ਤਿੰਨ ਸਾਲਾਂ ’ਚ ਪਿੰਡ ਪੱਧਰ ’ਤੇ ਸਥਾਪਤ ਹੋਣਗੀਆਂ 2 ਲੱਖ ਪ੍ਰਾਇਮਰੀ ਡੇਅਰੀਆਂ: ਸ਼ਾਹ

ਤਿੰਨ ਸਾਲਾਂ ’ਚ ਪਿੰਡ ਪੱਧਰ ’ਤੇ ਸਥਾਪਤ ਹੋਣਗੀਆਂ 2 ਲੱਖ ਪ੍ਰਾਇਮਰੀ ਡੇਅਰੀਆਂ: ਸ਼ਾਹ

ਮਾਂਡਯਾ (ਕਰਨਾਟਕ)- ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਤਿੰਨ ਸਾਲਾਂ ਵਿੱਚ ਦੇਸ਼ ਭਰ ’ਚ ਪਿੰਡ ਪੱਧਰ ’ਤੇ ਦੋ ਲੱਖ ਪ੍ਰਾਇਮਰੀ ਡੇਅਰੀਆਂ ਸਥਾਪਤ ਕੀਤੀਆਂ ਜਾਣਗੀਆਂ ਜਿਹੜੀਆਂ ਕਿਸਾਨਾਂ ਨੂੰ ‘ਸਫ਼ੇਦ ਕ੍ਰਾਂਤੀ’ ਨਾਲ ਜੋੜਨਗੀਆਂ ਅਤੇ ਭਾਰਤ ਨੂੰ ਦੁੱਧ ਖੇਤਰ ਵਿੱਚ ਵੱਡਾ ਬਰਾਮਦਕਾਰ ਬਣਾਉਣਗੀਆਂ। ਉਨ੍ਹਾਂ ਨੇ ਵੱਖਰਾ ਸਹਿਕਾਰਤਾ ਮੰਤਰਾਲਾ ਬਣਾਉਣ ਅਤੇ ਦੇਸ਼ ਦੇ ਕਿਸਾਨਾਂ ਲਈ ਵਿਕਾਸ ਦਾ ਰਾਹ ਖੋਲ੍ਹਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਵੀ ਕੀਤੀ।

ਸ਼ਾਹ ਨੇ ਆਖਿਆ, ‘‘ਆਜ਼ਾਦੀ ਦੇ ਤੁਰੰਤ ਮਗਰੋਂ ਭਾਰਤੀ ਕਿਸਾਨਾਂ ਨੇ ਮੰਗ ਕੀਤੀ ਸੀ ਕਿ ਸਹਿਕਾਰਤਾ ਮੰਤਰਾਲਾ ਖੇਤੀ ਮੰਤਰਾਲੇ ਤੋਂ ਵੱਖਰਾ ਹੋਣਾ ਚਾਹੀਦਾ ਹੈ। ਜੇਕਰ ਕਿਸੇ ਨੇ ਇਸ ’ਤੇ ਕੰਮ ਕੀਤਾ ਹੁੰਦਾ ਹੈ ਤਾਂ ਅੱਜ ਦੇਸ਼ ਦੇ ਕਿਸਾਨਾਂ ਦੀ ਸਥਿਤੀ ਕੁੱਝ ਹੋਰ ਹੁੰਦੀ।’’

ਇੱਥੇ ਗੈਜਲਗੇਰੇ ਵਿੱਚ ਇੱਕ ਵੱਡੀ ਡੇਅਰੀ ਦੇ ਉਦਘਾਟਨ ਮਗਰੋਂ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ, ‘‘ਇਸ ਸਟੇਜ ਤੋਂ ਮੈਂ ਦੇਸ਼ ਭਰ ਵਿੱਚ ਸਹਿਕਾਰੀ ਕਮੇਟੀਆਂ ਨਾਲ ਜੁੜੇ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੁਣ ਉਨ੍ਹਾਂ ਨਾਲ ਕੋਈ ਬੇਇਨਸਾਫ਼ੀ ਨਹੀਂ ਹੋਵੇਗੀ, ਇਹ ਭਾਰਤ ਸਰਕਾਰ ਦਾ ਫ਼ੈਸਲਾ ਹੈ।’’ ਸ਼ਾਹ ਨੇ ਕਿਹਾ ਕਿ ਅਗਲੇ ਤਿੰਨ ਸਾਲਾਂ ਵਿੱਚ ਦੇਸ਼ ਦੀ ਹਰ ਪੰਚਾਇਤ ਵਿੱਚ ਇੱਕ ਪ੍ਰਾਇਮਰੀ ਡੇਅਰੀ ਸਥਾਪਤ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਸ ਲਈ ਕੇਂਦਰੀ ਸਹਿਕਾਰਤਾ ਮੰਤਰਾਲੇ ਨੇ ਤਿੰਨ ਸਾਲਾ ਯੋਜਨਾ ਬਣਾਈ ਹੈ। ਇਸ ਸਮਾਗਮ ਮੌਕੇ ਕਰਨਾਟਕ ਦੇ ਮੁੱਖ ਮੰਤਰੀ ਬਾਸਵਰਾਜ ਬੋਮੱਈ, ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ, ਕੇਂਦਰੀ ਮੰਰਤੀ ਪ੍ਰਹਿਲਾਦ ਜੋਸ਼ੀ, ਸੂਬੇ ਦੇ ਸਹਿਕਾਰਤਾ ਮੰਤਰੀ ਐੱਸ.ਟੀ. ਸੋਮਸ਼ੇਖਰ ਆਦਿ ਹਾਜ਼ਰ ਸਨ।