ਸੁਲਤਾਨਪੁਰ ਲੋਧੀ ਨੂੰ ਖੂਬਸੂਰਤ ਸ਼ਹਿਰ ਬਣਾਉਣ ਦੀ ਮੁਹਿੰਮ ਵਿੱਢੀ

ਸੁਲਤਾਨਪੁਰ ਲੋਧੀ ਨੂੰ ਖੂਬਸੂਰਤ ਸ਼ਹਿਰ ਬਣਾਉਣ ਦੀ ਮੁਹਿੰਮ ਵਿੱਢੀ

ਸੀਚੇਵਾਲ ਨੇ ਦੁਕਾਨਦਾਰਾਂ ਤੇ ਲੋਕਾਂ ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾਂ ’ਚ ਪਾਉਣ ਦੀ ਕੀਤੀ ਅਪੀਲ
ਜਲੰਧਰ- ਬਾਬੇ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਨੂੰ ਦੇਸ਼ ਦੇ ਖੂਬਸੂਰਤ ਸ਼ਹਿਰਾਂ ਵਿੱਚ ਸ਼ਾਮਲ ਕਰਵਾਉਣ ਲਈ ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੁਹਿੰਮ ਆਰੰਭ ਦਿੱਤੀ ਹੈ। ਇਹ ਮੁਹਿੰਮ ਵਾਰਡ ਨੰਬਰ ਤਿੰਨ ਤੋਂ ਸ਼ੁਰੂ ਕੀਤੀ ਗਈ ਹੈ। ਵਾਰਡ ਦੀਆਂ ਗਲੀਆਂ ਵਿੱਚੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਖੁਦ ਕੂੜਾ ਇੱਕਠਾ ਕੀਤਾ। ਉਨ੍ਹਾਂ ਨੇ ਇਸ ਵਾਰਡ ਵਿੱਚ ਆਉਂਦੀਆਂ ਦੁਕਾਨਾਂ ’ਤੇ ਜਾ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਵਿੱਚ ਗਿੱਲਾ ਤੇ ਸੁੱਕਾ ਕੂੜਾ ਵੱਖ-ਵੱਖ ਡਸਟਬਿਨਾਂ ਵਿੱਚ ਪਾਉਣ ਤਾਂ ਜੋ ਸ਼ਹਿਰ ਨੂੰ ਮੁਕੰਮਲ ਤੌਰ ’ਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਸੰਤ ਸੀਚੇਵਾਲ ਨੇ ਕਿਹਾ ਕਿ ਜਿਸ ਤਰ੍ਹਾਂ ਸੰਗਤ ਦੇ ਸਹਿਯੋਗ ਨਾਲ ਪਵਿੱਤਰ ਕਾਲੀ ਵੇਈਂ ਨੂੰ ਨਿਰਮਲ ਬਣਾਇਆ ਗਿਆ ਹੈ, ਉਸੇ ਤਰ੍ਹਾਂ ਲੋਕਾਂ ਦੇ ਸਹਿਯੋਗ ਨਾਲ ਬਾਬੇ ਨਾਨਕ ਦੀ ਇਤਿਹਾਸਕ ਨਗਰੀ ਨੂੰ ਸਾਫ-ਸੁਥਰੀ ਤੇ ਸੁੰਦਰ ਬਣਾਇਆ ਜਾਵੇਗਾ। ਸੰਤ ਸੀਚੇਵਾਲ ਨੇ ਦੱਸਿਆ ਸਾਲ 2023 ਨੂੰ ਗਿੱਲਾ ਤੇ ਸੁੱਕਾ ਕੂੜਾ ਵੱਖ ਕਰਨ ਦੇ ਸਾਲ ਵਜੋਂ ਮਨਾਇਆ ਜਾ ਰਿਹਾ ਹੈ।