ਲਤੀਫਪੁਰਾ ਮੋਰਚੇ ਵੱਲੋਂ ਪਹਿਲੀ ਨੂੰ ਪੀਏਪੀ ਚੌਕ ਜਾਮ ਕਰਨ ਦਾ ਐਲਾਨ

ਲਤੀਫਪੁਰਾ ਮੋਰਚੇ ਵੱਲੋਂ ਪਹਿਲੀ ਨੂੰ ਪੀਏਪੀ ਚੌਕ ਜਾਮ ਕਰਨ ਦਾ ਐਲਾਨ

ਆਦਮਪੁਰ ਦੋਆਬਾ (ਜਲੰਧਰ): ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਵੱਲੋਂ ਅੱਜ ਛੋਟੇ ਸਾਹਿਬਜਾਦਿਆਂ ਦਾ ਸਹੀਦੀ ਦਿਹਾੜਾ ਮਨਾਇਆ ਗਿਆ।ਇਸ ਮੌਕੇ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਇੰਟਰਨੈਸਨਲ ਪੰਥਕ ਪ੍ਰਸਿੱਧ ਕਵੀਸ਼ਰੀ ਜੱਥਾ ਵਲੋਂ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਜਥੇਬੰਦੀਆਂ ਤੇ ਪੀੜਤ ਲੋਕਾਂ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸੰਕਲਪ ਲਿਆ ਕਿ ਉਜਾੜੇ ਵਾਲੀ ਥਾਂ ਉੱਤੇ ਹੀ ਲਤੀਫਪੁਰਾ ਦਾ ਮੁੜ ਵਸੇਬਾ ਕਰਵਾਉਣ,ਪੀੜਤ ਲੋਕਾਂ ਨੂੰ ਹੋਏ ਨੁਕਸਾਨ ਦਾ ਮੁਆਵਜ਼ਾ ਦਿਵਾਉਣ ਤੇ ਵਧੀਕੀ ਕਰਨ ਵਾਲੇ ਡੀਸੀਪੀ ਤੇਜਾ ਖ਼ਿਲਾਫ਼ ਕਾਰਵਾਈ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਮੋਰਚੇ ਵਲੋਂ 1 ਜਨਵਰੀ ਨੂੰ ਪੀਏਪੀ ਵਿੱਚ ਜਾਮ ਕੀਤਾ ਜਾਵੇਗਾ। ਇਸ ਮੌਕੇ ਮੋਰਚੇ ਦੇ ਆਗੂਆਂ ਸੰਤੋਖ ਸਿੰਘ ਸੰਧੂ, ਡਾਕਟਰ ਗੁਰਦੀਪ ਸਿੰਘ ਭੰਡਾਲ,ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਸੰਬੋਧਨ ਕੀਤਾ। ਇਸ ਦੌਰਾਨ ਪੇਂਡੂ ਮਜਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਵੱਲੋਂ ਆਪਣੀਆਂ ਪੰਜਾਬ ਭਰ ਦੀਆਂ ਸਫਾਂ ਨੂੰ 1 ਜਨਵਰੀ ਨੂੰ ਪੀਏਪੀ ਚੌਕ ਵਿੱਚ ਲਤੀਫਪੁਰਾ ਮੁੜ ਵਸੇਬਾ ਸਾਂਝਾ ਮੋਰਚਾ ਦੀ ਅਗਵਾਈ ਹੇਠ ਕੀਤੇ ਜਾ ਰਹੇ ਹਾਈਵੇਅ ਜਾਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ, ਸੂਬਾ ਜਨਰਲ ਸਕੱਤਰ ਅਵਤਾਰ ਸਿੰਘ ਰਸੂਲਪੁਰ ਅਤੇ ਸੂਬਾ ਪ੍ਰੈੱਸ ਸਕੱਤਰ ਕਸਮੀਰ ਸਿੰਘ ਘੁੱਗਸੋਰ ਹਾਜ਼ਰ ਸਨ।