ਅਕਾਲ ਤਖ਼ਤ ਦਾ ਫ਼ੈਸਲਾ ਸਿੱਖ ਕੌਮ ਲਈ ਸਭ ਤੋਂ ਸੁਪਰੀਮ: ਧਾਮੀ

ਅਕਾਲ ਤਖ਼ਤ ਦਾ ਫ਼ੈਸਲਾ ਸਿੱਖ ਕੌਮ ਲਈ ਸਭ ਤੋਂ ਸੁਪਰੀਮ: ਧਾਮੀ

ਮਾਛੀਵਾੜਾ- ਗੁਰੂ ਗੋਬਿੰਦ ਸਿੰਘ ਦੀ ਆਮਦ ਦੀ ਯਾਦ ਵਿੱਚ ਮਾਛੀਵਾੜਾ ਦੇ ਇਤਿਹਾਸਕ ਗੁਰਦੁਆਰਾ ਚਰਨ ਕੰਵਲ ਸਾਹਿਬ ਵਿੱਚ ਲੱਗਦੇ ਜੋੜ ਮੇਲ ਦੇ ਦੂਜੇ ਦਿਨ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਗੁਰੂ ਘਰ ਦੇ ਦਰਸ਼ਨ ਕੀਤੇ ਤੇ ਮੱਥਾ ਟੇਕਿਆ।

ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਧਾਮੀ ਨੇ ਕਿਹਾ ਕਿ ਦਾਨ ਤਾਂ ਹਰੇਕ ਵਿਅਕਤੀ ਕਰ ਸਕਦਾ ਹੈ, ਪਰ ਦਸਮ ਪਿਤਾ ਨੇ ਸਿੱਖ ਕੌਮ ਲਈ ਆਪਣਾ ਸਰਬੰਸ ਦਾਨ ਕਰ ਦਿੱਤਾ ਤੇ ਦੁਨੀਆ ਵਿੱਚ ਅਜਿਹੀ ਹੋਰ ਕੋਈ ਦੂਜੀ ਮਿਸਾਲ ਵੇਖਣ ਨੂੰ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਇਸ ਸ਼ਹੀਦੀ ਪੰਦਰਵਾੜੇ ਨੂੰ ਸੰਗਤ ਬਹੁਤ ਸਾਦੇ ਢੰਗ ਨਾਲ ਮਨਾਏ। ਉਨ੍ਹਾਂ ਕਿਹਾ ਕਿ ਇਸ ਮੌਕੇ ਨਿੱਕੇ ਬੱਚਿਆਂ ਤੇ ਨੌਜਵਾਨਾਂ ਨੂੰ ਗੁਰੂ ਘਰਾਂ ਦੇ ਦਰਸ਼ਨਾਂ ਅਤੇ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਜ਼ਰੂਰ ਲਿਆਂਦਾ ਜਾਵੇ ਤਾਂ ਕਿ ਉਹ ਆਪਣੇ ਵਿਰਸੇ ਨਾਲ ਜੁੜੇ ਰਹਿ ਸਕਣ। ਉਨ੍ਹਾਂ ਸਿੱਖ ਕੌਮ ਵਿੱਚ ਵਿਰੋਧੀ ਤਾਕਤਾਂ ਦੀ ਵਧ ਰਹੀ ਦਖ਼ਲਅੰਦਾਜ਼ੀ ’ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅਕਾਲ ਤਖ਼ਤ ਦਾ ਫ਼ੈਸਲਾ ਸਿੱਖ ਕੌਮ ਲਈ ਸਭ ਤੋਂ ਸੁਪਰੀਮ ਹੈ। ਉਨ੍ਹਾਂ ਕਿਹਾ ਕਿ ਅੱਜ ਸਿੱਖ ਕੌਮ ਨੂੰ ਕਮਜ਼ੋਰ ਕਰਨ ਲਈ ਕੁਝ ਤਾਕਤਾਂ ਸਿੱਧੀ ਦਖ਼ਲਅੰਦਾਜ਼ੀ ਕਰ ਰਹੀਆਂ ਹਨ, ਜਿਸ ਦੀ ਮਿਸਾਲ ਸਭ ਤੋਂ ਪਹਿਲਾਂ ਤਖ਼ਤ ਹਜ਼ੂਰ ਸਾਹਿਬ ਵਿੱਚ ਤੇ ਫਿਰ ਪਟਨਾ ਸਾਹਿਬ ਵਿੱਚ ਬੋਰਡ ਬਣਾ ਕੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਗਤ ਨੇ ਇੱਕਜੁੱਟ ਹੋ ਕੇ ਇਸ ਦਾ ਵਿਰੋਧ ਨਾ ਕੀਤਾ ਤਾਂ ਬਾਕੀ ਦੇ ਤਿੰਨ ਤਖ਼ਤਾਂ ’ਤੇ ਵੀ ਬੋਰਡ ਬਣਾ ਕੇ ਸਿੱਖ ਕੌਮ ਦੇ ਹੱਕ ਖੋਹ ਲਏ ਜਾਣਗੇ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਵੱਲੋਂ ਪਹਿਲਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ’ਚ ਵੀ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਨੂੰ ਰੋਕਣ ਲਈ ਸਾਰੀ ਕੌਮ ਤੇ ਸਾਰੇ ਆਗੂਆਂ ਨੂੰ ਇੱਕਜੁਟ ਹੋਣ ਦੀ ਲੋੜ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਬਾਹਰਲੇ ਸੂਬਿਆਂ ਵਿੱਚ ਸੰਤ ਭਿੰਡਰਾਂਵਾਲੇ ਦੀ ਤਸਵੀਰ ਲਗਾਉਣ ’ਤੇ ਵੀ ਸਿੱਖ ਨੌਜਵਾਨਾਂ ਖ਼ਿਲਾਫ਼ ਪਰਚੇ ਦਰਜ ਕੀਤੇ ਜਾ ਰਹੇ ਹਨ, ਜੋ ਮੰਦਭਾਗਾ ਹੈ।

ਪਿੰਡ ਝਾੜੋਂ ਦੀ ਪੰਚਾਇਤ ਦਾ ਫ਼ੈਸਲਾ ਪੰਜਾਬ ਦੇ ਸਾਰੇ ਪਿੰਡ ਅਪਣਾਉਣ: ਜਥੇਦਾਰ ਹਰਪ੍ਰੀਤ ਸਿੰਘ

ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਤੇ ਸ਼੍ਰੋਮਣੀ ਕਮੇਟੀ ਵੱਲੋਂ ਜ਼ਿਲ੍ਹਾ ਸੰਗਰੂਰ ਸਥਿਤ ਬਲਾਕ ਸੁਨਾਮ ਦੇ ਪਿੰਡ ਝਾੜੋਂ ਦੀ ਗ੍ਰਾਮ ਪੰਚਾਇਤ ਵੱਲੋਂ ਨਵੇਂ ਸਾਲ ਤੋਂ ਆਪਣੇ ਪਿੰਡ ਦੀਆਂ ਦੁਕਾਨਾਂ ਵਿੱਚ ਤੰਬਾਕੂ ਉਤਪਾਦਾਂ ਦੀ ਵਿਕਰੀ ’ਤੇ ਰੋਕ ਲਗਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਗਈ ਹੈ। ਇਸ ਦੇ ਨਾਲ ਹੀ ਪਿੰਡ ਦੀਆਂ ਜਨਤਕ ਥਾਵਾਂ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਜਥੇਦਾਰ ਹਰਪ੍ਰੀਤ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਗਰਾਮ ਪੰਚਾਇਤ ਝਾੜੋਂ ਦੀ ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਰੇ ਪਿੰਡਾਂ ਲਈ ਇਹ ਮਤਾ ਪ੍ਰੇਰਨਾ-ਸਰੋਤ ਹੈ ਤੇ ਉਹ ਇਸ ਮਤੇ ਦਾ ਪੂਰਨ ਸਮਰਥਨ ਕਰਦੇ ਹਨ। ਸਿੱਖ ਸੰਸਥਾ ਦੇ ਬੁਲਾਰੇ ਹਰਭਜਨ ਸਿੰਘ ਨੇ ਕਿਹਾ ਕਿ ਇਸ ਪਿੰਡ ਦੀ ਪੰਚਾਇਤ ਦਾ ਫ਼ੈਸਲਾ ਸ਼ਲਾਘਾਯੋਗ ਹੈ ਤੇ ਇਸ ਨੂੰ ਹੋਰਨਾਂ ਪਿੰਡਾਂ ਵੱਲੋਂ ਵੀ ਅਪਣਾਇਆ ਜਾਣਾ ਚਾਹੀਦਾ ਹੈ।