ਸਾਹਿਬਜ਼ਾਦਿਆਂ ਨੇ ਜਬਰ ਅੱਗੇ ਝੁਕਣ ਨਾਲੋਂ ਸ਼ਹਾਦਤ ਦਾ ਜਾਮ ਪੀਣ ਨੂੰ ਤਰਜੀਹ ਦਿੱਤੀ: ਮੋਦੀ

ਸਾਹਿਬਜ਼ਾਦਿਆਂ ਨੇ ਜਬਰ ਅੱਗੇ ਝੁਕਣ ਨਾਲੋਂ ਸ਼ਹਾਦਤ ਦਾ ਜਾਮ ਪੀਣ ਨੂੰ ਤਰਜੀਹ ਦਿੱਤੀ: ਮੋਦੀ

ਪਲੇਠੇ ਵੀਰ ਬਾਲ ਦਿਵਸ ਸਮਾਗਮ ਮੌਕੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾ ਦੇ ਫੁੱਲ ਭੇਟ
ਨਵੀਂ ਦਿੱਲੀ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਦੇਸ਼ ਨੂੰ ਜੇਕਰ ਸਫ਼ਲਤਾ ਦੇ ਸਿਖਰ ’ਤੇ ਲਿਜਾਣਾ ਹੈ ਤਾਂ ਉਸ ਨੂੰ ਅਤੀਤ ਦੇ ਸੌੜੇ ਨਜ਼ਰੀਏ ਤੋਂ ਵੀ ਮੁਕਤ ਹੋਣਾ ਹੋਵੇਗਾ। ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੂੰ ਪਹਿਲੇ ‘ਵੀਰ ਬਾਲ ਦਿਵਸ’ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ,‘‘ਇਕ ਪਾਸੇ ਕੱਟੜਤਾ ਵਿਚ ਰੁੱਝਿਆ ਮੁਗਲ ਸ਼ਾਸਨ ਅਤੇ ਦੂਜੇ ਪਾਸੇ ਅਧਿਆਤਮ ਦਾ ਸਿਖਰ ਸੀ। ਇਕ ਪਾਸੇ ਮਜ਼ਹਬੀ ਪਾਗਲਪਣ ਅਤੇ ਦੂਜੇ ਪਾਸੇ ਸਾਰਿਆਂ ’ਚ ਰੱਬ ਦੇਖਣ ਵਾਲੀ ਉਦਾਰਤਾ ਸੀ। ਇਕ ਪਾਸੇ ਲੱਖਾਂ ਦੀ ਫ਼ੌਜ ਅਤੇ ਦੂਜੇ ਪਾਸੇ ਸਿਰਫ਼ ਨਿਡਰ ਸਾਹਿਬਜ਼ਾਦੇ ਸਨ ਜੋ ਕਿਸੇ ਵੀ ਧਮਕੀ ਤੋਂ ਡਰੇ ਨਹੀਂ, ਕਿਸੇ ਦੇ ਅੱਗੇ ਝੁਕੇ ਨਹੀਂ।’’ ਉਨ੍ਹਾਂ ਕਿਹਾ ਕਿ ਔਰੰਗਜ਼ੇਬ ਅਤੇ ਉਸ ਦੇ ਲੋਕ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦਾ ਧਰਮ ਤਲਵਾਰ ਦੀ ਨੋਕ ’ਤੇ ਬਦਲਣਾ ਚਾਹੁੰਦੇ ਸਨ ਅਤੇ ਉਨ੍ਹਾਂ ਦੇ ਭਾਰਤ ਨੂੰ ਬਦਲਣ ਦੇ ਮਨਸੂਬੇ ਸਨ। ‘ਉਨ੍ਹਾਂ ਖ਼ਿਲਾਫ਼ ਗੁਰੂ ਗੋਬਿੰਦ ਸਿੰਘ ਪਹਾੜ ਵਾਂਗ ਖੜ੍ਹੇ ਸਨ।’ ਸ੍ਰੀ ਮੋਦੀ ਨੇ ਕਿਹਾ ਕਿ ਜਿਸ ਸਮਾਜ ਅਤੇ ਕੌਮ ਦੀ ਨਵੀਂ ਪੀੜ੍ਹੀ ਜ਼ੋਰ-ਜ਼ੁਲਮ ਅੱਗੇ ਗੋਡੇ ਟੇਕ ਦਿੰਦੀ ਹੈ, ਉਸ ਦਾ ਆਤਮ ਵਿਸ਼ਵਾਸ ਅਤੇ ਭਵਿੱਖ ਆਪਣੇ ਆਪ ਮਰ ਜਾਂਦਾ ਹੈ ਪਰ ਭਾਰਤ ਦੇ ਉਹ ਸਪੁੱਤਰ ਮੌਤ ਤੋਂ ਨਹੀਂ ਘਬਰਾਏ। ‘ਉਹ ਦੀਵਾਰ ’ਚ ਜ਼ਿੰਦਾ ਚਿਣ ਦਿੱਤੇ ਗਏ ਪਰ ਉਨ੍ਹਾਂ ਦਹਿਸ਼ਤੀ ਮਨਸੂਬਿਆਂ ਨੂੰ ਹਮੇਸ਼ਾ ਲਈ ਦਫ਼ਨ ਕਰ ਦਿੱਤਾ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਤਿਆਗ ਅਤੇ ਬਹਾਦਰੀ ਦੀ ਗਾਥਾ ਨੂੰ ਇਤਿਹਾਸ ’ਚ ਭੁਲਾ ਦਿੱਤਾ ਗਿਆ ਪਰ ਹੁਣ ਨਵਾਂ ਭਾਰਤ ਦਹਾਕਿਆਂ ਪਹਿਲਾਂ ਹੋਈ ਇਕ ਪੁਰਾਣੀ ਭੁੱਲ ਨੂੰ ਸੁਧਾਰ ਰਿਹਾ ਹੈ। ‘ਬਦਕਿਸਮਤੀ ਨਾਲ ਸਾਨੂੰ ਇਤਿਹਾਸ ਦੇ ਨਾਮ ’ਤੇ ਉਹ ਬਿਰਤਾਂਤ ਦੱਸਿਆ ਅਤੇ ਪੜ੍ਹਾਇਆ ਜਾਂਦਾ ਰਿਹਾ, ਜਿਸ ਨਾਲ ਸਾਡੇ ਅੰਦਰ ਹੀਣ ਭਾਵਨਾ ਪੈਦਾ ਹੋਵੇ। ਇਸ ਦੇ ਬਾਵਜੂਦ ਸਾਡੇ ਸਮਾਜ ਅਤੇ ਰਵਾਇਤਾਂ ਨੇ ਇਨ੍ਹਾਂ ਗਾਥਾਵਾਂ ਨੂੰ ਜਿਊਂਦਾ ਰੱਖਿਆ।’ ਇਸ ਲਈ ਆਜ਼ਾਦੀ ਦੇ ‘ਅੰਮ੍ਰਿਤਕਾਲ’ ’ਚ ਦੇਸ਼ ਨੇ ਗੁਲਾਮੀ ਦੀ ਮਾਨਸਿਕਤਾ ਤੋਂ ਮੁਕਤੀ ਦਾ ਸੱਦਾ ਦਿੱਤਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਚਮਕੌਰ ਅਤੇ ਸਰਹਿੰਦ ਦੀਆਂ ਜੰਗਾਂ ਕਦੇ ਵੀ ਭੁਲਾਈਆਂ ਨਹੀਂ ਜਾ ਸਕਦੀਆਂ ਹਨ। ਪ੍ਰਧਾਨ ਮੰਤਰੀ ਨੇ ਇਹ ਗੱਲ ਮੁੜ ਦੁਹਰਾਈ ਕਿ ਸਾਹਿਬਜ਼ਾਦਿਆਂ ਦਾ ਇਤਿਹਾਸ ਸਿਰਫ ਭਾਰਤ ਵਿਚ ਹੀ ਨਹੀਂ ਬਲਕਿ ਦੁਨੀਆ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵੀਰ ਬਾਲ ਦਿਵਸ ਸਾਨੂੰ ਸਾਡੇ ਸਿੱਖ ਗੁਰੂ ਸਾਹਿਬਾਨ ਦੇ ਵੱਡਮੁੱਲੇ ਯੋਗਦਾਨ ਅਤੇ ਦੇਸ਼ ਦੀ ਰਾਖੀ ਲਈ ਸ਼ਹਾਦਤਾਂ ਦੇਣ ਦੀ ਸਿੱਖ ਰਵਾਇਤ ਚੇਤੇ ਕਰਵਾਉਂਦਾ ਰਹੇਗਾ। ਉਨ੍ਹਾਂ ਸਾਹਿਬਜ਼ਾਦਿਆਂ, ਗੁਰੂ ਸਾਹਿਬਾਨ ਅਤੇ ਮਾਤਾ ਗੁਜਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਤਸ਼ੱਦਦਾਂ ਬਾਰੇ ਪੜ੍ਹਦੇ ਹਾਂ ਤਾਂ ਇਹ ਸਾਡੇ ਮਹਾਨ ਨਾਇਕ ਹਨ ਜਿਨ੍ਹਾਂ ਦਾ ਸਰੂਪ ਇਤਿਹਾਸ ਦੇ ਪੰਨਿਆਂ ਵਿਚੋਂ ਉਭਰ ਕੇ ਸਾਹਮਣੇ ਆਉਂਦਾ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕਰੀਬ 300 