ਪੰਜਾਬ ਦੇ 500 ਪਿੰਡ ਬਣਨਗੇ ਸਮਾਰਟ: ਧਾਲੀਵਾਲ

ਪੰਜਾਬ ਦੇ 500 ਪਿੰਡ ਬਣਨਗੇ ਸਮਾਰਟ: ਧਾਲੀਵਾਲ

ਬਠਿੰਡਾ- ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਜਲਦੀ ਹੀ ਪੰਜਾਬ ਦੇ 500 ਪਿੰਡਾਂ ਨੂੰ ‘ਸਮਾਰਟ ਪਿੰਡ’ ਬਣਾਇਆ ਜਾਵੇਗਾ ਅਤੇ ਪੜਾਅਵਾਰ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਸਿਹਤ, ਸਿੱਖਿਆ ਅਤੇ ਖੇਡਾਂ ਤੋਂ ਇਲਾਵਾ ਹੋਰ ਜਿੰਨੀਆਂ ਵੀ ਸੁੱਖ-ਸਹੂਲਤਾਂ ਸ਼ਹਿਰਾਂ ’ਚ ਮਿਲਦੀਆਂ ਹਨ, ਉਹ ਪਿੰਡਾਂ ਵਿੱਚ ਮਿਲਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਕਿਸੇ ਵੀ ਐਨਆਰਆਈ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਪੰਜਾਬ ਸਰਕਾਰ ਇਸ ਨੂੰ ਤਰਜੀਹੀ ਆਧਾਰ ’ਤੇ ਦੂਰ ਕਰੇਗੀ। ਜ਼ਿਲ੍ਹੇ ਦੇ ਪਿੰਡ ਜੇਠੂਕੇ ਵਿੱਚ ਇੱਕ ਐਨਆਰਆਈ ਪਰਿਵਾਰ ਵੱਲੋਂ ਪ੍ਰਕਾਸ਼ ਕਰਵਾਏ ਖੁਸ਼ੀ ਦੇ ਅਖੰਡ ਪਾਠ ਦੇ ਭੋਗ ਮੌਕੇ ਸ਼ਿਰਕਤ ਕਰਨ ਪਹੁੰਚੇ ਸ੍ਰੀ ਧਾਲੀਵਾਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਦੇ ਹਿੱਤਾਂ ਲਈ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭ ਮਸਲੇ ਹੱਲ ਕੀਤੇ ਜਾਣਗੇ। ਇਸ ਮੌਕੇ ਉਨ੍ਹਾਂ ਨਾਲ ਮਰਹੂਮ ਲਾਭ ਸਿੰਘ ਦੇ ਪੁੱਤਰ ਜਗਤਾਰ ਸਿੰਘ, ਜਸਪਾਲ ਸਿੰਘ ਤੇ ਹਰਵਿੰਦਰ ਸਿੰਘ ਵੀ ਹਾਜ਼ਰ ਸਨ। ਕੈਬਨਿਟ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਪਿਛਲੇ ਇੱਕ ਮਹੀਨੇ ਤੋਂ ਐਨਆਰਆਈ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਸੁਣ ਰਹੀ ਹੈ ਅਤੇ ਐੱਨਆਰਆਈਜ਼ ਨਾਲ ਸਬੰਧਤ ਕਰੀਬ 650 ਕੇਸ ਵੱਖ-ਵੱਖ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ ਨੂੰ ਸੌਂਪੇ ਹੋਏ ਹਨ, ਜੋ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਐੱਨਆਰਆਈਜ਼ ਦੀਆਂ ਸਮੱਸਿਆਵਾਂ ਸੁਨਣ ਲਈ ਬਠਿੰਡਾ ਵਿੱਚ ਅਪਰੈਲ ਮਹੀਨੇ ’ਚ ਦੁਬਾਰਾ ਵਿਸ਼ੇਸ਼ ਕੈਂਪ ਲਾਇਆ ਜਾਵੇਗਾ।