ਲੰਮੀ ਚੁੱਪ ਤੋਂ ਬਾਅਦ ਨਵੇਂ ਸਾਲ ਮੌਕੇ ਹੋਰਡਿੰਗਾਂ ਵਿੱਚ ਨਜ਼ਰ ਆਏ ਮਨਪ੍ਰੀਤ ਬਾਦਲ

ਲੰਮੀ ਚੁੱਪ ਤੋਂ ਬਾਅਦ ਨਵੇਂ ਸਾਲ ਮੌਕੇ ਹੋਰਡਿੰਗਾਂ ਵਿੱਚ ਨਜ਼ਰ ਆਏ ਮਨਪ੍ਰੀਤ ਬਾਦਲ

ਬਠਿੰਡਾ- ਸਾਬਕਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਲੰਮੀ ਚੁੱਪ ਤੋਂ ਬਾਅਦ ਮੁੜ ਬਠਿੰਡਾ ਵਿੱਚ ਸਰਗਰਮੀ ਫੜਦੇ ਨਜ਼ਰ ਆ ਰਹੇ ਹਨ। ਨਵੇਂ ਵਰ੍ਹੇ ਮੌਕੇ ਮਨਪ੍ਰੀਤ ਸਿੰਘ ਬਾਦਲ ਨੇ ਵਿਰੋਧੀ ਕਾਂਗਰਸੀ ਧੜੇ ਤੋਂ ਪਾਸਾ ਵੱਟਦੇ ਹੋਏ ਸ਼ਹਿਰ ਵਿੱਚ ਲਗਾਏ ਗਏ ਹੋਰਡਿੰਗਾਂ ਵਿੱਚ ਬਠਿੰਡਾ ਵਾਸੀਆਂ ਨੂੰ ਵਧਾਈ ਦਿੱਤੀ। ਹੋਰਡਿੰਗਾਂ ਵਿੱਚ ਨਗਰ ਨਿਗਮ ਬਠਿੰਡਾ ਦੇ ਡਿਪਟੀ ਮੇਅਰ ਮਾਸਟਰ ਹਰਮੰਦਰ ਸਿੰਘ ਤੇ ਹੋਰ ਕਾਂਗਰਸੀ ਕੌਂਸਲਰ ਨਜ਼ਰ ਆ ਰਹੇ ਹਨ। ਗੌਰਤਲਬ ਹੈ ਜਦੋਂ ਕਾਂਗਰਸ ਭਾਰਤ ਜੋੜੇ ਯਾਤਰਾ ਵਿੱਚ ਸਰਗਰਮ ਨਜ਼ਰ ਆ ਰਹੀ ਹੈ ਤਾਂ ਮਨਪ੍ਰੀਤ ਸਿੰਘ ਬਾਦਲ ਨੇ ਲੰਮੀ ਚੁੱਪੀ ਤੋਂ ਬਾਅਦ ਸ਼ਹਿਰ ਅੰਦਰ ਵਧਾਈ ਭਰੇ ਹੋਰਡਿੰਗਾਂ ਨਾਲ ਦਸਤਕ ਦਿੱਤੀ ਹੈ ਜਿਸ ਤੋਂ ਸਾਫ਼ ਹੈ ਕਿ ਮਨਪ੍ਰੀਤ ਆਉਣ ਵਾਲੇ ਦਿਨਾਂ ਵਿੱਚ ਸਿਆਸੀ ਸਰਗਰਮੀਆਂ ਵਿੱਢ ਦੇਣਗੇ। ਗੌਰਤਲਬ ਹੈ ਬੀਤੇ ਦਿਨੀਂ ਬਠਿੰਡਾ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਤਾਜਪੋਸ਼ੀ ਸਮੇਂ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਅਸਿੱਧੇ ਸ਼ਬਦਾਂ ਵਿੱਚ ਮਨਪ੍ਰੀਤ ਸਿੰਘ ਬਾਦਲ ਵੱਲ ਨਿਸ਼ਾਨੇ ਸਾਧੇ ਸਨ ਅਤੇ ਇਸ ਦੇ ਜਵਾਬ ਵਿੱਚ ਭਾਵੇਂ ਮਨਪ੍ਰੀਤ ਸਿੰਘ ਖ਼ੁਦ ਚੁੱਪ ਵੱਟੀਂ ਰੱਖੀ ਪਰ ਉਨ੍ਹਾਂ ਦੇ ਰਿਸ਼ਤੇਦਾਰ ਜੈਜੀਤ ਸਿੰਘ ਜਾਹੌਲ ਵੱਲੋਂ ਸੋਸ਼ਲ ਮੀਡੀਆ ਜ਼ਰੀਏ ਜਵਾਬ ਦਿੱਤਾ ਸੀ ਅਤੇ ਮਨਪ੍ਰੀਤ ਸਿੰਘ ਬਾਦਲ ਦਾ ਧੜਾ ਤਾਜਪੋਸ਼ੀ ਸਮਾਗਮ ਮੌਕੇ ਗ਼ਾਇਬ ਰਿਹਾ ਸੀ। ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਕਿਸੇ ਵੀ ਕੀਮਤ ’ਤੇ ਬਠਿੰਡਾ ਵਿੱਚ ਆਪਣੀ ਸਿਆਸੀ ਪਕੜ ਢਿੱਲੀ ਨਹੀਂ ਪੈਣ ਦੇਣ ਚਾਹੁੰਦੇ। ਜ਼ਿਕਰਯੋਗ ਹੈ ਕਿ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਤੇ ਹੁਣ ਸਾਬਕਾ ਮੰਤਰੀ ਚਿਰੰਜੀ ਲਾਲ ਗਰਗ ਦੇ ਸਪੁੱਤਰ ਰਾਜਨ ਗਰਗ ਦਾ ਕਬਜ਼ਾ ਹੈ ਅਤੇ ਉਹ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਹਨ। ਗੌਰਤਲਬ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਮਨਪ੍ਰੀਤ ਸਿੰਘ ਬਾਦਲ ਵਿੱਚ ਲੰਮੇ ਸਮੇਂ ‘ਸਭ ਅੱਛਾ’ ਨਹੀਂ ਚੱਲ ਰਿਹਾ। ਬਠਿੰਡਾ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਦੀ ਧੜੇਬੰਦੀ ਜੱਗ ਜ਼ਾਹਿਰ ਹੈ।