ਮਹਿਲਾ ਯਾਤਰੀ ਨਾਲ ਬਦਸਲੂਕੀ ਕਰਨ ਵਾਲਾ ਬੰਗਲੁਰੂ ਤੋਂ ਗ੍ਰਿਫ਼ਤਾਰ

ਮਹਿਲਾ ਯਾਤਰੀ ਨਾਲ ਬਦਸਲੂਕੀ ਕਰਨ ਵਾਲਾ ਬੰਗਲੁਰੂ ਤੋਂ ਗ੍ਰਿਫ਼ਤਾਰ

ਦਿੱਲੀ ਪੁਲੀਸ ਨੇ ਤਕਨੀਕੀ ਨਿਗਰਾਨੀ ਦੇ ਆਧਾਰ ’ਤੇ ਮੁਲਜ਼ਮ ਨੂੰ ਕੀਤਾ ਕਾਬੂ
ਨਵੀਂ ਦਿੱਲੀ/ਬੰਗਲੂਰੂ -ਦਿੱਲੀ ਪੁਲੀਸ ਨੇ ਏਅਰ ਇੰਡੀਆ ਦੀ ਉਡਾਣ ’ਚ ਮਹਿਲਾ ਸਹਿ-ਯਾਤਰੀ ’ਤੇ ਕਥਿਤ ਤੌਰ ’ਤੇ ਪਿਸ਼ਾਬ ਕਰਨ ਵਾਲੇ ਵਿਅਕਤੀ ਨੂੰ ਅੱਜ ਬੰਗਲੂਰੂ ਤੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਦਿੱਲੀ ਦੀ ਇੱਕ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਇਹ ਜਾਣਕਾਰੀ ਅੱਜ ਅਧਿਕਾਰੀਆਂ ਨੇ ਦਿੱਤੀ।

ਅਧਿਕਾਰੀਆਂ ਨੇ ਦੱਸਿਆ ਕਿ ਤਕਨੀਕੀ ਨਿਗਰਾਨੀ ਰਾਹੀਂ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਮੁਲਜ਼ਮ ਸ਼ੰਕਰ ਮਿਸ਼ਰਾ ਬੰਗਲੂਰੂ ’ਚ ਹੈ। ਸ਼ੰਕਰ ਮਿਸ਼ਰਾ ਨੇ ਪਿਛਲੇ ਸਾਲ 26 ਨਵੰਬਰ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਇੱਕ ਉਡਾਣ ਦੀ ਬਿਜ਼ਨਸ ਕਲਾਸ ’ਚ ਨਸ਼ੇ ਦੀ ਹਾਲਤ ਵਿੱਚ ਇੱਕ ਬਿਰਧ ਮਹਿਲਾ ’ਤੇ ਕਥਿਤ ਤੌਰ ’ਤੇ ਪਿਸ਼ਾਬ ਕਰ ਦਿੱਤਾ ਸੀ ਤੇ ਪੀੜਤ ਔਰਤ ਨੇ ਇਸ ਸਬੰਧੀ ਦਿੱਲੀ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ। ਦਿੱਲੀ ਪੁਲੀਸ ਦੇ ਡਿਪਟੀ ਕਮਿਸ਼ਨਰ (ਹਵਾਈ ਅੱਡਾ) ਰਵੀ ਕੁਮਾਰ ਸਿੰਘ ਨੇ ਦੱਸਿਆ ਕਿ ਦਿੱਲੀ ਪੁਲੀਸ ਦੀ ਇੱਕ ਟੀਮ ਨੇ ਇਸ ਮਾਮਲੇ ਦੇ ਮੁਲਜ਼ਮ ਸ਼ੰਕਰ ਮਿਸ਼ਰਾ ਨੂੰ ਬੰਗਲੂਰੂ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਗਰੋਂ ਮੁਲਜ਼ਮ ਨੂੰ ਦਿੱਲੀ ਲਿਆ ਕੇ ਪਟਿਆਲਾ ਹਾਊਸ ਅਦਾਲਤ ’ਚ ਪੇਸ਼ ਕੀਤਾ ਗਿਆ। ਪੁਲੀਸ ਅਦਾਲਤ ਤੋਂ ਮੁਲਜ਼ਮ ਦੇ ਤਿੰਨ ਰੋਜ਼ਾ ਰਿਮਾਂਡ ਦੀ ਮੰਗ ਕੀਤੀ ਪਰ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ।

ਦੂਜੇ ਪਾਸੇ ਬੰਗਲੂਰੂ ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਬੰਗਲੂਰੂ ਦੇ ਸੰਜੈ ਨਗਰ ’ਚ ਆਪਣੀ ਭੈਣ ਦੇ ਘਰ ਰਹਿ ਰਿਹਾ ਸੀ ਅਤੇ ਬੰਗਲੂਰੂ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰਨ ’ਚ ਦਿੱਲੀ ਪੁਲੀਸ ਦੀ ਮਦਦ ਕੀਤੀ। ਦਿੱਲੀ ਪੁਲੀਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਿਸ਼ਰਾ ਨੇ ਤਿੰਨ ਜਨਵਰੀ ਨੂੰ ਆਪਣਾ ਮੋਬਾਈਲ ਫੋਨ ਬੰਦ ਕਰ ਦਿੱਤਾ ਸੀ ਤੇ ਉਸ ਦੀ ਆਖਰੀ ਲੋਕੇਸ਼ਨ ਬੰਗਲੂਰੂ ਦੀ ਮਿਲੀ ਸੀ।