ਰੂਸ-ਯੂਕਰੇਨ ਵਾਰਤਾ ਕਰਵਾ ਸਕਦਾ ਹੈ ਭਾਰਤ: ਅਮਰੀਕਾ

ਰੂਸ-ਯੂਕਰੇਨ ਵਾਰਤਾ ਕਰਵਾ ਸਕਦਾ ਹੈ ਭਾਰਤ: ਅਮਰੀਕਾ

ਯੂਕਰੇਨ ’ਚ ਅਮਨ ਦੀ ਬਹਾਲੀ ਲਈ ਭਾਰਤ ਨਾਲ ਸਹਿਮਤੀ ਜਤਾਈ
ਵਾਸ਼ਿੰਗਟਨ- ਬਾਇਡਨ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤ ਤੇ ਅਮਰੀਕਾ ਇਸ ਗੱਲ ’ਤੇ ਸਹਿਮਤ ਹਨ ਕਿ ਯੂਕਰੇਨ ’ਚ ਸ਼ਾਂਤੀ ਦੀ ਬਹਾਲੀ ਬਹੁਤ ਜ਼ਰੂਰੀ ਹੈ ਅਤੇ ਭਾਰਤ ਉਨ੍ਹਾਂ ਮੁਲਕਾਂ ’ਚੋਂ ਇੱਕ ਹੋ ਸਕਦਾ ਹੈ ਜੋ ਕੂਟਨੀਤੀ ਰਾਹੀਂ ਯੂਕਰੇਨ-ਰੂਸ ਦਰਮਿਆਨ ਚੱਲ ਰਿਹਾ ਵਿਵਾਦ ਖਤਮ ਕਰ ਸਕੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈੱਡ ਪ੍ਰਾਈਸ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਯੂਕਰੇਨ ਸੰਘਰਸ਼ ’ਤੇ ਭਾਰਤ ਸਮੇਤ ਆਪਣੇ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਬਹੁਤ ਨੜਿਓਂ ਗੱਲਬਾਤ ਕਰ ਰਿਹਾ ਹੈ ਅਤੇ ਕੌਮਾਂਤਰੀ ਭਾਈਚਾਰਾ ਰੂਸ ਨੂੰ ਜਵਾਬਦੇਹ ਠਹਿਰਾਉਣ ਦੀ ਲੋੜ ਨੂੰ ਦ੍ਰਿੜ੍ਹਤਾ ਨਾਲ ਸਵੀਕਾਰ ਕਰਦਾ ਹੈ।

