‘ਸਿੰਘ ਗਰੁੱਪ’ ਨੇ 35 ਲੜਕਿਆਂ ਨੂੰ ਸਿਖਾਏ ਦਸਤਾਰਬੰਦੀ ਦੇ ਗੁਰ

‘ਸਿੰਘ ਗਰੁੱਪ’ ਨੇ 35 ਲੜਕਿਆਂ ਨੂੰ ਸਿਖਾਏ ਦਸਤਾਰਬੰਦੀ ਦੇ ਗੁਰ

ਲੰਬੀ – ਪਿੰਡ ਘੁਮਿਆਰਾ ਵਿਖੇ ਨਵੀਂ ਪੀੜ੍ਹੀ ਨੂੰ ਸਿੱਖੀ ਸਰੂਪ ਨਾਲ ਜੋੜਨ ਪ੍ਰਤੀ ‘ਸਿੰਘ ਗਰੁੱਪ’ ਦੇ ਉਪਰਾਲੇ ਵਧੀਆ ਨਤੀਜੇ ਸਾਹਮਣੇ ਲਿਆ ਰਹੇ ਹਨ। ਪੰਜ ਦੋਸਤਾਂ ‘ਤੇ ਆਧਾਰਤ ਇਸ ਗਰੁੱਪ ਦੀ ਪ੍ਰੇਰਨਾ ਅਤੇ ਪਹਿਲਕਦਮੀ ਨਾਲ ਛੋਟੀ ਉਮਰ ਦੇ ਕਰੀਬ 35 ਲੜਕੇ ਦਸਤਾਰਾਂ ਸਜਾਉਣ ਦੇ ਰਾਹ ਪੈ ਗਏ ਹਨ। ਪ੍ਰਕਾਸ਼ ਸਿੰਘ, ਰਮਨਦੀਪ ਸਿੰਘ, ਸੰਦੀਪ ਸਿੰਘ, ਭਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਨੇ ਪਹਿਲਾਂ ਦਸ ਦਿਨ ਇਨ੍ਹਾਂ ਲੜਕਿਆਂ ਨੂੰ ਨਾ ਸਿਰਫ਼ ਦਸਤਾਰ ਬੰਨ੍ਹਣ ਦੇ ਗੁਰ ਸਿਖਾਏ, ਬਲਕਿ ਬਾਅਦ ਵਿੱਚ ਉਨ੍ਹਾਂ ਅੰਦਰ ਦਸਤਾਰੰਬਦੀ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਗੁਰੂਘਰ ਵਿੱਚ ਦਸਤਾਰ ਮੁਕਾਬਲੇ ਵੀ ਕਰਵਾਏ। ਦਸਤਾਰ ਮੁਕਾਬਲੇ ਵਿੱਚ ਸੀਨੀਅਰ ਵਰਗ ‘ਚ ਕ੍ਰਮਵਾਰ ਹਰਸ਼ਦੀਪ ਸਿੰਘ ਅਤੇ ਰਘੁਪ੍ਰੀਤ ਸਿੰਘ ਜੇਤੂ ਰਹੇ। ਜੂਨੀਅਰ ਵਰਗ ‘ਚ ਮਨਿੰਦਰ ਸਿੰਘ ਨੇ ਪਹਿਲਾ ਅਤੇ ਸ਼ਰਨਦੀਪ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਸਿੰਘ ਗਰੁੱਪ ਦੇ ਮੈਂਬਰ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਅਜੋਕੇ ਮਾਹੌਲ ਵਿੱਚ ਨਵੀਂ ਪੀੜ੍ਹੀ ਨੂੰ ਸਿੱਖੀ ਸਰੂਪ ਨਾਲ ਜੋੜ ਕੇ ਨਸ਼ਿਆਂ ਦੀ ਮਹਾਂਮਾਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਮੌਕੇ ਸਰਪੰਚ ਪ੍ਰਤੀਨਿਧੀ ਕੁਲਵੰਤ ਸਿੰਘ ਘੁਮਿਆਰਾ ਨੇ ਦਸਤਾਰ ਸਜਾ ਕੇ ਜੇਤੂ ਲੜਕਿਆਂ ਨੂੰ ਇਨਾਮ ਵੰਡੇ ਅਤੇ ਇਸ ਉਪਰਾਲੇ ਪ੍ਰਤੀ ਸਿੰਘ ਗਰੁੱਪ ਦੀ ਹੌਂਸਲਾ ਅਫ਼ਜਾਈ ਕੀਤੀ। ਇਸ ਮੌਕੇ ਕਾਫ਼ੀ ਗਿਣਤੀ ਪਿੰਡ ਵਾਸੀ ਮੌਜੂਦ ਸਨ।