ਪ੍ਰਧਾਨ ਮੰਤਰੀ ਦੀ ਮਾਤਾ ਪੰਜ ਤੱਤਾਂ ‘ਚ ਵਿਲੀਨ

ਪ੍ਰਧਾਨ ਮੰਤਰੀ ਦੀ ਮਾਤਾ ਪੰਜ ਤੱਤਾਂ ‘ਚ ਵਿਲੀਨ

ਗਾਂਧੀਨਗਰ ਪਹੁੰਚ ਕੇ ਮੋਦੀ ਨੇ ਅਰਥੀ ਨੂੰ ਦਿੱਤਾ ਮੋਢਾ
ਅਹਿਮਦਾਬਾਦ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਤਾ ਹੀਰਾਬੇਨ ਦਾ 99 ਸਾਲ ਦੀ ਉਮਰ ‘ਚ ਇਥੋਂ ਦੇ ਇਕ ਹਸਪਤਾਲ ‘ਚ ਦਿਹਾਂਤ ਹੋ ਗਿਆ ਹੈ | ਇਸ ਸਬੰਧੀ ਯੂ.ਐਨ. ਮਹਿਤਾ ਇੰਸਟੀਚਿਊਟ ਆਫ ਕਾਰਡੀਓਲਾਜੀ ਐਂਡ ਰਿਸਰਚ ਸੈਂਟਰ, ਜਿਥੇ ਮਾਤਾ ਹੀਰਾਬੇਨ ਨੂੰ ਸਿਹਤ ਖਰਾਬ ਹੋਣ ਤੋਂ ਬਾਅਦ ਬੁੱਧਵਾਰ ਨੂੰ ਦਾਖਲ ਕਰਵਾਇਆ ਗਿਆ ਸੀ, ਨੇ ਇਕ ਬੁਲੇਟਿਨ ਰਾਹੀਂ ਪ੍ਰਧਾਨ ਮੰਤਰੀ ਦੀ ਮਾਤਾ ਹੀਰਾਬੇਨ ਦੀ ਮੌਤ ਦੀ ਖਬਰ ਸਾਂਝੀ ਕੀਤੀ ਹੈ | ਮੈਡੀਕਲ ਬੁਲੇਟਿਨ ‘ਚ ਕਿਹਾ ਗਿਆ ਹੈ ਕਿ ਹੀਰਾਬੇਨ ਮੋਦੀ ਨੇ ਯੂ.ਐਨ. ਮਹਿਤਾ ਹਾਰਟ ਹਸਪਤਾਲ ਵਿਖੇ ਇਲਾਜ਼ ਦੌਰਾਨ 30 ਦਸੰਬਰ ਤੜਕੇ 3.30 ਵਜੇ ਆਖਰੀ ਸਾਹ ਲਏ | ਮਾਤਾ ਹੀਰਾਬੇਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਪੰਜ ਪੁੱਤਰ ਤੇ ਧੀ ਹੈ, ਜਿਨ੍ਹਾਂ ‘ਚ ਪੁੱਤਰ ਸੋਮਾਬਾਈ, ਅਮਿ੍ਤਭਾਈ, ਪ੍ਰਹਿਲਾਦਬਾਈ ਤੇ ਪੰਕਜਬਾਈ ਤੇ ਇਕ ਬੇਟੀ ਵਸੰਤੀਬੇਨ ਸ਼ਾਮਿਲ ਹੈ | ਹੀਰਾਬੇਨ ਦਾ ਅੰਤਿਮ ਸਸਕਾਰ ਅੱਜ ਸਵੇਰੇ 9.30 ਵਜੇ ਗਾਂਧੀਨਗਰ ਦੇ ਸਮਸ਼ਾਨਘਾਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਰਿਵਾਰਕ ਮੈਂਬਰ ਦੀ ਮੌਜੂਦਗੀ ‘ਚ ਕੀਤਾ ਗਿਆ | ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਸਾਬਕਾ ਮੁੱਖ ਮੰਤਰੀ ਵਿਜੈ ਰੁਪਾਨੀ ਤੇ ਸ਼ੰਕਰਸਿੰਨ ਵਾਘੇਲਾ, ਉਦਯੋਗਪਤੀ ਗੌਤਮ ਅਡਾਨੀ, ਲੇਖਕ ਤੇ ਧਾਰਮਿਕ ਆਗੂ ਸਵਾਮੀ ਸਚਿਦਾਨੰਦ, ਵਿਧਾਨ ਸਭਾ ਸਪੀਕਰ ਸ਼ੰਕਰ ਚੌਧਰੀ, ਰਾਜ ਸਭਾ ਮੈਂਬਰ ਜੁਗਲਜੀ ਠਾਕੁਰ, ਸਾਬਕਾ ਸਪੀਕਰ ਰਮਨਲਾਲ ਵੋਰਾ ਤੇ ਗੁਜਰਾਤ ਭਾਜਪਾ ਦੇ ਪ੍ਰਧਾਨ ਸੀ.ਆਰ. ਪਾਟਿਲ ਅੰਤਿਮ ਸਸਕਾਰ ਮੌਕੇ ਹਾਜ਼ਰ ਸਨ | ਇਸ ਤੋਂ ਪਹਿਲਾਂ ਆਪਣੀ ਮਾਤਾ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ ਜਹਾਜ਼ ਰਾਹੀਂ ਦਿੱਲੀ ਤੋਂ ਅਹਿਮਦਾਬਾਦ ਪੁੱਜੇ, ਜਿਥੋਂ ਉਹ ਆਪਣੇ ਭਰਾ ਪੰਕਜ ਮੋਦੀ ਦੇ ਗ੍ਰਹਿ ਰਾਇਸਨ ਪਿੰਡ ਵਿਖੇ ਗਏ, ਜਿਥੇ ਉਨ੍ਹਾਂ ਦੀ ਮਾਤਾ ਦੀ ਮਿ੍ਤਕ ਦੇਹ ਰੱਖੀ ਹੋਈ ਸੀ | ਇਥੇ ਪ੍ਰਧਾਨ ਮੰਤਰੀ ਨੇ ਮਾਤਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਤੇ ਉਨ੍ਹਾਂ ਦੇ ਪੈਰਾਂ ‘ਤੇ ਮੱਥਾ ਟੇਕਿਆ | ਇਸ ਤੋਂ ਬਾਅਦ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਭਰਾਵਾਂ ਨੇ ਅਰਥੀ ਨੂੰ ਮੌਢਾ ਦੇ ਕੇ ਮਿ੍ਤਕ ਦੇਹ ਨੂੰ ਕੁਝ ਦੂਰੀ ‘ਤੇ ਖੜ੍ਹੀ ਸਮਸ਼ਾਨਘਾਟ ਵਾਲੀ ਗੱਡੀ ‘ਚ ਰੱਖਿਆ | ਉਪਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮਸ਼ਾਨਘਾਟ ਵਾਲੀ ਗੱਡੀ ‘ਚ ਬੈਠ ਕੇ ਗਾਂਧੀਨਗਰ ਸ਼ਹਿਰ ਦੇ ਸੈਕਟਰ 30 ਸਥਿਤ ਸਮਸ਼ਾਨਘਾਟ ਵਿਖੇ ਪੁੱਜੇ, ਜਿਥੇ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਭਰਾਵਾਂ ਨੇ ਆਪਣੀ ਮਾਤਾ ਦੇ ਸਸਕਾਰ ਮੌਕੇ ਅੰਤਿਮ ਰਸਮਾਂ ਨਿਭਾਈਆਂ | ਸਸਕਾਰ ਉਪਰੰਤ ਪਰਿਵਾਰ ਦੇ ਇਕ ਮੈਂਬਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮਾਤਾ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਸਭਾ ਕੁਝ ਦਿਨ ਬਾਅਦ ਮੋਦੀ ਦੇ ਜੱਦੀ ਪਿੰਡ ਵਾਡਨਗਰ ਵਿਖੇ ਹੋਵੇਗੀ |