ਚਾਲੀ ਮੁਕਤਿਆਂ ਨੂੰ ਸਮਰਪਿਤ ਤਿੰਨ ਰੋਜ਼ਾ ਮਾਘੀ ਮੇਲਾ ਸ਼ੁਰੂ

ਚਾਲੀ ਮੁਕਤਿਆਂ ਨੂੰ ਸਮਰਪਿਤ ਤਿੰਨ ਰੋਜ਼ਾ ਮਾਘੀ ਮੇਲਾ ਸ਼ੁਰੂ

ਵੱਡੀ ਗਿਣਤੀ ਸੰਗਤ ਪੁੱਜੀ; ਸਰਕਾਰ ਨੇ ਜ਼ਿਲ੍ਹਾ ਮੁਕਤਸਰ ਸਾਹਿਬ ’ਚ ਛੁੱਟੀ ਐਲਾਨੀ
ਸ੍ਰੀ ਮੁਕਤਸਰ ਸਾਹਿਬ – ਚਾਲੀ ਮੁਕਤਿਆਂ ਨੂੰ ਸਮਰਪਿਤ ਤਿੰਨ ਰੋਜ਼ਾ ਮੇਲਾ ਮਾਘੀ ਅੱਜ ਤੋਂ ਸ਼ੁਰੂ ਹੋ ਗਿਆ ਹੈ। ਇਥੇ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋਣ ਲਈ ਪੁੱਜਣੇ ਸ਼ੁਰੂ ਹੋ ਗਏ ਹਨ। ਲੋਹੜੀ ਦੀ ਰਾਤ ਨੂੰ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਦੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਸ਼ੁਰੂ ਹੋਵੇਗਾ, ਜੋ 14 ਜਨਵਰੀ ਦੇ ਦਿਨ ਵੀ ਚੱਲਦਾ ਰਹੇਗਾ। ਸ਼ਰਧਾਲੂ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਬਾਅਦ ਗੁਰਦੁਆਰਾ ਸ੍ਰੀ ਟੁੱਟੀ ਗੰਢੀ ਸਾਹਿਬ ਅਤੇ ਸ਼ਹੀਦ ਗੰਜ ਵਿਖੇ ਮੁਕਤਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। 15 ਜਨਵਰੀ ਨੂੰ ਨਗਰ ਕੀਰਤਨ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਟਿੱਬੀ ਸਾਹਿਬ, ਰਕਾਬਗੰਜ ਸਾਹਿਬ ਅਤੇ ਦਾਤਣਸਰ ਸਾਹਿਬ ਪੁੱਜੇਗਾ। ਪੰਜਾਬ ਸਰਕਾਰ ਨੇ ਮੇਲਾ ਮਾਘੀ ਮੌਕੇ 14 ਜਨਵਰੀ ਨੂੰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ, ਗ਼ੈਰ ਸਰਕਾਰੀ ਦਫ਼ਤਰਾਂ, ਬੋਰਡਾਂ, ਕਾਰਪੋਰੇਸ਼ਨਾਂ ਅਤੇ ਸਰਕਾਰੀ ਤੇ ਗ਼ੈਰ ਸਰਕਾਰੀ ਵਿੱਦਿਅਕ ਅਦਾਰਿਆਂ ਵਿਚ ਸਥਾਨਕ ਛੁੱਟੀ ਐਲਾਨੀ ਹੈ। ਮੇਲਾ ਮਾਘੀ ਦੇ ਅਖੰਡ ਪਾਠ ਦੇ ਭੋਗ 14 ਜਨਵਰੀ ਨੂੰ ਸਵੇਰੇ ਪਾਏ ਜਾਣਗੇ। 15 ਜਨਵਰੀ ਨੂੰ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਵਿਸ਼ੇਸ਼ ਢਾਡੀ ਸਮਾਗਮ ਹੋਵੇਗਾ ਅਤੇ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਵੇਗਾ। ਇਸ ਵਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਮਲੋਟ ਰੋਡ ਵਿਖੇ ਗੁਰਦੁਆਰਾ ਕਮੇਟੀ ਦੇ ਗਰਾਊਂਡ ਵਿਚ ਕਾਨਫਰੰਸ ਕੀਤੀ ਜਾਵੇਗੀ। ਇਸ ਦੇ ਨਾਲ ਹੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿਮਰਨਜੀਤ ਸਿੰਘ ਮਾਨ (ਮੈਂਬਰ ਪਾਰਲੀਮੈਂਟ) ਦੀ ਅਗਵਾਈ ਹੇਠ ਡੇਰਾ ਭਾਈ ਮਸਤਾਨ ਸਿੰਘ ਵਿਖੇ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਵਾਰ ਮੇਲਾ ਮਾਘੀ ਮੌਕੇ ਭਾਈ ਅੰਮ੍ਰਿਤਪਾਲ ਸਿੰਘ ਭਾਈ ਮਹਾਂ ਸਿੰਘ ਹਾਲ ਵਿਖੇ ਸੰਗਤ ਨੂੰ ਸੰਬੋਧਨ ਕਰਨਗੇ।‌ ਇਸ ਵਾਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਕੋਈ ਕਾਨਫਰੰਸ ਨਹੀਂ ਕੀਤੀ ਜਾ ਰਹੀ।

ਨਿਹੰਗ ਸਿੰਘਾਂ ਨੇ ਛਾਉਣੀਆਂ ਬਣਾਈਆਂ

ਚਾਲੀ ਮੁਕਤਿਆਂ ਦੀ ਯਾਦ ’ਚ ਲੱਗਣ ਵਾਲੇ ਮੇਲਾ ਮਾਘੀ ਸਬੰਧੀ ਨਿਹੰਗ ਸਿੰਘਾਂ ਨੇ ਆਪਣੀਆਂ ਛਾਉਣੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਬਾਬਾ ਬਿਧੀ ਚੰਦ, ਸੁਰ ਸਿੰਘ, ਤਰਨਾ ਦਲ, ਬੁੱਢਾ ਦਲ, ਹਰੀਆਂ ਵੇਲਾਂ ਤੇ ਹੋਰ ਕਈ ਜਥਿਆਂ ਦੇ ਜਥੇਦਾਰ, ਫੌਜਾਂ ਸਣੇ ਪਹੁੰਚ ਗਏ ਹਨ। ਨਿਹੰਗ ਸਿੰਘਾਂ ਦੀਆਂ ਸਥਾਈ ਛਾਉਣੀਆਂ ਗੁਰਦੁਆਰਾ ਟਿੱਬੀ ਸਾਹਿਬ ਕੋਲ ਹਨ। ਨਿਹੰਗ ਸਿੰਘ ਰਣਜੋਧ ਸਿੰਘ ਨੇ ਦੱਸਿਆ ਕਿ ਨਿਹੰਗ ਸਿੰਘ ਆਪਣੀਆਂ ਛਾਉਣੀਆਂ ’ਚ ਦਸਮ ਗ੍ਰੰਥ ਦਾ ਪਾਠ ਕਰਦੇ ਹਨ ਜਿਨ੍ਹਾਂ ਦਾ ਭੋਗ 14 ਜਨਵਰੀ ਨੂੰ ਪਵੇਗਾ।