ਘੱਗਰ ਦਾ ਪਾਣੀ ਪ੍ਰਦੂਸ਼ਿਤ ਕਰਨ ਵਾਲੀਆਂ ਸਨਅਤਾਂ ਖ਼ਿਲਾਫ਼ ਵੀ ਅੰਦੋਲਨ ਸ਼ੁਰੂ ਕਰਾਂਗੇ: ਰੁਲਦੂ ਸਿੰਘ

ਘੱਗਰ ਦਾ ਪਾਣੀ ਪ੍ਰਦੂਸ਼ਿਤ ਕਰਨ ਵਾਲੀਆਂ ਸਨਅਤਾਂ ਖ਼ਿਲਾਫ਼ ਵੀ ਅੰਦੋਲਨ ਸ਼ੁਰੂ ਕਰਾਂਗੇ: ਰੁਲਦੂ ਸਿੰਘ

ਮਾਨਸਾ- ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਕਿਹਾ ਕਿ ਘੱਗਰ ਦਰਿਆ ਦੇ ਪਾਣੀ ਨੂੰ ਜ਼ਹਿਰੀਲਾ ਬਣਾਉਣ ਵਾਲੀਆਂ ਸਨਅਤਾਂ ਖਿਲਾਫ਼ ਜ਼ੀਰਾ ਸ਼ਰਾਬ ਫੈਕਟਰੀ ਦੀ ਤਰਜ਼ ’ਤੇ ਅੰਦੋਲਨ ਚਲਾਇਆ ਜਾਵੇਗਾ, ਜਿਸ ਲਈ ਇਲਾਕੇ ਦੀਆਂ ਕਿਸਾਨ ਧਿਰਾਂ ਅਤੇ ਜਥੇਬੰਦਕ ਆਗੂਆਂ ਨਾਲ ਮਾਮਲਾ ਵਿਚਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ੁੱਧ ਅਤੇ ਸਾਫ਼ ਪਾਣੀ ਦੀ ਦੁਨੀਆ ਭਰ ਵਿੱਚ ਗੱਲ ਹੁੰਦੀ ਸੀ, ਪਰ ਫੈਕਟਰੀਆਂ ਤੇ ਉਦਯੋਗਾਂ ਵਾਲਿਆਂ ਨੇ ਇਥੋਂ ਦੇ ਦਰਿਆਵਾਂ, ਨਹਿਰਾਂ ਅਤੇ ਡਰੇਨਾਂ ਵਿੱਚ ਗੰਦਾ ਪਾਣੀ ਸੁੱਟ ਕੇ ਲੋਕਾਂ ਨੂੰ ਬਿਮਾਰ ਕਰ ਦਿੱਤਾ ਹੈ। ਉਨ੍ਹਾਂ ਪਿੰਡ ਭੈਣੀਬਾਘਾ ਵਿਚ ਜਥੇਬੰਦੀ ਦੀ ਬਲਾਕ ਪੱਧਰੀ ਚੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਦਰਿਆਵਾਂ ਅਤੇ ਨਹਿਰਾਂ ਦਾ ਪਾਣੀ ਪ੍ਰਦੂਸ਼ਤ ਕਰਨ ਵਾਲਿਆਂ ਖਿਲਾਫ਼ ਜਦੋਂ ਅਕਾਲੀਆਂ ਤੇ ਕਾਂਗਰਸੀਆਂ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਹੁਣ ਲੋਕਾਂ ਨੂੰ ਜਥੇਬੰਦੀਆਂ ’ਤੇ ਵੱਡੀ ਆਸ ਹੈ, ਜਿਸ ਕਰਕੇ ਕਿਸਾਨਾਂ ਧਿਰਾਂ ਵੱਲੋਂ ਰਾਜ ਦੀਆਂ ਸਾਰੀਆਂ ਉਨ੍ਹਾਂ ਫੈਕਟਰੀਆਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਹੈ, ਜਿਨ੍ਹਾਂ ਦਾ ਪਾਣੀ ਮਨੁੱਖੀ ਸਿਹਤ ਉਪਰ ਬੇਹੱਦ ਮਾੜਾ ਅਸਰ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਲੜਾਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਲੜੀ ਜਾਵੇਗੀ। ਇਸੇ ਦੌਰਾਨ ਪੰਜਾਬ ਕਿਸਾਨ ਯੂਨੀਅਨ ਬਲਾਕ ਮਾਨਸਾ ਦੀ ਚੋਣ ਜ਼ਿਲ੍ਹਾ ਪ੍ਰਧਾਨ (ਅਬਜ਼ਰਵਰ) ਰਾਮਫ਼ਲ ਸਿੰਘ ਚੱਕ ਅਲੀਸ਼ੇਰ ਦੀ ਪ੍ਰਧਾਨਗੀ ਹੇਠ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਪ੍ਰਧਾਨ ਜਗਤਾਰ ਸਿੰਘ ਸਹਾਰਨਾ ਚੁਣੇ ਗਏ।