ਬੱਚਿਆਂ ਵੱਲੋਂ ਕੀਤੇ ਗਏ ਸ਼ਬਦ ਕੀਰਤਨ ਨੂੰ ਸਰਵਣ ਕੀਤਾ। ਉਨ੍ਹਾਂ ਕਰੀਬ 3 ਹਜ਼ਾਰ ਬੱਚਿਆਂ ਵੱਲੋਂ ਕੱਢੇ ਗਏ ਮਾਰਚ ਨੂੰ ਹਰੀ ਝੰਡੀ ਦਿਖਾਈ ਜੋ ਇੰਡੀਆ ਗੇਟ ਤੋਂ ਸ਼ੁਰੂ ਹੋ ਕੇ ਕਰਤਵਯ ਪੱਥ ’ਤੇ ਸਮਾਪਤ ਹੋਇਆ। ਸਮਾਗਮ ਦੌਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਗਦੀਪ ਸਿੰਘ ਕਾਹਲੋਂ ਨੇ ਪ੍ਰਧਾਨ ਮੰਤਰੀ ਨੁੰ ਯਾਦਗਾਰੀ ਚਿੰਨ੍ਹ ਭੇਟ ਕੀਤਾ। ਮੇਜਰ ਧਿਆਨ ਚੰਦ ਕੌਮੀ ਸਟੇਡੀਅਮ ਵਿਚ ਕਰਵਾਏ ਗਏ ਪਲੇਠੇ ਸਮਾਗਮ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਅਰਜੁਨ ਰਾਮ ਮੇਘਵਾਲ, ਮੀਨਾਕਸ਼ੀ ਲੇਖੀ ਅਤੇ ਹੋਰ ਪਤਵੰਤੇ ਹਾਜ਼ਰ ਸਨ।

ਭਗਵੰਤ ਮਾਨ ਵੱਲੋਂ ਪ੍ਰਧਾਨ ਮੰਤਰੀ ਦਾ ਧੰਨਵਾਦ
ਨਵੀਂ ਦਿੱਲੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਅਤੇ ਅਦੁੱਤੀ ਕੁਰਬਾਨੀ ਮਨੁੱਖਤਾ ਨੂੰ ਜਬਰ-ਜ਼ੁਲਮ, ਦਮਨ ਅਤੇ ਬੇਇਨਸਾਫ਼ੀ ਖ਼ਿਲਾਫ਼ ਜੂਝਣ ਲਈ ਹਮੇਸ਼ਾ ਪ੍ਰੇਰਿਤ ਕਰਦੀ ਰਹੇਗੀ। ਇੱਥੇ ਮੇਜਰ ਧਿਆਨ ਚੰਦ ਸਟੇਡੀਅਮ ਵਿਖੇ ਹੋਏ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਨਿੱਕੀ ਉਮਰੇ ਸ਼ਹੀਦੀ ਪ੍ਰਾਪਤ ਕਰ ਕੇ ਅੱਤਿਆਚਾਰ ਖ਼ਿਲਾਫ਼ ਨਿਡਰਤਾ ਦਾ ਸਬੂਤ ਦਿੱਤਾ। ਉਨ੍ਹਾਂ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਸ ਸਮਾਗਮ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸਮੁੱਚੀ ਦੁਨੀਆ ਛੋਟੇ ਸਾਹਿਬਜ਼ਾਦਿਆਂ ਦੇ ਇਸ ਮਹਾਨ ਬਲੀਦਾਨ ਅੱਗੇ ਸਿਰ ਝੁਕਾ ਰਹੀ ਹੈ, ਜਿਸ ਦੀ ਵਿਸ਼ਵ ਦੇ ਇਤਿਹਾਸ ਵਿੱਚ ਕੋਈ ਹੋਰ ਮਿਸਾਲ ਨਹੀਂ ਹੈ। ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਕੁਰਬਾਨੀ ਨੂੰ ਨਤਮਸਤਕ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮਨੁੱਖਤਾ ਦੇ ਇਤਿਹਾਸ ਵਿੱਚ ਇਹ ਕੁਰਬਾਨੀ ਲਾਮਿਸਾਲ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਅਣਗਿਣਤ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਅਤੇ ਇਨ੍ਹਾਂ ਕੁਰਬਾਨੀਆਂ ਦਾ ਦੌਰ ਸ੍ਰੀ ਗੁਰੂ ਅਰਜਨ ਦੇਵ, ਸ੍ਰੀ ਗੁਰੂ ਤੇਗ ਬਹਾਦਰ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਤੋਂ ਸ਼ੁਰੂ ਹੁੰਦਾ ਹੈ, ਜਿਨ੍ਹਾਂ ਮਨੁੱਖਤਾ ਦੀ ਰਾਖੀ ਲਈ ਆਪਣੀਆਂ ਜਾਨਾਂ ਨਿਛਾਵਰ ਕਰ ਦਿੱਤੀਆਂ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਿੱਥੇ ਇਕ ਪਾਸੇ ਲੱਖਾਂ ਦੀ ਗਿਣਤੀ ਵਿਚ ਸੰਗਤ ਛੋਟੇ ਸਾਹਿਬਜ਼ਾਦਿਆਂ ਨੂੰ ਨਮਨ ਕਰਨ ਲਈ ਫਤਹਿਗੜ੍ਹ ਸਾਹਿਬ ਜਾ ਰਹੀ ਹੈ, ਉਥੇ ਪੰਜਾਬੀਆਂ ਵੱਲੋਂ ਇਹ ਮਹੀਨਾ ‘ਸੋਗ ਦੇ ਮਹੀਨੇ’ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਲਾਸਾਨੀ ਸ਼ਹਾਦਤ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਤਾਂ ਜੋ ਉਨ੍ਹਾਂ ਨੂੰ ਮੁਲਕ ਲਈ ਆਪਾ ਵਾਰਨ ਪ੍ਰਤੀ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਇਸ ਉਪਰਾਲੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨਾ ਸਮੇਂ ਦੀ ਲੋੜ ਹੈ ਤਾਂ ਜੋ ਮਨੁੱਖੀ ਹੱਕਾਂ ਦੀਆਂ ਕਦਰਾਂ-ਕੀਮਤਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਭਗਵੰਤ ਮਾਨ ਨੇ ਅੰਮ੍ਰਿਤਸਰ ’ਚ ਜੀ-20 ਸੰਮੇਲਨ ਦੇ ਦੋ ਸੈਸ਼ਨ ਉਲੀਕਣ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦੁਨੀਆ ਭਰ ਵਿਚ ਉਸ ਦੀ ਨਿੱਘੀ ਮੇਜ਼ਬਾਨੀ ਕਰਕੇ ਜਾਣਿਆ ਜਾਂਦਾ ਹੈ ਅਤੇ ਇਸ ਸੰਮੇਲਨ ਵਿਚ ਸ਼ਿਰਕਤ ਕਰਨ ਲਈ ਬਾਹਰੀ ਮੁਲਕਾਂ ਤੋਂ ਪੰਜਾਬ ਆਉਣ ਵਾਲੇ ਪਤਵੰਤਿਆਂ ਦੇ ਸਵਾਗਤ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।