ਉਨ੍ਹਾਂ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅਸੀਂ ਭਾਰਤ ਨਾਲ ਇਸ ਗੱਲ ’ਤੇ ਪੂਰੀ ਤਰ੍ਹਾਂ ਸਹਿਮਤ ਹਾਂ ਕਿ ਯੂਕਰੇਨ ’ਚ ਅਮਨ ਦੀ ਬਹਾਲੀ ਜ਼ਰੂਰੀ ਹੈ। ਰਾਸ਼ਟਰਪਤੀ ਜ਼ੇਲੈਂਸਕੀ ਨੇ ਖੁਦ ਵੀ ਇਹੀ ਸੁਨੇਹਾ ਦਿੱਤਾ ਸੀ। ਜੀ-20 ਦੌਰਾਨ ਉਨ੍ਹਾਂ ਆਲਮੀ ਆਗੂਆਂ ਨੂੰ ਆਪਣੇ ਸ਼ਾਂਤੀ ਪ੍ਰਤੀ ਨਜ਼ਰੀਏ ਬਾਰੇ ਦੱਸਿਆ ਸੀ। ਅਸੀਂ ਇਸ ਦਾ ਸਵਾਗਤ ਕਰਕੇ ਹਾਂ।’ ਉਨ੍ਹਾਂ ਕਿਹਾ, ‘ਅਸੀਂ ਭਾਰਤ ਵੱਲੋਂ ਯੂਕਰੇਨ ਦੇ ਲੋਕਾਂ ਦੀ ਕੀਤੀ ਗਈ ਮਦਦ ਦਾ ਵੀ ਸਵਾਗਤ ਕਰਦੇ ਹਾਂ। ਭਾਰਤ ਨੇ ਮਦਦ ਮੁਹੱਈਆ ਕੀਤੀ ਅਤੇ ਰੂਸ ਵੱਲੋਂ ਯੂਕਰੇਨ ਖ਼ਿਲਾਫ਼ ਚਲਾਈ ਜਾ ਰਹੀ ਜੰਗ ਤੁਰੰਤ ਖਤਮ ਕਰਨ ਦਾ ਸੱਦਾ ਦਿੱਤਾ। ਅਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਚਾਰ ਕਿ ਅੱਜ ਦਾ ਸਮਾਂ ਜੰਗ ਦਾ ਨਹੀਂ ਹਾਂ, ਨਾਲ ਵੀ ਪੂਰੀ ਤਰ੍ਹਾਂ ਸਹਿਮਤ ਹਾਂ। ਉਨ੍ਹਾਂ ਇਹ ਗੱਲ ਜੀ-20 ਸੰਮੇਲਨ ਦੌਰਾਨ ਕਹੀ ਸੀ ਤੇ ਅਸੀਂ ਉਨ੍ਹਾਂ ਨੂੰ ਯੂਐੱਨ ’ਚ ਵੀ ਇਹ ਕਹਿੰਦਿਆਂ ਸੁਣਿਆ ਹੈ।’ ਉਨ੍ਹਾਂ ਕਿਹਾ ਕਿ ਅਮਰੀਕਾ ਦਾ ਮੰਨਣਾ ਹੈ ਕਿ ਭਾਰਤ ਜਿਹੇ ਮੁਲਕ ਜਿਨ੍ਹਾਂ ਦੇ ਰੂਸ ਤੇ ਯੂਕਰੇਨ ਦੋਵਾਂ ਨਾਲ ਰਿਸ਼ਤੇ ਹਨ, ਦੋਵਾਂ ਨੂੰ ਗੱਲਬਾਤ ਲਈ ਨੇੜੇ ਲਿਆਉਣ ਅਤੇ ਕੂਟਨੀਤੀ ਰਾਹੀਂ ਇਹ ਜੰਗ ਖਤਮ ਕਰਵਾਉਣ ਲਈ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਕਹਿਣਾ ਚਾਹੁੰਦੇ ਹਨ ਕਿ ਇੱਕ ਮੁਲਕ ਹੈ ਜਿਸ ਨੇ ਲਾਜ਼ਮੀ ਤੌਰ ’ਤੇ ਇਸ ਜੰਗ ਤੇ ਹਮਲਿਆਂ ਨੂੰ ਖਤਮ ਕਰਨ ਦੀ ਕੋਈ ਇੱਛਾ ਨਹੀਂ ਦਿਖਾਈ ਤੇ ਉਹ ਰੂਸ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਕਰੈਮਲਿਨ ਦੇ ਉਸ ਬਿਆਨ ਦਾ ਵੀ ਨੋਟਿਸ ਲਿਆ ਹੈ ਜਿਸ ’ਚ ਉਸ ਨੇ ਗੱਲਬਾਤ ਦੀ ਇੱਛਾ ਜ਼ਾਹਿਰ ਕੀਤੀ ਸੀ। ਪੱਤਰਕਾਰਾਂ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਪ੍ਰਾਈਸ ਨੇ ਕਿਹਾ ਕਿ ਰੂਸ ਵੱਲੋਂ ਯੂਕਰੇਨ ’ਤੇ ਕੀਤੇ ਜਾ ਹਮਲਿਆਂ ਦੇ ਮਾਮਲੇ ’ਚ ਅਮਰੀਕਾ ਆਪਣੇ ਸਹਿਯੋਗੀਆਂ ਤੇ ਭਾਈਵਾਲਾਂ ਨਾਲ ਬਹੁਤ ਨੇੜਿਓਂ ਗੱਲਬਾਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਰੂਸੀ ਜੰਗ ਕਾਰਨ ਸਿਰਫ਼ ਯੂਕਰੇਨ ਹੀ ਪ੍ਰਭਾਵਿਤ ਨਹੀਂ ਹੋ ਰਿਹਾ ਬਲਕਿ ਦੁਨੀਆ ਦੇ ਸਾਰੇ ਮੁਲਕ ਵੱਖ ਵੱਖ ਢੰਗਾਂ ਨਾਲ ਇਸ ਤੋਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਲੰਘੇ ਸਾਲ ਨਵੰਬਰ ’ਚ ਆਪਣੀ ਮਾਸਕੋ ਯਾਤਰਾ ਦੌਰਾਨ ਵਿਕਾਸਸ਼ੀਲ ਦੇਸ਼ਾਂ ਸਮੇਤ ਸਾਰੀ ਦੁਨੀਆ ਲਈ ਬਣੇ ਵਿੱਤੀ ਸੰਕਟ ’ਤੇ ਚਿੰਤਾ ਜ਼ਾਹਿਰ ਕੀਤੀ ਸੀ।

