ਬੁਲਡੋਜ਼ਰ ਚਲਾ ਕੇ ਉਜਾੜਾ ਕਰਦਿਆਂ ਲੋਹੜੇ ਦਾ ਕਹਿਰ ਕਮਾਇਆ ਹੈ।