ਸਰਕਾਰੀ ਕਮੇਟੀਆਂ ਤੇ ਸਾਂਝਾ ਮੋਰਚਾ ਵਿਚਾਲੇ ਗੱਠਜੋੜ ਟੁੱਟਿਆ

ਸਰਕਾਰੀ ਕਮੇਟੀਆਂ ਤੇ ਸਾਂਝਾ ਮੋਰਚਾ ਵਿਚਾਲੇ ਗੱਠਜੋੜ ਟੁੱਟਿਆ

ਕਿਸਾਨ ਆਗੂਆਂ ਨੇ ਭਗਵੰਤ ਮਾਨ ਨੂੰ ਪੱਤਰ ਲਿਖਿਆ
ਫ਼ਿਰੋਜ਼ਪੁਰ- ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ਦੀ ਜਾਂਚ ਸ਼ੁਰੂ ਹੋਣ ਤੋਂ ਦੂਜੇ ਦਿਨ ਹੀ ਸਰਕਾਰ ਵੱਲੋਂ ਕਾਇਮ ਕੀਤੀਆਂ ਜਾਂਚ ਕਮੇਟੀਆਂ ਅਤੇ ਸਾਂਝਾ ਮੋਰਚਾ ਵੱਲੋਂ ਬਣਾਈਆਂ ਕਮੇਟੀਆਂ ਵਿਚਾਲੇ ਗੱਠਜੋੜ ਟੁੱਟ ਗਿਆ ਹੈ। ਸਾਂਝੇ ਮੋਰਚਾ ਦੇ ਆਗੂਆਂ ਨੇ ਸਰਕਾਰੀ ਕਮੇਟੀਆਂ ਦੀ ਕਾਰਗੁਜ਼ਾਰੀ ’ਤੇ ਬੇਭਰੋਸਗੀ ਜ਼ਾਹਿਰ ਕਰਦਿਆਂ ਆਪਣੀਆਂ ਕਮੇਟੀਆਂ ਨੂੰ ਇਸ ਜਾਂਚ ਤੋਂ ਵੱਖ ਕਰ ਲਿਆ ਹੈ। ਇਸ ਬਾਬਤ ਆਗੂਆਂ ਨੇ ਮੁੱਖ ਮੰਤਰੀ ਨੂੰ ਚਿੱਠੀ ਵੀ ਲਿਖੀ ਹੈ, ਜਿਸ ਆਗੂਆਂ ਨੇ ਆਖਿਆ ਕਿ ਸਰਕਾਰੀ ਕਮੇਟੀਆਂ ਦੀ ਕਾਰਗੁਜ਼ਾਰੀ ਸ਼ੱਕੀ ਜਾਪਦੀ ਹੈ ਤੇ ਇਹ ਕਮੇਟੀਆਂ ਫੈਕਟਰੀ ਮਾਲਕਾਂ ਦਾ ਪੱਖ ਪੂਰ ਰਹੀਆਂ ਹਨ। ਆਗੂ ਮੰਗ ਕਰ ਰਹੇ ਹਨ ਕਿ ਅੰਦੋਲਨਕਾਰੀਆਂ ਖ਼ਿਲਾਫ਼ ਪਿਛਲੇ ਦਿਨੀਂ ਦਰਜ ਕੀਤੇ ਕੇਸ ਰੱਦ ਕੀਤੇ ਜਾਣ, ਫੈਕਟਰੀ ਅੰਦਰੋਂ ਸਬੂਤ ਨਸ਼ਟ ਕਰਨ ਦੇ ਦੋਸ਼ ਹੇਠ ਫੈਕਟਰੀ ਮਾਲਕ ਅਤੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ ਤੇ ਨੌਜਵਾਨ ਰਾਜਬੀਰ ਸਿੰਘ ਦੀ ਮੌਤ ਤੋਂ ਹਫ਼ਤਾ ਪਹਿਲਾਂ ਦਿੱਤੀ ਇੰਟਰਵਿਊ ਨੂੰ ਆਧਾਰ ਬਣਾ ਕੇ ਫੈਕਟਰੀ ਮਾਲਕ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਜਾਵੇ। ਆਗੂਆਂ ਨੇ ਸਪਸ਼ਟ ਆਖਿਆ ਕਿ ਸ਼ਰਾਬ ਫੈਕਟਰੀ ਦੀ ਵਜ੍ਹਾ ਕਰ ਕੇ ਗੰਧਲਾ ਹੋਇਆ ਪਾਣੀ ਲੋਕਾਂ ਲਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਰਿਹਾ ਹੈ। ਇਸ ਨੂੰ ਸਾਬਤ ਕਰਨ ਲਈ ਕਿਸੇ ਜਾਂਚ ਦੀ ਲੋੜ ਨਹੀਂ ਹੈ। ਫੈਕਟਰੀ ਮਾਲਕਾਂ ਤੋਂ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਮੋਰਚਾ ਆਗੂਆਂ ਨੇ ਅੱਜ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਸਰਕਾਰੀ ਨੁਮਾਇੰਦਾ ਦੱਸਦਿਆਂ ਉਨ੍ਹਾਂ ਖ਼ਿਲਾਫ਼ ਵੀ ਭੜਾਸ ਕੱਢੀ। ਚਿੱਠੀ ਲਿਖਣ ਤੋਂ ਪਹਿਲਾਂ ਸਾਂਝਾ ਮੋਰਚਾ ਨੇ ਡਿਪਟੀ ਕਮਿਸ਼ਨਰ ਨੂੰ ਸਰਕਾਰੀ ਜਾਂਚ ਕਮੇਟੀਆਂ ਉੱਪਰ ਨੋਡਲ ਅਫ਼ਸਰ ਲਾਏ ਜਾਣ ’ਤੇ ਵੀ ਇਤਰਾਜ਼ ਜ਼ਾਹਿਰ ਕੀਤਾ ਸੀ। ਆਗੂਆਂ ਨੂੰ ਜਾਂਚ ਅਧਿਕਾਰੀਆਂ ਨਾਲ ਭਾਰੀ ਗਿਣਤੀ ਵਿੱਚ ਪੁਲੀਸ ਦੇ ਫੈਕਟਰੀ ਵਿੱਚ ਜਾਣ ’ਤੇ ਵੀ ਸਖ਼ਤ ਇਤਰਾਜ਼ ਸੀ।

ਸ਼ੁੱਕਰਵਾਰ ਨੂੰ ਪੰਜ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਮਰਥਕਾਂ ਨਾਲ ਜ਼ੀਰਾ ਮੋਰਚੇ ਵਿੱਚ ਸ਼ਿਰਕਤ ਕੀਤੀ ਅਤੇ ਇਸ ਇਲਾਕੇ ਵਿਚ ਵਧ ਰਹੇ ਪ੍ਰਦੂਸ਼ਣ ਲਈ ਸ਼ਰਾਬ ਫ਼ੈਕਟਰੀ ਨੂੰ ਜ਼ਿੰਮੇਵਾਰ ਐਲਾਨਿਆ। ਆਗੂਆਂ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਫ਼ਿਕਰ ਕਰਨ ਦੀ ਬਜਾਇ ਪੂੰਜੀਪਤੀਆਂ ਦੀ ਪਿੱਠ ਥਾਪੜ ਰਹੀ ਹੈ। ਆਗੂਆਂ ਨੇ ਐਲਾਨ ਕਰਦਿਆਂ ਕਿਹਾ ਕਿ ਫੈਕਟਰੀ ਬੰਦ ਹੋਣ ਤੱਕ ਇਹ ਧਰਨਾ ਜਾਰੀ ਰਹੇਗਾ। ਸਾਰੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਜ਼ੀਰਾ ਸੰਘਰਸ਼ ਕਮੇਟੀ ਨੂੰ ਸਹਿਯੋਗ ਦੇਣਗੀਆਂ। ਸਾਬਕਾ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਨੇ ਅੱਜ ਉਚੇਚੇ ਤੌਰ ’ਤੇ ਪਹੁੰਚ ਕੇ ਸਾਂਝਾ ਮੋਰਚਾ ਨੂੰ ਹਮਾਇਤ ਦਾ ਭਰੋਸਾ ਦਿੱਤਾ।

ਸਾਂਝਾ ਮੋਰਚਾ ਦੀ ਗਿਆਰਾਂ ਮੈਂਬਰੀ ਕਮੇਟੀ ਦੇ ਮੈਂਬਰ ਸੰਦੀਪ ਸਿੰਘ ਨੇ ਅੱਜ ਦੱਸਿਆ ਕਿ ਕੈਬਨਿਟ ਮੰਤਰੀ ਹਰਜੋਤ ਬੈਂਸ ਅਤੇ ਕੁਲਦੀਪ ਧਾਲੀਵਾਲ ਨੇ ਸਾਂਝਾ ਮੋਰਚਾ ਦੇ ਟਵਿੱਟਰ ਖਾਤੇ ਨੂੰ ਬਲੌਕ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਹ ਲੰਮੇਂ ਸਮੇਂ ਤੋਂ ਸਰਕਾਰ ਦੀਆਂ ਗ਼ਲਤੀਆਂ, ਮੱਤੇਵਾੜਾ ਅਤੇ ਜ਼ੀਰਾ ਵਰਗੇ ਮੁੱਦਿਆਂ ’ਤੇ ਸਰਕਾਰ ਨੂੰ ਸਵਾਲ ਕਰ ਰਹੇ ਸਨ। ਇਸ ਤੋਂ ਪਹਿਲਾਂ ਪੰਜਾਬ ਤੋਂ ਰਾਜ ਸਭਾ ਮੈਂਬਰ ਹਰਭਜਨ ਸਿੰਘ ਵੀ ਉਨ੍ਹਾਂ ਨੂੰ ਟਵਿੱਟਰ ਤੋਂ ਬਲੌਕ ਕਰ ਚੁੱਕੇ ਹਨ।