ਸਿੱਖ ਫੌਜੀਆਂ ਲਈ ਹੈਲਮੇਟ ਦੀ ਤਜਵੀਜ਼ ਮਰਿਆਦਾ ਦੀ ਉਲੰਘਣਾ: ਸੁਖਬੀਰ

ਸਿੱਖ ਫੌਜੀਆਂ ਲਈ ਹੈਲਮੇਟ ਦੀ ਤਜਵੀਜ਼ ਮਰਿਆਦਾ ਦੀ ਉਲੰਘਣਾ: ਸੁਖਬੀਰ

ਚੰਡੀਗੜ੍ਹ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ਵੱਲੋਂ ਹਥਿਆਰਬੰਦ ਫੌਜਾਂ ਵਿੱਚ ਸਿੱਖਾਂ ਵਾਸਤੇ ਹੈਲਮੇਟ ਦੀ ਤਜਵੀਜ਼ ਨੂੰ ਲਾਗੂ ਹੋਣ ਤੋਂ ਰੋਕਣ ਲਈ ਨਿੱਜੀ ਤੌਰ ’ਤੇ ਦਖ਼ਲ ਦੇਣ। ਅਕਾਲੀ ਦਲ ਦੇ ਪ੍ਰਧਾਨ ਨੇ ਇਸ ਕਦਮ ਨੂੰ ਭੜਕਾਊ, ਕਠੋਰ ਤੇ ਅਸੰਵੇਦਨਸ਼ੀਲ ਕਰਾਰ ਦਿੰਦਿਆਂ ਕਿਹਾ ਕਿ ਇਹ ਇੱਕ ਬੇਤੁਕਾ ਫ਼ੈਸਲਾ ਹੈ ਕਿਉਂਕਿ ਸਿੱਖ ਫੌਜੀ ਹਮੇਸ਼ਾ ਦੇਸ਼ ਦੀ ਰਾਖੀ ਵਾਸਤੇ ਮੋਹਰੀ ਰਹੇ ਹਨ ਤੇ ਬੀਤੇ ਸਮੇਂ ਵਿੱਚ ਉਨ੍ਹਾਂ ਨੂੰ ਕਦੇ ਵੀ ਹੈਲਮੇਟ ਦੀ ਲੋੜ ਮਹਿਸੂਸ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਕਾਰ ਸਿੱਖ ਸਿਧਾਂਤਾਂ ਤੇ ਰਹਿਤ ਮਰਿਆਦਾ ਪ੍ਰਤੀ ਇੰਨੀ ਅਸੰਵੇਦਨਸ਼ੀਲ ਕਿਵੇਂ ਹੋ ਸਕਦੀ ਹੈ ਕਿਉਂਕਿ ਇਹ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਗੰਭੀਰ ਮਾਮਲਾ ਹੈ। ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ੍ਰੀ ਬਾਦਲ ਨੇ ਅਪੀਲ ਕੀਤੀ ਕਿ ਸ੍ਰੀ ਮੋਦੀ ਤੁਰੰਤ ਹੁਕਮ ਜਾਰੀ ਕਰਕੇ ਇਸ ਤਜਵੀਜ਼ ਨੂੰ ਰੋਕਣ। ਉਨ੍ਹਾਂ ਕਿਹਾ ਕਿ ਸਿੱਖਾਂ ਨੇ 1948, 1962, 1965 ਤੇ 1971 ਦੀਆਂ ਜੰਗਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਤੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖ਼ਿਆਲ ਕਰਦਿਆਂ ਇਸ ਫ਼ੈਸਲੇ ਨੂੰ ਤੁਰੰਤ ਵਾਪਸ ਲਿਆ ਜਾਣਾ ਚਾਹੀਦਾ ਹੈ।

ਹੈਲਮੇਟ ਲਈ ਪੱਗ ਨਹੀਂ ਲਾਹ ਸਕਦੇ ਸਿੱਖ: ਰੰਧਾਵਾ
ਚੰਡੀਗੜ੍ਹ: ਸਾਬਕਾ ਉਪ ਮੁੱਖ ਮੰਤਰੀ ਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਭਾਰਤੀ ਫੌਜ ਵਿਚ ਸਿੱਖ ਫੌਜੀਆਂ ਲਈ ਹੈਲਮੇਟ ਪਾਉਣ ਦੀ ਤਜਵੀਜ਼ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖ ਫੌਜੀਆਂ ਨੇ ਸਾਲ 1962, 1965, 1971 ਤੇ ਕਾਰਗਿਲ ਦੀਆਂ ਲੜਾਈਆਂ ਲੜੀਆਂ ਹਨ ਪਰ ਉਸ ਵੇਲੇ ਕਦੇ ਹੈਲਮੇਟ ਦਾ ਮੁੱਦਾ ਨਹੀਂ ਉਠਿਆ। ਉਹ ਕਾਂਗਰਸ ਪਾਰਟੀ ਵਲੋਂ ਸਿੱਖਾਂ ਦੇ ਹੈਲਮੇਟ ਪਾਉਣ ਦੀ ਤਜਵੀਜ਼ ਦਾ ਸਖਤ ਵਿਰੋਧ ਕਰਦੇ ਹਨ ਅਤੇ ਸਿੱਖ ਫੌਜੀ ਕਦੇ ਵੀ ਹੈਲਮੇਟ ਪਾਉਣ ਲਈ ਆਪਣੀ ਦਸਤਾਰ ਨਹੀਂ ਲਾਹ ਸਕਦੇ।