ਛੇੜਛਾੜ ਮਾਮਲਾ-ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਵਾਲੇ ਕੋਲੋਂ ਪੁੱਛ-ਪੜਤਾਲ ਅੱਜ

ਛੇੜਛਾੜ ਮਾਮਲਾ-ਇੱਕ ਕਰੋੜ ਰੁਪਏ ਦੀ ਪੇਸ਼ਕਸ਼ ਕਰਨ ਵਾਲੇ ਕੋਲੋਂ ਪੁੱਛ-ਪੜਤਾਲ ਅੱਜ

ਪੜਤਾਲੀਆ ਟੀਮ ਨੇ ਜਾਰੀ ਕੀਤਾ ਨੋਟਿਸ; ਪੁਲੀਸ ਨੇ ਕੇਸ ’ਚ ਧਾਰਾ 509 ਆਈਪੀਸੀ ਜੋੜੀ
ਚੰਡੀਗੜ੍ਹ- ਹਰਿਆਣਾ ਦੇ ਸਾਬਕਾ ਖੇਡ ਮੰਤਰੀ ਸੰਦੀਪ ਸਿੰਘ ਖ਼ਿਲਾਫ਼ ਛੇੜਛਾੜ ਦੇ ਮਾਮਲੇ ਦੀ ਜਾਂਚ ਕਰ ਰਹੀ ਪੜਤਾਲੀਆ ਟੀਮ ਨੇ ਜੂਨੀਅਰ ਮਹਿਲਾ ਕੋਚ ਨੂੰ ਇਕ ਕਰੋੜ ਰੁਪਏ ਅਤੇ ਵਿਦੇਸ਼ ਜਾਣ ਦੀ ਪੇਸ਼ਕਸ਼ ਕਰਨ ਦੇ ਮਾਮਲੇ ਵਿੱਚ ਹਰਿਆਣਾ ਰਾਜ ਅਥਲੈਟਿਕਸ ਐਸੋਸੀਏਸ਼ਨ ਦੇ ਮੈਂਬਰ ਨੂੰ ਨੋਟਿਸ ਜਾਰੀ ਕਰਦਿਆਂ ਭਲਕੇ ਸੋਮਵਾਰ ਨੂੰ ਪੁੱਛ-ਪੜਤਾਲ ਲਈ ਸੱਦਿਆ ਹੈ। ਸ਼ਿਕਾਇਤਕਰਤਾ ਨੇ ਵਿਸ਼ੇਸ਼ ਜਾਂਚ ਟੀਮ ਨੂੰ ਉਕਤ ਵਿਅਕਤੀ ਦਾ ਮੋਬਾਈਲ ਨੰਬਰ ਦਿੱਤਾ ਸੀ, ਜਿਸ ਨੇ ਉਸ ਨੂੰ ਕੇਸ ਰਫਾ-ਦਫਾ ਕਰਨ ਲਈ ਇਕ ਕਰੋੜ ਰੁਪਏ ਅਤੇ ਵਿਦੇਸ਼ ਜਾਉਣ ਦੀ ਪੇਸ਼ਕਸ਼ ਕੀਤੀ ਸੀ। ਪੁਲੀਸ ਨੇ ਉਕਤ ਮੋਬਾਈਲ ਨੰਬਰ ਦੀ ਜਾਂਚ ਕਰਦਿਆਂ ਉਕਤ ਵਿਅਕਤੀ ਨੂੰ ਸੀਆਰਪੀਸੀ ਦੀ ਧਾਰਾ 160 ਦੇ ਤਹਿਤ ਨੋਟਿਸ ਜਾਰੀ ਕਰਕੇ ਭਲਕੇ 9 ਜਨਵਰੀ ਨੂੰ ਪੁੱਛ-ਪੜਤਾਲ ਲਈ ਸੱਦਿਆ ਹੈ। ਹਾਲਾਂਕਿ ਪੁਲੀਸ ਵੱਲੋਂ ਉਕਤ ਵਿਅਕਤੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ। ਪੁਲੀਸ ਨੇ ਸੰਦੀਪ ਸਿੰਘ ਦੀ ਸੈਕਟਰ-7 ਸਥਿਤ ਰਿਹਾਇਸ਼ ’ਤੇ ਪਹੁੰਚ ਕੇ ਮੁੜ ਪੜਤਾਲ ਕੀਤੀ ਹੈ।

ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਸੰਦੀਪ ਸਿੰਘ ਮਾਮਲੇ ਦੀ ਜਾਂਚ ਕਰਦਿਆਂ ਸੰਦੀਪ ਸਿੰਘ ਖ਼ਿਲਾਫ਼ ਦਰਜ ਕੇਸ ਵਿੱਚ ਆਈਪੀਸੀ ਦੀ ਧਾਰਾ 509 ਜੋੜ ਦਿੱਤੀ ਹੈ। ਜਦਕਿ ਪਹਿਲਾਂ ਥਾਣਾ ਸੈਕਟਰ-26 ਦੀ ਪੁਲੀਸ ਨੇ ਕੇਸ ਆਈਪੀਸੀ ਦੀ ਧਾਰਾ 354, 354-ਏ, 354-ਬੀ, 342 ਅਤੇ 506 ਤਹਿਤ ਦਰਜ ਕੀਤਾ ਹੈ। ਇਸ ਗੱਲ ਦਾ ਖੁਲਾਸਾ ਪੀੜਤਾਂ ਦੇ ਵਕੀਲ ਦੀਪਾਂਸ਼ੂ ਬਾਂਸਲ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਪੀੜਤਾ ਵੱਲੋਂ ਘਟਨਾ ਵਾਲੇ ਦਿਨ ਪਾਏ ਕੱਪੜੇ ਵੀ ਬਰਾਮਦ ਕਰ ਲਏ ਹਨ ਅਤੇ ਧਾਰਾ ਵਿੱਚ ਵਾਧਾ ਕਰ ਦਿੱਤਾ ਹੈ। ਸ੍ਰੀ ਬਾਂਸਲ ਨੇ ਮੰਗ ਕੀਤੀ ਕਿ ਪੁਲੀਸ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੜਤਾਲ ਕਰੇ।

ਨਾਰਨੌਂਦ ਹਲਕੇ ਵਿੱਚ ਸੰਦੀਪ ਦੇ ਦਾਖਲੇ ’ਤੇ ਪਾਬੰਦੀ

ਨਾਰਨੌਂਦ ਵਿੱਚ ਅੱਜ ਹੋਈ ਪੰਚਾਇਤ ਵਿੱਚ ਸੈਂਕੜੇ ਪ੍ਰਤੀਨਿਧਾਂ ਨੇ ਸਰਬਸੰਮਤੀ ਨਾਲ ਸੰਦੀਪ ਸਿੰਘ ਦੀ ਨਾਰਨੌਂਦ ਅਤੇ ਆਸੇ-ਪਾਸੇ ਦੇ ਇਲਾਕਿਆਂ ਵਿੱਚ ਐਂਟਰੀ ਬੈਨ ਕਰ ਦਿੱਤੀ ਹੈ। ਜੇ ਉਹ ਇਲਾਕੇ ਵਿੱਚ ਦਿਖਾਈ ਦਿੱਤੇ ਤਾਂ ਉਨ੍ਹਾਂ ਦਾ ਵਿਰੋਧ ਕੀਤਾ ਜਾਵੇਗਾ। ਦਾਦਾ ਦੇਵਰਾਜ ਧਰਮਸ਼ਾਲਾ ਵਿੱਚ ਰਾਸ਼ਟਰਵਾਦੀ ਕਾਂਗਰਸੀ ਪਾਰਟੀ ਵਿਦਿਆਰਥੀ ਵਿੰਗ ਦੀ ਕੌਮੀ ਪ੍ਰਧਾਨ ਸੋਨੀਆ ਦੂਹਨ ਵੱਲੋਂ ਬੁਲਾਈ ਗਈ ਰੋਸ ਪੰਚਾਇਤ ਵਿੱਚ ਆਸੇ-ਪਾਸੇ ਦੇ ਸੈਂਕੜੇ ਖਾਪ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਸ ਦੌਰਾਨ ਵੱਡੀ ਗਿਣਤੀ ਪੰਚਾਇਤ ਪ੍ਰਤੀਨਿਧਾਂ ਨੇ ਕਸਬੇ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ।