ਮੁਕੇਰੀਆਂ ਖੰਡ ਮਿੱਲ: ਵੱਡੇ ਕਿਸਾਨਾਂ ਲਈ ਦਰ ਖੁੱਲ੍ਹੇ, ਛੋਟਿਆਂ ਲਈ ‘ਬੰਦ’

ਮੁਕੇਰੀਆਂ ਖੰਡ ਮਿੱਲ: ਵੱਡੇ ਕਿਸਾਨਾਂ ਲਈ ਦਰ ਖੁੱਲ੍ਹੇ, ਛੋਟਿਆਂ ਲਈ ‘ਬੰਦ’

ਕਿਸਾਨਾਂ ਵੱਲੋਂ ਪ੍ਰਬੰਧਕਾਂ ’ਤੇ ਕੈਲੰਡਰ ਸਿਸਟਮ ਵਿੱਚ ਪੱਖਪਾਤ ਕਰਨ ਦਾ ਦੋਸ਼

ਮੁਕੇਰੀਆਂ- ਖੰਡ ਮਿੱਲ ਪ੍ਰਬੰਧਕਾਂ ਦੇ ਕੈਲੰਡਰ ਸਿਸਟਮ ਪਾਰਦਰਸ਼ੀ ਹੋਣ ਦੇ ਦਾਅਵਿਆਂ ਤੋਂ ਉਲਟ ਮਿੱਲ ਦੇ ਗੇਟ ’ਤੇ ਛੋਟੇ ਅਤੇ ਦਰਮਿਆਨੇ ਕਿਸਾਨ ਪਰਚੀਆਂ ਨਾ ਮਿਲਣ ਤੋਂ ਦੁਖੀ ਹਨ। ਪਿਛਲੇ ਕਰੀਬ 12 ਦਿਨਾਂ ਤੋਂ ਖੰਡ ਮਿੱਲ ਦਾ ਕੈਲੰਡਰ 12,000 ਦੀ ਗਿਣਤੀ ਤੋਂ ਅੱਗੇ ਨਹੀਂ ਤੁਰਿਆ। ਮੁਕੇਰੀਆਂ ਮਿੱਲ ’ਚ ਪਿੜਾਈ ਸੀਜ਼ਨ ਸ਼ੁਰੂ ਹੋਣ ਦੇ ਕਰੀਬ ਮਹੀਨਾ ਬਾਅਦ ਵੀ ਢਾਈ ਤੋਂ ਪੰਜ ਏਕੜ ਵਾਲੇ ਛੋਟੇ ਕਿਸਾਨਾਂ ਨੂੰ ਇੱਕਾ-ਦੁੱਕਾ ਪਰਚੀਆਂ ਹੀ ਮਿਲੀਆਂ ਹਨ ਜਦਕਿ ਵੱਡੇ ਕਿਸਾਨਾਂ ਲਈ ਮਿੱਲ ਦੇ ਦਰ ਖੁੱਲ੍ਹੇ ਹਨ। ਪਿੰਡ ਨੌਸ਼ਹਿਰਾ ਪੱਤਣ ਦੇ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਦਾ ਕਰੀਬ 5 ਏਕੜ ਮੁੱਢਾ ਗੰਨਾ ਹੈ ਅਤੇ ਉਸ ਨੂੰ ਹਾਲੇ ਤੱਕ ਇੱਕ ਪਰਚੀ ਹੀ ਨਸੀਬ ਹੋਈ ਹੈ। ਪਿੰਡ ਮਹਿਤਾਬਪੁਰ ਦੇ ਕੁਲਦੀਪ ਸਿੰਘ ਨੇ ਵੀ ਪਰਚੀਆਂ ਨਾ ਮਿਲਣ ਦਾ ਦੁੱਖੜਾ ਰੋਇਆ। ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾ ਜੁਆਇੰਟ ਸਕੱਤਰ ਆਸ਼ਾ ਨੰਦ ਨੇ ਕਿਹਾ ਕਿ ਛੋਟੇ ਕਿਸਾਨਾਂ ਨੂੰ ਪਰਚੀਆਂ ਦੀ ਤੋਟ ਹੈ, ਜਦਕਿ ਰਸੂਖਦਾਰਾਂ ਦੀਆਂ ਟਰਾਲੀਆਂ ਰੋਜ਼ਾਨਾ ਮਿੱਲ ’ਚ ਜਾ ਰਹੀਆਂ ਹਨ। ਇੰਨੀ ਵੱਡੀ ਗਿਣਤੀ ਵਿੱਚ ਮਿੱਲ ਅੰਦਰ ਆਉਂਦੀਆਂ ਟਰਾਲੀਆਂ ਦਾ ਬਿਨਾਂ ਕੈਲੰਡਰ ਸਿਸਟਮ ਦੀ ਗਿਣਤੀ ਵਧੇ ਰਾਤੋਂ-ਰਾਤ ਖਾਲੀ ਹੋ ਕੇ ਜਾਣਾ ਕੈਲੰਡਰ ਸਿਸਟਮ ਦੀ ਪਾਰਦਰਸ਼ਤਾ ’ਤੇ ਸਵਾਲ ਖੜ੍ਹੇ ਕਰਦਾ ਹੈ। ਕਿਸਾਨ ਆਗੂ ਨੇ ਦੋਸ਼ ਲਾਇਆ ਕਿ ਬਾਹਰਲੇ ਖੇਤਰ ਵਿੱਚੋਂ ਜਾਅਲੀ ਨਾਵਾਂ ’ਤੇ ਭਾਵ ਕਿਸਾਨ ਦੇ ਅਕਾਊਂਟ ’ਤੇ ਪਤਾ ਕਿਸੇ ਹੋਰ ਥਾਂ ਦਾ ਭਰ ਕੇ ਗੰਨਾ ਬਾਂਡ ਕੀਤਾ ਗਿਆ ਹੈ।

ਮਿੱਲ ਅਧਿਕਾਰੀ ਨੇ ਦੋਸ਼ ਨਕਾਰੇ

ਮਿੱਲ ਅਧਿਕਾਰੀ ਅਸ਼ੋਕ ਚੌਧਰੀ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਪਿਛਲੇ ਬੈਕਲਾਗ ਕਰ ਕੇ 12000 ਤੋਂ ਅੱਗੇ ਪਰਚੀਆਂ ਜਾਰੀ ਨਾ ਹੋਣ ਦਾ ਕਾਰਨ ਦੱਸਿਆ ਹੈ। ਉਨ੍ਹਾਂ ਅਨੁਸਾਰ 1250 ਪਰਚੀਆਂ ਦਾ ਬੈਕਲਾਗ ਹੈ, ਜਿਹੜਾ ਕਿ 500 ਦੀ ਪਿੜਾਈ ਸਮਰੱਥਾ ਨਾਲ ਕਰੀਬ ਡੇਢ ਦਿਨ ਵਿੱਚ ਹੀ ਪੂਰਾ ਹੋ ਜਾਂਦਾ ਹੈ।

ਮਾਮਲੇ ਦੀ ਜਾਂਚ ਕਰਾਵਾਂਗੇ: ਪ੍ਰਾਜੈਕਟ ਅਫ਼ਸਰ

ਗੰਨਾ ਪ੍ਰਾਜੈਕਟ ਅਫ਼ਸਰ ਪਰਮਜੀਤ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰਨਗੇ ਅਤੇ ਨਿਗਰਾਨੀ ਲਈ ਲਗਾਏ ਮੁਲਾਜ਼ਮ ਕੋਲੋਂ ਟਰਾਲੀਆਂ ਦੀ ਅਸਲ ਗਿਣਤੀ ਲੈ ਕੇ ਜਾਰੀ ਪਰਚੀਆਂ ਬਾਰੇ ਜਾਂਚ ਕਰਨਗੇ। ਉਨ੍ਹਾਂ ਕਿਹਾ ਕਿ ਬੋਗਸ ਕਿਸਾਨਾਂ ਦੇ ਨਾਮ ’ਤੇ ਗੰਨਾ ਬਾਂਡ ਹੋਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ।