ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਟਰੱਕ ਡਰਾਈਵਰਾਂ ਨੇ ਕਰਵਾਏ ਨਵੇਂ ਸਾਲ ਦੇ ਸਮਾਗਮ

ਗੁਰਦੁਆਰਾ ਅਨੰਦਗੜ੍ਹ ਸਾਹਿਬ ਕਰਮਨ ਵਿਖੇ ਟਰੱਕ ਡਰਾਈਵਰਾਂ ਨੇ ਕਰਵਾਏ ਨਵੇਂ ਸਾਲ ਦੇ ਸਮਾਗਮ

ਭਾਰੀ ਠੰਡ ਦੌਰਾਨ ਲੰਗਰਾਂ ਦੇ ਕੀਤੇ ਵਿਸ਼ੇਸ਼ ਪ੍ਰਬੰਧ
ਫਰਿਜਨੋ, ਕੈਲੀਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕ): ਹਰ ਸਾਲ ਦੀ ਤਰਾਂ ਕੈਲੇਫੋਰਨੀਆਂ ਦੇ ਕਰਮਨ ਸਹਿਰ ਵਿੱਚ ‘‘ਗੁਰਦੁਆਰਾ ਅਨੰਦਗੜ੍ਹ ਸਾਹਿਬ” ਵਿਖੇ ਸਥਾਨਿਕ ਟਰੱਕ ਡਰਾਈਵਰਾਂ ਨੇ ਰਲ ਕੇ ਨਵੇਂ ਸਾਲ 2023 ਦੀ ਆਮਦ ਨੂੰ ਮੁੱਖ ਰੱਖਦੇ ਹੋਏ ਰਾਤਰੀ ਦੇ ਵਿਸੇਸ ਸਮਾਗਮ ਕਰਵਾਏ। ਜਿਸ ਦੌਰਾਨ ਪਾਠਾਂ ਦੇ ਭੋਗ ਉਪਰੰਤ ਗੁਰੂਘਰ ਦੇ ਹਜੂਰੀ ਜੱਥੇ ਨੇ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸੇ ਦੌਰਾਨ ਵਿਸੇਸ ਤੌਰ ’ਤੇ ਬੁਲਾਏ ਗਏ ਕਥਾ ਵਾਚਕ ਭਾਈ ਤਰਸੇਮ ਸਿੰਘ ਹਰਖੋਵਾਲ ਵਾਲਿਆਂ ਨੇ ਕਥਾ ਰਾਹੀ ਸੰਗਤਾਂ ਨੂੰ ਗੁਰ-ਇਤਿਹਾਸ ਸਰਵਨ ਕਰਵਾਇਆ। ਇਸ ਬਾਅਦ ਗੁਰੂ ਨਾਨਕ ਸਿੱਖ ਟੈਂਪਲ ਸਨਵਾਕੀਨ ਤੋਂ ਭਾਈ ਜੌਗਿੰਦਰ ਸਿੰਘ ਯੋਗੀ ਦੇ ਕੀਰਤਨੀ ਜੱਥੇ ਨੇ ਹਾਜਰੀ ਭਰੀ। ਜਸਵਿੰਦਰ ਸਿੰਘ ਸੀਰਾ ਥਾਂਦੀ ਨੇ ਸੰਗਤਾਂ ਨੂੰ ਸਿਮਰਨ ਕਰਵਾਇਆ। ਨਵੇਂ ਸਾਲ ਦੀ ਆਮਦ ’ਤੇ ਬੁਲਾਰੇ ਗੁਰਦੀਪ ਸਿੰਘ ਧਾਲੀਵਾਲ ਨੇ ਸੰਗਤਾਂ ਨੂੰ ਜ਼ਿੰਦਗੀ ਦਾ ਮੰਤਵ ਸਮਝਾਉਂਦੇ ਹੋਏ ਰਲ ਕੇ ਰਹਿਣ ਦੀ ਪ੍ਰੇਰਨਾ ਦਿੱਤੀ।
