ਅਰਵਿੰਦ ਕੇਜਰੀਵਾਲ ਵੱਲੋਂ 50 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ

ਅਰਵਿੰਦ ਕੇਜਰੀਵਾਲ ਵੱਲੋਂ 50 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ

ਨਵੇਂ ਵਰ੍ਹੇ ਵਿੱਚ 1500 ਹੋਰ ਬੱਸਾਂ ਖਰੀਦੇਗੀ ਦਿੱਲੀ ਸਰਕਾਰ: ਮੁੱਖ ਮੰਤਰੀ
ਨਵੀਂ ਦਿੱਲੀ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2025 ਤਕ ਦਿੱਲੀ ਦੀਆਂ 80 ਫ਼ੀਸਦ ਬੱਸਾਂ ਸੜਕਾਂ ’ਤੇ ਬਿਜਲੀ ਨਾਲ ਦੌੜਨਗੀਆਂ ਅਤੇ ਈ-ਬੱਸਾਂ ਚਲਾਉਣ ਨਾਲ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਘੱਟ ਕਰਨ ’ਚ ਮਦਦ ਮਿਲੇਗੀ। ਉਹ ਅੱਜ ਦਿੱਲੀ ਦੇ ਰਾਜਘਾਟ ਡਿੱਪੂ ਵਿੱਚ 50 ਇਲੈਕਟ੍ਰਿਕ ਬੱਸਾਂ ਨੂੰ ਹਰੀ ਝੰਡੀ ਦਿਖਾਉਣ ਉਪਰੰਤ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਦਿੱਲੀ ਟਰਾਂਸਪੋਰਟ ਵਿਭਾਗ ਦੇ ਮੰਤਰੀ ਕੈਲਾਸ਼ ਗਹਿਲੋਤ ਤੇ ਅਧਿਕਾਰੀ ਵੀ ਹਾਜ਼ਰ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਇਸ ਸਾਲ 2023 ਵਿੱਚ ਅਜਿਹੀਆਂ ਹੋਰ 1500 ਬੱਸਾਂ ਖਰੀਦੇਗੀ ਅਤੇ 2025 ਤੱਕ 6380 ਇਲੈਕਟ੍ਰਿਕ ਬੱਸਾਂ ਦੀ ਖਰੀਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਕੋਲ ਹੁਣ 300 ਇਲੈਕਟ੍ਰਿਕ ਬੱਸਾਂ ਹਨ ਤੇ ਰਾਜਧਾਨੀ ਦੀਆਂ ਸੜਕਾਂ ’ਤੇ ਕੁੱਲ 7379 ਬੱਸਾਂ ਦੌੜ ਰਹੀਆਂ ਹਨ, ਜੋ ਪਿਛਲੇ 75 ਸਾਲਾਂ ਵਿੱਚ ਸਭ ਤੋਂ ਵੱਧ ਗਿਣਤੀ ਹੈ। ਉਨ੍ਹਾਂ ਕਿਹਾ ਕਿ 7379 ਬੱਸਾਂ ਵਿੱਚੋਂ 4000 ਤੋਂ ਵੱਧ ਦਿੱਲੀ ਟਰਾਂਸਪੋਰਟ ਵਿਭਾਗ ਅਤੇ 3000 ਤੋਂ ਵੱਧ ਬੱਸਾਂ ਡੀਆਈਐਮਟੀਐੱਸ ਵੱਲੋਂ ਚਲਾਈਆਂ ਜਾ ਰਹੀਆਂ ਹਨ। ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਵੱਲੋਂ ਲਗਪਗ 100 ਇਲੈਕਟ੍ਰਿਕ ਫੀਡਰ ਬੱਸਾਂ ਹੀ ਚਲਾਈਆਂ ਜਾ ਰਹੀਆਂ ਹਨ, ਪਰ ਜੋ ਬੱਸਾਂ ਉਹ ਨਹੀਂ ਚਲਾ ਸਕਦੇ ਉਨ੍ਹਾਂ ਨੂੰ ਦਿੱਲੀ ਸਰਕਾਰ ਨੇ ਆਪਣੇ ਹੱਥਾਂ ਵਿੱਚ ਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ 2025 ਤੱਕ ਦਿੱਲੀ ਦੀਆਂ ਸੜਕਾਂ ’ਤੇ 10,000 ਤੋਂ ਬੱਸਾਂ ਦੌੜਨਗੀਆਂ ਅਤੇ ਇਨ੍ਹਾਂ ਵਿੱਚੋਂ 80 ਫੀਸਦ ਬੱਸਾਂ ਬਿਜਲੀ ਨਾਲ ਚੱਲਣਗੀਆਂ। ਉਨ੍ਹਾਂ ਦੱਸਿਆ ਕਿ ਬੱਸ ਅੱਡਿਆਂ ਵਿੱਚ ਈ-ਚਾਰਜਰ ਪੁਆਇੰਟ ਸਥਾਪਤ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਤਿੰਨ ਡਿੱਪੂ ਪਹਿਲਾਂ ਹੀ ਇਸ ਸਹੂਲਤ ਨਾਲ ਲੈਸ ਹਨ। ਕੇਜਰੀਵਾਲ ਨੇ ਕਿਹਾ ਕਿ ਇਸ ਸਾਲ ਜੂਨ ਤੱਕ 17 ਬੱਸ ਡਿੱਪੂ ਅਤੇ ਦਸੰਬਰ ਤੱਕ 36 ਬੱਸ ਡਿੱਪੂਆਂ ਨੂੰ ਬਿਜਲਈਕਰਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਲੈਕਟ੍ਰਿਕ ਬੱਸਾਂ ਵਿੱਚ ਪੈਨਿਕ ਬਟਨ, ਜੀਪੀਐਸ ਤੇ ਕੈਮਰੇ ਲੱਗੇ ਹੋਣਗੇ।