ਮੁੱਖ ਮੰਤਰੀ ਵੱਲੋਂ ਬਠਿੰਡਾ ਦੀਆਂ ਝੀਲਾਂ ਦੇ ਕਾਇਆ-ਕਲਪ ਦਾ ਐਲਾਨ

ਮੁੱਖ ਮੰਤਰੀ ਵੱਲੋਂ ਬਠਿੰਡਾ ਦੀਆਂ ਝੀਲਾਂ ਦੇ ਕਾਇਆ-ਕਲਪ ਦਾ ਐਲਾਨ

ਬਠਿੰਡਾ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਠਿੰਡਾ ਦੀਆਂ ਝੀਲਾਂ ਦਾ ਨਵੀਨੀਕਰਨ ਕਰ ਕੇ ਸ਼ਹਿਰ ਨੂੰ ਸੂਬੇ ਖ਼ਾਸਕਰ ਮਾਲਵਾ ਖ਼ਿੱਤੇ ਵਿੱਚ ਟੂਰਿਸਟ ਹੱਬ ਵਜੋਂ ਉਭਾਰਨ ਦਾ ਐਲਾਨ ਕੀਤਾ ਹੈ।

ਇੱਥੇ ਲੇਕ ਵਿਊ ਵਿਚ ਜ਼ਿਲ੍ਹੇ ਨਾਲ ਸਬੰਧਿਤ ਵਿਧਾਇਕਾਂ ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਵਿਸ਼ੇਸ਼ ਬੈਠਕ ਦੌਰਾਨ ਮੁੱਖ ਮੰਤਰੀ ਨੇ ਵਿਕਾਸ ਕਾਰਜਾਂ ਤੇ ਸਮੱਸਿਅਵਾਂ ਬਾਰੇ ਜਾਣਿਆ। ਭਗਵੰਤ ਮਾਨ ਨੇ ਪਹਿਲ ਦੇ ਆਧਾਰ ’ਤੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਜ਼ਿਲ੍ਹੇ ਦੇ ਵਿਕਾਸ ਲਈ ਕੋਈ ਵੀ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਸ ਮੌਕੇ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਨੇ ਸ਼ਹਿਰ ਵਿੱਚ ਆਵਾਜਾਈ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਦੇ ਮੱਦੇਨਜ਼ਰ ਤੇ ਨਵੇਂ ਬੱਸ ਸਟੈਂਡ ਦੀ ਮੰਗ ਰੱਖੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ਵਾਸ਼ ਦਿਵਾਇਆ ਕਿ ਸ਼ਹਿਰ ਨੂੰ ਇੱਕ ਹੋਰ ਨਵਾਂ ਬੱਸ ਸਟੈਂਡ ਜਲਦ ਦਿੱਤਾ ਜਾਵੇਗਾ। ਇਸ ਮੌਕੇ ਬਠਿੰਡਾ ਸ਼ਹਿਰ ਵਾਸੀਆਂ ਲਈ ਸਾਫ਼ ਪੀਣ ਵਾਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਮੁੱਖ ਮੰਤਰੀ ਨੇ ਝੀਲ ਨੰਬਰ ਇੱਕ ਨੂੰ ਪਾਣੀ ਦੇ ਟੈਂਕ ਵਜੋਂ ਵਰਤਣ ਲਈ ਕਾਰਪੋਰੇਸ਼ਨ ਤੇ ਪਾਵਰਕੌਮ ਨੂੰ ਸਾਂਝੇ ਤੌਰ ’ਤੇ ਇਸ ਪ੍ਰੋਜੈਕਟ ਨੂੰ ਜਲਦ ਪੂਰਾ ਕਰਨ ਲਈ ਅਧਿਕਾਰੀਆਂ ਨੂੰ ਕਿਹਾ।

ਮੁੱਖ ਮੰਤਰੀ ਨੇ ਕਿਹਾ ਕਿ ਬਠਿੰਡਾ ਸ਼ਹਿਰ ਨੂੰ ਮਾਲਵੇ ਵਿੱਚ ਟੂਰਿਸਟ ਹੱਬ ਵਜੋਂ ਵਿਕਸਤ ਕਰਨ ਦੇ ਮੱਦੇਨਜ਼ਰ ਬਠਿੰਡਾ ਝੀਲਾਂ ਦੇ ਨਵੀਨੀਕਰਨ ਦੇ ਪ੍ਰਾਜੈਕਟ ਨੂੰ ਵੀ ਜਲਦ ਅਮਲੀ ਜਾਮਾ ਪਹਿਨਾਇਆ ਜਾਵੇਗਾ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੇ ਕਿਸਾਨਾਂ ਨੂੰ ਰਵਾਇਤੀ ਫ਼ਸਲਾਂ ਦੇ ਚੱਕਰਵਿਊ ਵਿੱਚੋਂ ਕੱਢ ਕੇ ਘੱਟ ਖ਼ਰਚੇ ਤੇ ਵੱਧ ਆਮਦਨ ਵਾਲੀਆਂ ਫ਼ਸਲਾਂ ਦੀ ਕਾਸ਼ਤ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।

ਇਸ ਦੌਰਾਨ ਮੁੱਖ ਮੰਤਰੀ ਨੇ ਇਹ ਵੀ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸਰਕਾਰੀ ਸਕੂਲਾਂ ਦੀ ਕਾਇਆ-ਕਲਪ ਦੇ ਮੱਦੇਨਜ਼ਰ ਨਵੇਂ ਕਲਾਸਰੂਮ ਸਥਾਪਤ ਕੀਤੇ ਜਾ ਰਹੇ ਹਨ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਿਧਾਇਕ ਬਠਿੰਡਾ (ਦਿਹਾਤੀ) ਅਮਿਤ ਰਤਨ ਕੋਟਫੱਤਾ, ਵਿਧਾਇਕ ਮੌੜ ਸੁਖਵੀਰ ਸਿੰਘ ਮਾਈਸਰਖਾਨਾ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਆਈਜੀ ਫ਼ਰੀਦਕੋਟ ਰੇਂਜ ਪੀਕੇ ਯਾਦਵ, ਜ਼ਿਲ੍ਹਾ ਪੁਲੀਸ ਮੁਖੀ ਜੇ ਇਲਨਚੇਲੀਅਨ, ਸਿਖਲਾਈ ਅਧੀਨ ਆਈਏਐਸ ਮਾਨਸੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਆਰਪੀ ਸਿੰਘ ਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।