ਯੂਕਰੇਨ ਨੇ ਜੰਗਬੰਦੀ ਨੂੰ ਰੂਸ ਦੀ ਚਾਲ ਦੱਸਿਆ

ਕੀਵ: ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਕਿ ਇਹ ਸਪੱਸ਼ਟ ਨਹੀਂ ਹੈ ਕਿ ਰੂਸ ਆਰਥੋਡੌਕਸ ਈਸਾਈਆਂ ਵੱਲੋਂ ਮਨਾਏ ਜਾਣ ਵਾਲੇ ਕ੍ਰਿਸਮਸ ਲਈ 36 ਘੰਟੇ ਦੀ ਇੱਕਪਾਸੜ ਜੰਗਬੰਦੀ ਦਾ ਪਾਲਣ ਕਰ ਰਿਹਾ ਹੈ ਜਾਂ ਨਹੀਂ। ਯੂਕਰੇਨ ਨੇ ਜੰਗਬੰਦੀ ਨੂੰ ਰੂਸ ਦੀ ਚਾਲ ਦਸਦਿਆਂ ਇਸ ਦੀ ਨਿੰਦਾ ਕੀਤੀ ਹੈ। ਯੂਕਰੇਨ ਦੇ ਅਧਿਕਾਰੀਆਂ ਨੇ ਅੱਜ ਕਿਹਾ ਕਿ ਆਰਥੋਡੌਕਸ ਕ੍ਰਿਸਮਸ ਲਈ ਰੂਸ ਵੱਲੋਂ ਐਲਾਨੀ ਜੰਗਬੰਦੀ ਦੀ ਕੁਝ ਰੂਸੀ ਸੁਰੱਖਿਆ ਬਲਾਂ ਨੇ ਉਲੰਘਣਾ ਕੀਤੀ ਹੈ ਅਤੇ ਪੂਰਬੀ ਯੂਕਰੇਨ ਦੇ ਲੁਹਾਂਸਕ ਖੇਤਰ ’ਚ ਰੂਸ ਵੱਲੋਂ ਗੋਲਾਬਾਰੀ ਤੇ ਹਮਲੇ ਜਾਰੀ ਰਹਿਣ ਦੀ ਸੂਚਨਾ ਮਿਲੀ ਹੈ। ਇਸੇ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਨਵੇਂ ਫੌਜੀ ਸਹਾਇਤਾ ਪੈਕੇਜ ’ਚ ਟੈਂਕ ਤਬਾਹ ਕਰਨ ਵਾਲੇ ਬਖ਼ਤਰਬੰਦ ਵਾਹਨਾਂ ਨੂੰ ਸ਼ਾਮਲ ਕਰਨ ਲਈ ਅਮਰੀਕਾ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਰੂਸ ਖ਼ਿਲਾਫ਼ ਲੜਾਈ ’ਚ ਯੂਕਰੇਨ ਨੂੰ ਇਨ੍ਹਾਂ ਵਾਹਨਾਂ ਦੀ ਲੋੜ ਸੀ।