ਇਸ ਪ੍ਰੋਗਰਾਮ ਦੌਰਾਨ ਸਮੂੰਹ ਪ੍ਰਬੰਧਕਾਂ ਨੇ ਸਮੁੱਚੇ ਰਾਤਰੀ ਦੇ ਦੀਵਾਨਾ ਲਈ ਹੋਰ ਬਹੁ ਭਾਤੀ ਦਾਲਾਂ-ਸਬਜੀਆਂ, ਸਾਗ ਅਤੇ ਮੱਕੀ ਦੀ ਰੋਟੀ ਤੋਂ ਇਲਾਵਾ ਵਿਸੇਸ ਤੌਰ ’ਤੇ ਸੁਆਦਿਸਟ ਪੀਜੇ, ਕੌਫੀ ਆਦਿਕ ਦੇ ਲੰਗਰਾਂ ਦੇ ਪ੍ਰਬੰਧ ਵੀ ਕੀਤੇ ਗਏ ਸਨ। ਜਿੱਥੇ ਸੰਗਤਾਂ ਆਪਣੀ-ਆਪਣੀ ਸਰਧਾ ਮੁਤਾਬਕ ਗੁਰਬਾਣੀ, ਗੁਰ-ਇਤਿਹਾਸ ਅਤੇ ਲੰਗਰਾਂ ਨਾਲ ਜੁੜੀਆਂ। ਰਾਤ ਦੇ ਬਾਰਾ ਵਜੇ ਸਭ ਨੇ ਨਵੇਂ ਸਾਲ ਨੂੰ ਜੀ ਆਇਆ ਕਹਿੰਦੇ ਹੋਏ, ਦੁਨਿਆਵੀ ਸਾਂਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇੰਨਾਂ ਸਮੁੱਚੇ ਪ੍ਰਬੰਧਾ ਲਈ ਟਰੱਕ ਡਰਾਈਵਰ ਸੇਵਾਦਾਰਾਂ ਵਿੱਚੋਂ ਹਰਪ੍ਰੀਤ ਸਿੱਧੂ, ਕਮਲ ਪਬਲਾ, ਗਗਨ ਪਬਲਾ, ਗੁਰਜੋਤ ਬਿੱਲਾ, ਜੱਸ ਬੈਂਸ, ਬਬਲੂ, ਸਿੰਦਾ ਢਿੱਲੋ, ਗੁਰਦੀਪ ਅਟਵਾਲ, ਸੰਨੀ ਸੋਨੋ ਥਰੂਵੇ, ਅਮਨ, ਦੀਪਾ ਗਿੱਲ, ਸੰਧੂ, ਸੁੱਖਾ, ਬਲਜੀਤ, ਤਾਜ ਗਿੱਲ, ਦੀਪਾ ਗਿੱਲ, ਕੁਲਦੀਪ ਧਾਲੀਆਂ, ਸਤਿਨਾਮ ਭੰਗੂ ਆਦਿਕ ਬਹੁਤ ਸਾਰੇ ਸੱਜਣ ਸਾਮਲ ਸਨ, ਜਿੰਨਾਂ ਨੇ ਰਲ ਕੇ ਇਸ ਪ੍ਰੋਗਰਾਮ ਨਾਲ ਸਫਲ ਬਣਾਉਂਦੇ ਹੋਏ ਇਲਾਕੇ ਦੀਆਂ ਸੰਗਤਾਂ ਨੂੰ ਗੁਰੂ ਸਾਂਝੇ ਪ੍ਰੋਗਰਾਮ ਮਨਾਉਣ ਲਈ ਪ੍ਰੇਰਿਆ। ਸਮੁੱਚੇ ਪ੍ਰੋਗਰਾਮ ਦੀ ਸਫਲਤਾ ਲਈ ਸਮੂੰਹ ਪ੍ਰਬੰਧਕ ਵਧਾਈ ਦੇ ਪਾਤਰ ਹਨ।