ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ

ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਿਆ
ਨਵੀਂ ਦਿੱਲੀ – ਦਿੱਲੀ ਤੇ ਐਨਸੀਆਰ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਸਬੰਧੀ ਕਰਵਾਏ ਸਮਾਗਮਾਂ ਵਿੱਚ ਸੰਗਤ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਜਾਣਕਾਰੀ ਮੁਤਾਬਿਕ ਐੱਨਸੀਆਰ ਦੇ ਇਲਾਕਿਆਂ ਫਰੀਦਾਬਾਦ, ਗੁਰੂਗ੍ਰਾਮ, ਪਲਵਲ ਤੇ ਬੱਲਭਗੜ੍ਹ ਵਿਖੇ ਵੀ ਸਥਾਨਕ ਗੁਰਦੁਆਰਾ ਕਮੇਟੀਆਂ ਨੇ ਸ਼ਹੀਦੀਆਂ ਬਾਰੇ ਸਮਾਗਮ ਕਰਵਾਏ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਜੌਰੀ ਗਾਰਡਨ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਨ ਲਈ ਕੜਾਕੇ ਦੀ ਠੰਢ ਵਿੱਚ ਖੁੱਲ੍ਹੇ ਪੰਡਾਲ ਵਿੱਚ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਸਿੰਘ ਸਭਾ ਦੇ ਪ੍ਰਧਾਨ ਹਰਮਨਜੀਤ ਸਿੰਘ ਨੇ ਦੱਸਿਆ ਕਿ ਕਮੇਟੀ ਨੇ ਫੈਸਲਾ ਕੀਤਾ ਹੈ ਕਿ ਜਿਸ ਤਰ੍ਹਾਂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਨੇ ਕੜਾਕੇ ਦੀ ਠੰਢ ਵਿੱਚ ਰਾਤ ਗੁਜ਼ਾਰੀ, ਉਸੇ ਤਰ੍ਹਾਂ ਰਾਜੌਰੀ ਗਾਰਡਨ ਦੀ ਸੰਗਤ ਸੜਕ ’ਤੇ ਪੰਡਾਲ ਵਿੱਚ ਬੈਠੇਗੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤਾ। ਹਰਮਨਜੀਤ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਸਾਹਿਬਜ਼ਾਦਿਆਂ ਦਾ ਇਤਿਹਾਸ ਜ਼ਰੂਰ ਦੱਸਣਾ ਚਾਹੀਦਾ ਹੈ ਕਿਉਂਕਿ ਜੇਕਰ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗ ਗਿਆ ਤਾਂ ਉਹ ਸਿੱਖੀ ਤੋਂ ਕਦੇ ਦੂਰ ਨਹੀਂ ਜਾ ਸਕਦੇ। ਪੂਰਬੀ ਦਿੱਲੀ ਦੇ ਸ੍ਰੀ ਗੁਰੂ ਸਿੰਘ ਸਭਾ ਆਨੰਦ ਵਿਹਾਰ ਵਿਖੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਅਤੇ ਦਸ਼ਮੇਸ਼ ਪਬਲਿਕ ਸਕੂਲ, ਵਿਵੇਕ ਵਿਹਾਰ ਵੱਲੋਂ ਸਾਕਾ ਸਰਿਹੰਦ ਬਾਰੇ ਨਾਟਕੀ ਰੁਪਾਂਤਰ ਪੇਸ਼ ਕੀਤਾ ਗਿਆ। ਦਿੱਲੀ ਕਮੇਟੀ ਮੈਂਬਰ ਬਲਬੀਰ ਸਿੰਘ ਵਿਵੇਕ ਵਿਹਾਰ ਨੇ ਦੱਸਿਆ ਕਿ ਸਥਾਨਕ ਸੰਗਤ ਸਾਕਾ ਸਰਹਿੰਦ ਦੇਖ ਕੇ ਪ੍ਰਭਾਵਿਤ ਹੋਈ।

ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਲੰਗਰ

ਸ਼ਾਹਬਾਦ ਮਾਰਕੰਡਾ : ਮਾਤਾ ਗੁਜਰੀ ਤੇ ਸਾਹਿਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਗੁਰਦੁਆਰਾ ਮੰਡੋਖਰਾ ਸਾਹਿਬ ਵਲੋਂ ਸ਼ਾਹਬਾਦ ਲਾਡਵਾ ਰੋਡ ਸਥਿਤ ਪਿੰਡ ਸੂਜਰਾ ਦੇ ਬੱਸ ਅਡੇ ’ਤੇ ਰਾਹਗੀਰਾਂ ਲਈ ਚਾਹ ਤੇ ਪ੍ਰਸ਼ਾਦੇ ਦਾ ਲੰਗਰ ਲਾਇਆ ਗਿਆ। ਗੁਰਦੁਆਰਾ ਮੰਡੋਖਰਾ ਸਾਹਿਬ ਦੇ ਬਾਬਾ ਸੁਰਿੰਦਰ ਸਿੰਘ ਜੀ ਨੇ ਖੁਦ ਲੰਗਰ ਦਾ ਪ੍ਰਸ਼ਾਦਿ ਵੰਡਿਆ। ਬਾਬਾ ਜੀ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਆਪਣੇ ਧਰਮ ’ਤੇ ਕਾਇਮ ਰਹਿੰਦੇ ਹੋਏ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਦਿੱਤੀ ਪਰ ਮੁਸਲਿਮ ਧਰਮ ਕਬੂਲ ਨਹੀਂ ਕੀਤਾ।