ਕੈਨੇਡਾ: ਬਰਫ਼ਬਾਰੀ ਕਾਰਨ ਲੱਖਾਂ ਘਰਾਂ ਦੀ ਬਿਜਲੀ ਸਪਲਾਈ ਠੱਪ

ਕੈਨੇਡਾ: ਬਰਫ਼ਬਾਰੀ ਕਾਰਨ ਲੱਖਾਂ ਘਰਾਂ ਦੀ ਬਿਜਲੀ ਸਪਲਾਈ ਠੱਪ

ਸੜਕੀ ਆਵਾਜਾਈ ਤੇ ਉਡਾਣਾਂ ਬੁਰੀ ਤਰ੍ਹਾਂ ਪ੍ਰਭਾਵਿਤ; ਕਈ ਥਾਈਂ ਜ਼ਰੂਰੀ ਵਸਤਾਂ ਦੀ ਘਾਟ ਆਉਣ ਲੱਗੀ
ਵੈਨਕੂਵਰ- ਪਿਛਲੇ ਚਾਰ ਦਿਨਾਂ ਤੋਂ ਕੈਨੇਡਾ ਦੇ ਮੌਸਮ ’ਚ ਆਏ ਵਿਗਾੜ ਨੇ ਸਮੁੱਚੇ ਦੇਸ਼ ਦੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਭਰਵੀਂ ਬਰਫ਼ਬਾਰੀ ਨੇ ਇਕ ਤਰ੍ਹਾਂ ਸਮੁੱਚੇ ਸਿਸਟਮ ਨੂੰ ਕਾਂਬਾ ਛੇੜ ਦਿੱਤਾ ਹੈ। ਹਵਾਈ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਵੈਸਟਜੈੱਟ ਹਵਾਈ ਸੇਵਾ ਕੰਪਨੀ ਨੇ ਘਰੇਲੂ ਉਡਾਣਾਂ ਵੀ ਰੱਦ ਕਰ ਦਿੱਤੀਆਂ ਹਨ। ਕਈ ਮੁੱਖ ਸੜਕਾਂ ਆਵਾਜਾਈ ਲਈ ਬੰਦ ਕਰ ਦਿੱਤੀਆਂ ਗਈਆਂ ਹਨ। ਕਈ ਥਾਈਂ ਸਥਾਨਕ ਰੇਲ ਸੇਵਾ ਪ੍ਰਭਾਵਿਤ ਹੋ ਰਹੀ ਹੈ। ਕਰੀਬ ਚਾਰ ਲੱਖ ਘਰਾਂ ਦੀ ਬਿਜਲੀ ਬੰਦ ਹੈ। ਕਈ ਸਟੋਰਾਂ ’ਚ ਰੋਜ਼ਾਨਾ ਲੋੜ ਵਾਲੀਆਂ ਵਸਤਾਂ ਦੀ ਘਾਟ ਆਉਣ ਲੱਗੀ ਹੈ। ਲੋਕਾਂ ਦੇ ਨਿਰਧਾਰਿਤ ਪ੍ਰੋਗਰਾਮ ਵੀ ਰੱਦ ਹੋ ਗਏ ਹਨ। ਹਜ਼ਾਰਾਂ ਵਾਹਨ ਬਰਫ਼ ਵਿਚ ਫਸੇ ਹੋਏ ਹਨ। ਅਮਰੀਕਾ ਵੱਲ ਆਵਾਜਾਈ ਵਾਲੇ ਕੁੱਝ ਲਾਂਘੇ ਬੰਦ ਕਰ ਦਿੱਤੇ ਗਏ ਹਨ। ਕਈ ਥਾਈਂ ਧਰਤੀ ਹੇਠਲੀਆਂ ਜਲ-ਪੂਰਤੀ ਪਾਈਪਾਂ ਵਿਚ ਪਾਣੀ ਜੰਮਣ ਕਾਰਨ ਜਲ ਪੂਰਤੀ ਠੱਪ ਹੋ ਗਈ ਹੈ। ਸਕੂਲ ਬੰਦ ਕਰ ਦਿੱਤੇ ਗਏ ਹਨ। ਹੰਗਾਮੀ ਸੇਵਾਵਾਂ ਦੇ ਅਮਲੇ ਦੀ ਕੰਮ ’ਤੇ ਪਹੁੰਚ ਔਖੀ ਹੋਣ ਕਰ ਕੇ ਲੋੜਵੰਦਾਂ ਦੀ ਉਡੀਕ ਸੂਚੀ ਲੰਮੀ ਹੁੰਦੀ ਜਾ ਰਹੀ ਹੈ। ਕੁਝ ਥਾਵਾਂ ਤੇ ਸੰਚਾਰ ਸੇਵਾਵਾਂ ਬੰਦ ਹੋ ਗਈਆਂ ਹਨ, ਜਿਨ੍ਹਾਂ ਨੂੰ ਠੀਕ ਕਰਨ ’ਚ ਕਾਮੇ ਬੇਵਸ ਹੋ ਗਏ ਹਨ।

ਵੈਨਕੂਵਰ ਨੇੜਲੇ ਫ਼ਰੇਜ਼ਰ ਦਰਿਆ ਉਪਰ ਬਣੇ ਐਲੈਕਸ ਤੇ ਪੋਰਟਮੈਨ ਪੁਲਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਨਿਆਗਰਾ ਫਾਲ ਤੇ ਬਫਲੋ ਵਾਲੇ ਦੋਵੇਂ ਅਮਰੀਕਨ ਲਾਂਘੇ ਵੀ ਬੰਦ ਕਰ ਦਿੱਤੇ ਗਏ ਹਨ।

ਓਂਟਾਰੀਓ ’ਚ ਹਾਈਵੇਅ ’ਤੇ 100 ਤੋਂ ਵੱਧ ਵਾਹਨ ਆਪਸ ’ਚ ਭਿੜੇ

ਮੌਸਮੀ ਖ਼ਰਾਬੀ ਕਾਰਨ ਅੱਜ ਓਂਟਾਰੀਓ ਵਿਚਲੇ ਹਾਈਵੇਅ 401 ਉਤੇ 100 ਤੋਂ ਵੱਧ ਵਾਹਨ ਆਪਸ ਵਿਚ ਭਿੜ ਗਏ। ਕਿਊਬੈਕ ਅਤੇ ਬ੍ਰਿਟਿਸ਼ ਕੋਲੰਬੀਆ ਸੂਬਿਆਂ ਦੀ ਸਥਿਤੀ ਸਭ ਤੋਂ ਬਦਤਰ ਹੈ। ਬੀਸੀ ਵਿਚ ਤਾਂ ਬਰਫ਼ਬਾਰੀ ਦੇ 80 ਸਾਲ ਪੁਰਾਣੇ ਰਿਕਾਰਡ ਟੁੱਟ ਗਏ ਹਨ। ਬਰਫ ਹਟਾਊ ਗੱਡੀਆਂ ਬੇਸ਼ੱਕ 24 ਘੰਟੇ ਕੰਮ ’ਤੇ ਲਗੀਆਂ ਹੋਈਆਂ ਹਨ, ਪਰ ਨਾਲੋ-ਨਾਲ ਹੋਰ ਬਰਫ਼ਬਾਰੀ ਕਾਰਨ ਉਹ ਵੀ ਬੇਵੱਸ ਹਨ। ਟਰਾਂਸਪੋਰਟ ਵਿਭਾਗ ਦੇ ਕਾਰਜਕਾਰੀ ਨਿਰਦੇਸ਼ਕ ਅਸ਼ੋਕ ਭੱਟੀ ਦਾ ਮੰਨਣਾ ਹੈ ਕਿ ਬਰਫ਼ਬਾਰੀ ਦਾ ਕਾਰਨ ਵਾਤਾਵਾਰਨ ਵਿਚ ਆ ਰਹੀਆਂ ਤਬਦੀਲੀਆਂ ਹਨ। ਉਨ੍ਹਾਂ ਲੋਕਾਂ ਨੂੰ ਬਿਨਾਂ ਜ਼ਰੂਰਤ ਸੜਕਾਂ ਉਤੇ ਨਾ ਨਿਕਲਣ ਲਈ ਕਿਹਾ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਹਾਲੇ ਤੱਕ ਇਸ ਔਖੀ ਤੇ ਅਣਕਿਆਸੀ ਮੌਸਮੀ ਸਥਿਤੀ ਬਾਰੇ ਕੋਈ ਬਿਆਨ ਨਹੀਂ ਆਇਆ।