ਕੈਲੀਫੋਰਨੀਆ ਵਿੱਚ ਮੀਂਹ, ਹੜ੍ਹ ਤੇ ਬਰਫਬਾਰੀ ਕਾਰਨ ਹਾਲਾਤ ਵਿਗੜੇ

ਕੈਲੀਫੋਰਨੀਆ ਵਿੱਚ ਮੀਂਹ, ਹੜ੍ਹ ਤੇ ਬਰਫਬਾਰੀ ਕਾਰਨ ਹਾਲਾਤ ਵਿਗੜੇ

ਸੈਕਰਾਮੈਂਟੋ : ਨਵੇਂ ਸਾਲ ਦੀ ਸ਼ੁਰੂਆਤ ਤੋਂ ਪਹਿਲਾਂ ਭਿਆਨਕ ਤੂਫਾਨ ਮਗਰੋਂ ਕੈਲੀਫੋਰਨੀਆ ਦੇ ਵਧੇਰੇ ਹਿੱਸਿਆਂ ’ਚ ਭਾਰੀ ਮੀਂਹ ਪਿਆ ਤੇ ਬਰਫਬਾਰੀ ਹੋਈ ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਤੇ ਕਈ ਰਾਜਮਾਰਗ ਬੰਦ ਹੋ ਗਏ ਜਦਕਿ ਸਿਏਰਾ ਨੇਵਾਦਾ ’ਚ ਦੋ ਫੁੱਟ ਤੱਕ ਬਰਫ ਪੈਣ ਦੀ ਚਿਤਾਵਨੀ ਹੈ। ਸੈਕਰਾਮੈਂਟੋ ’ਚ ਕੌਮੀ ਮੌਸਮ ਸੇਵਾ ਨੇ ਵਾਹਨ ਚਾਲਕਾਂ ਨੂੰ ਜੋਖਮ ਭਰੇ ਹਾਲਾਤ ਬਾਰੇ ਚਿਤਾਵਨੀ ਦਿੱਤੀ ਅਤੇ ਬਰਫ ਨਾਲ ਢਕੇ ਪਹਾੜੀ ਰਾਹਾਂ ’ਤੇ ਟਰੈਫਿਕ ਦੀਆਂ ਤਸਵੀਰਾਂ ਟਵਿੱਟਰ ’ਤੇ ਪੋਸਟ ਕੀਤੀਆਂ ਜਿੱਥੇ ਵਾਹਨਾਂ ਨੂੰ ਜੰਜੀਰਾਂ ਜਾਂ ਫੋਰਵ੍ਹੀਲ ਡਰਾਈਵ ਦੀ ਜਰੂਰਤ ਸੀ। ਵਿਭਾਗ ਅਨੁਸਾਰ ਹੜ੍ਹਾਂ ਤੇ ਪਹਾੜ ਖਿਸਕਣ ਕਾਰਨ ਉੱਤਰੀ ਕੈਲੀਫੋਰਨੀਆ ’ਚ ਸੜਕਾਂ ਦੇ ਕੁਝ ਹਿੱਸੇ ਬੰਦ ਹੋ ਗਏ ਹਨ। ਸੈਕਰਾਮੈਂਟੋ ਨਿਗਮ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਬਿਜਲੀ ਸਪਲਾਈ ਠੱਪ ਹੋਣ ਕਾਰਨ 1.53 ਲੱਖ ਲੋਕ ਪ੍ਰਭਾਵਿਤ ਹੋਏ ਹਨ। ਨਿਗਮ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਾਜਮ ਇਸ ਭਿਆਨਕ ਬਰਫੀਲੇ ਤੂਫਾਨ ਤੋਂ ਪੀੜਤ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਬਿਜਲੀ ਸਪਲਾਈ ਬਹਾਲ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੌਸਮ ਵਿਭਾਗ ਨੇ ਕਿਹਾ ਕਿ ਬਹੁਤ ਸਾਰੀਆਂ ਸੜਕਾਂ ਬੰਦ ਹੋ ਗਈਆਂ ਹਨ। ਸੈਕਰਾਮੈਂਟੋ ਕਾਊਂਟੀ ਨੇ ਵਿਲਟਨ ਦੇ ਲੋਕਾਂ ਨੂੰ ਹੜ੍ਹਾਂ ਦੀ ਚਿਤਾਵਨੀ ਦਿੰਦਿਆਂ ਇਲਾਕਾ ਖਾਲੀ ਕਰਨ ਦੀ ਅਪੀਲ ਕੀਤੀ ਹੈ।
ਦੂਜੇ ਪਾਸੇ ਸਾਂ ਫਰਾਂਸਿਸਕੋ ’ਚ 5 ਇੰਚ ਤੱਕ ਮੀਂਹ ਪਿਆ ਹੈ ਜੋ ਕਿ ਨਵੰਬਰ 1994 ਤੋਂ ਬਾਅਦ ਪਿਆ ਸਭ ਤੋਂ ਵੱਧ ਮੀਂਹ ਹੈ। ਵਿਭਾਗ ਨੇ ਕਿਹਾ ਕਿ ਮੀਂਹ ਲਗਾਤਾਰ ਪੈ ਰਿਹਾ ਹੈ ਤੇ ਤਿੰਨ ਦਹਾਕੇ ਪੁਰਾਣਾ ਮੀਂਹ ਦਾ ਰਿਕਾਰਡ ਟੁੱਟਣ ਦਾ ਖਦਸ਼ਾ ਹੈ। ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਕਿਹਾ ਕਿ ਹੜ੍ਹਾਂ ਕਾਰਨ ਯੂਐੱਸ 101 ਦਾ ਸੈਕਸ਼ਨ ਬੰਦ ਕਰ ਦਿੱਤਾ ਗਿਆ ਹੈ। ਸਾਂ ਫਰਾਂਸਿਸਕੋ ਦੀਆਂ ਸੜਕਾਂ ’ਤੇ ਚਿੱਕੜ ਭਰੇ ਵਗਦੇ ਪਾਣੀ ਦੀਆਂ ਵੀਡੀਓਜ ਵੀ ਸੋਸ਼ਲ ਮੀਡੀਆ ’ਤੇ ਨਸ਼ਰ ਹੋਈਆਂ ਹਨ।