ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ

ਕ੍ਰਿਕਟਰ ਰਿਸ਼ਭ ਪੰਤ ਸੜਕ ਹਾਦਸੇ ’ਚ ਜ਼ਖ਼ਮੀ

ਦਿੱਲੀ-ਦੇਹਰਾਦੂਨ ਹਾਈਵੇਅ ’ਤੇ ਵਾਪਰਿਆ ਹਾਦਸਾ; ਹਾਲਤ ਖ਼ਤਰੇ ਤੋਂ ਬਾਹਰ
ਨਵੀਂ ਦਿੱਲੀ/ਦੇਹਰਾਦੂਨ- ਭਾਰਤੀ ਕ੍ਰਿਕਟਰ ਰਿਸ਼ਭ ਪੰਤ ਦੀ ਕਾਰ ਅੱਜ ਤੜਕੇ ਦਿੱਲੀ-ਦੇਹਰਾਦੂਨ ਹਾਈਵੇਅ ’ਤੇ ਸੜਕ ਦੇ ਡਿਵਾਈਡਰ ਨਾਲ ਟਕਰਾਉਣ ਕਾਰਨ ਹਾਦਸਾਗ੍ਰਸਤ ਹੋ ਗਈ। ਇਸ ਦੌਰਾਨ ਪੰਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। 25 ਸਾਲਾ ਪੰਤ ਆਪਣੇ ਘਰ ਰੁੜਕੀ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਉਸ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ। ਉਸ ਦੇ ਸਿਰ, ਪਿੱਠ ਅਤੇ ਪੈਰਾਂ ’ਤੇ ਸੱਟਾਂ ਲੱਗੀਆਂ ਹਨ ਪਰ ਉਸ ਦੀ ਹਾਲਤ ਸਥਿਰ ਹੈ।

ਹਰਿਦੁਆਰ ਦੇ ਐੱਸਐੱਸਪੀ ਅਜੈ ਸਿੰਘ ਨੇ ਕਿਹਾ, “ਹਰਿਦੁਆਰ ਜ਼ਿਲ੍ਹੇ ਦੇ ਮੰਗਲੌਰ ਵਿੱਚ ਸਵੇਰੇ 5.30 ਵਜੇ ਪੰਤ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ।’’ ਉਨ੍ਹਾਂ ਕਿਹਾ, ‘‘ਉਸ ਨੂੰ ਤੁਰੰਤ ਰੁੜਕੀ ਦੇ ਸਕਸ਼ਮ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਦੇਹਰਾਦੂਨ ਦੇ ਮੈਕਸ ਹਸਪਤਾਲ ਰੈਫਰ ਕੀਤਾ ਗਿਆ।’’ ਉਨ੍ਹਾਂ ਦੱਸਿਆ ਕਿ ਪੰਤ ਨੂੰ ਨੀਂਦ ਆ ਗਈ ਸੀ ਅਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਉਸ ਦੀ ਕਾਰ ਨੂੰ ਅੱਗ ਲੱਗ ਗਈ। ਉੱਥੋਂ ਲੰਘ ਰਹੀ ਹਰਿਆਣਾ ਰੋਡਵੇਜ਼ ਦੀ ਬੱਸ ਦੇ ਡਰਾਈਵਰ ਸੁਸ਼ੀਲ ਕੁਮਾਰ ਤੇ ਹੋਰ ਅਮਲੇ ਨੇ ਉਸ ਨੂੰ ਬਾਹਰ ਕੱਢਿਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਕਾਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ।

ਐਮਰਜੈਂਸੀ ਯੂਨਿਟ ਵਿੱਚ ਪੰਤ ਦਾ ਇਲਾਜ ਕਰਨ ਵਾਲੇ ਡਾ. ਸੁਸ਼ੀਲ ਨਾਗਰ ਨੇ ਕਿਹਾ ਕਿ ਪੰਤ ਦੇ ਗੋਡੇ ’ਤੇ ਸੱਟ ਲੱਗੀ ਹੈ, ਜਿਸ ਦੀ ਹੋਰ ਜਾਂਚ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ, ‘‘ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਉਹ ਪੂਰੀ ਤਰ੍ਹਾਂ ਹੋਸ਼ ਵਿੱਚ ਸੀ। ਉਸ ਨੇ ਆਪਣੀ ਮਾਤਾ ਨੂੰ ਬਿਨਾ ਦੱਸੇ ਘਰ ਜਾਣ ਦੀ ਯੋਜਨਾ ਬਣਾਈ ਸੀ।’’ ਉਨ੍ਹਾਂ ਕਿਹਾ, ‘‘ਉਸ ਦੇ ਸਿਰ ’ਤੇ ਸੱਟ ਲੱਗੀ ਹੈ ਪਰ ਮੈਂ ਟਾਂਕੇ ਨਹੀਂ ਲਾਏ। ਮੈਂ ਉਸ ਨੂੰ ਮੈਕਸ ਹਸਪਤਾਲ ਲਿਜਾਣ ਲਈ ਕਿਹਾ ਹੈ।’’ ਉਨ੍ਹਾਂ ਦੱਸਿਆ ਕਿ ਪੰਤ ਦੀ ਪਿੱਠ ’ਤੇ ਕਾਫੀ ਜ਼ਖ਼ਮ ਹੋਏ ਹਨ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਖ਼ਮ ਇਸ ਕਰਕੇ ਹੋਏ ਹਨ ਕਿਉਂਕਿ ਉਹ ਕਾਰ ਵਿੱਚ ਅੱਗ ਲੱਗਦਿਆਂ ਹੀ ਖਿੜਕੀ ਤੋੜ ਕੇ ਬਾਹਰ ਨਿਕਲ ਗਿਆ। ਪਿੱਠ ਭਾਰ ਡਿੱਗਣ ਕਾਰਨ ਉਸ ਦੀ ਚਮੜੀ ਛਿੱਲੀ ਗਈ। ਇਹ ਜ਼ਖ਼ਮ ਅੱਗ ਨਾਲ ਸੜਨ ਕਰਕੇ ਨਹੀਂ ਹੋਏ ਅਤੇ ਬਹੁਤੇ ਗੰਭੀਰ ਵੀ ਨਹੀਂ ਹਨ। ਮੈਕਸ ਹਸਪਤਾਲ ਦੇਹਰਾਦੂਨ ਦੇ ਮੈਡੀਕਲ ਸੁਪਰਡੈਂਟ ਡਾ. ਦਿਸ਼ਾਂਤ ਯਾਗਨਿਕ ਨੇ ਦੱਸਿਆ ਕਿ ਪਲਾਸਟਿਕ ਸਰਜਨਾਂ ਦੀ ਟੀਮ ਪੰਤ ਦੀ ਦੇਖਭਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪੰਤ ਨੇ ਬੰਗਲਾਦੇਸ਼ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ਵਿੱਚ ਭਾਰਤ ਦੀ ਜਿੱਤ ’ਚ ਅਹਮ ਭੂਮਿਕਾ ਨਿਭਾਈ ਸੀ। ਉਸ ਨੇ ਮੀਰਪੁਰ ਵਿੱਚ ਦੂਜੇ ਟੈਸਟ ’ਚ 93 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਸੀ।