ਮੈਗਾ ਪੀਟੀਐੱਮ ਵਿੱਚ 10 ਲੱਖ ਤੋਂ ਵੱਧ ਮਾਪੇ ਪੁੱਜੇ

ਮੈਗਾ ਪੀਟੀਐੱਮ ਵਿੱਚ 10 ਲੱਖ ਤੋਂ ਵੱਧ ਮਾਪੇ ਪੁੱਜੇ

ਭਗਵੰਤ ਮਾਨ, ਮਨੀਸ਼ ਸਿਸੋਦੀਆ ਤੇ ਹਰਜੋਤ ਬੈਂਸ ਵੱਲੋਂ ਪਟਿਆਲਾ ਦੇ ਸਕੂਲ ’ਚ ਬੱਚਿਆਂ ਤੇ ਮਾਪਿਆਂ ਨਾਲ ਮੁਲਾਕਾਤ
ਪਟਿਆਲਾ- ਪੰਜਾਬ ਸਰਕਾਰ ਵੱਲੋਂ ਅੱਜ ਕਰਵਾਈ ਪਲੇਠੀ ਮੈਗਾ ਮਾਪੇ-ਅਧਿਆਪਕ ਮਿਲਣੀ ਦੌਰਾਨ ਪੰਜਾਬ ਭਰ ਦੇ 20 ਹਜ਼ਾਰ ਸਕੂਲਾਂ ਵਿੱਚ 10 ਲੱਖ ਤੋਂ ਵੱਧ ਮਾਪਿਆਂ ਨੇ ਹਿੱਸਾ ਲਿਆ। ਇਹ ਜਾਣਕਾਰੀ ਅੱਜ ਇਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੀ ਹੈ। ਉਹ ਇਸੇ ਕੜੀ ਵਜੋਂ ਗੌਰਮਿੰਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਵਿੱਚ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਪੁੱਜੇ ਸਨ। ਇਸ ਦੌਰਾਨ ਮੁੱਖ ਮੰਤਰੀ ਪੰਜਾਬ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਨਾਲ ਲੈ ਕੇ ਕਲਾਸਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਸੰਵਾਦ ਰਚਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਉਮੀਦ ਜਤਾਈ ਕਿ ਸੂਬੇ ਦੇ ਆਧੁਨਿਕ ਸਰਕਾਰੀ ਸਕੂਲ ਹਰ ਖੇਤਰ ਵਿੱਚ ਅਜਿਹੇ ਆਗੂ ਪੈਦਾ ਕਰਨਗੇ, ਜੋ ਦੇਸ਼ ਨੂੰ ਸਿਖਰ ’ਤੇ ਲੈ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਭਵਿੱਖ ਦੇ ਆਗੂ ਤੇ ਕੌਮੀ ਨਿਰਮਾਤਾ ਤਿਆਰ ਕਰਨਗੇ। ਉਨ੍ਹਾਂ ਕਿਹਾ ਕਿ ਇਹ ਸਰਕਾਰੀ ਸਕੂਲ ਪੰਜਾਬ ਦੀ ਸਫ਼ਲਤਾ ਦੀਆਂ ਕਹਾਣੀਆਂ ਆਪ ਬਿਆਨ ਕਰ ਰਹੇ ਹਨ। ਵਿਦਿਆਰਥੀਆਂ ਦਾ ਸੁਫਨਾ ਨੌਕਰਸ਼ਾਹ, ਡਾਕਟਰ, ਇੰਜਨੀਅਰ ਅਤੇ ਹੋਰ ਕਿੱਤਿਆਂ ਵਿੱਚ ਸਫ਼ਲ ਹੋਣ ਦਾ ਹੈ। ਸਰਕਾਰ ਇਨ੍ਹਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਲਈ ਵਚਨਬੱਧ ਹੈ। ਉਨ੍ਹਾਂ ਦੀ ਸਰਕਾਰ ਯੂਨਿਟ ਸਥਾਪਤ ਕਰਨ ਲਈ ਕਈ ਉਦਯੋਗਿਕ ਕਾਰੋਬਾਰੀਆਂ ਨਾਲ ਰਾਬਤਾ ਕਰ ਰਹੀ ਹੈ। ਇਹ ਵਿਦਿਆਰਥੀ ਸਥਾਪਤ ਹੋਣ ਵਾਲੀਆਂ ਉਦਯੋਗਿਕ ਇਕਾਈਆਂ ਨੂੰ ਚਲਾਉਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪੀਟੀਐੱਮ ਨਾਲ ਮਾਪਿਆਂ ਨੂੰ ਆਪਣੇ ਬੱਚੇ ਦੀ ਰੁਚੀ ਬਾਰੇ ਵੀ ਕਾਫੀ ਕੁਝ ਪਤਾ ਲੱਗਾ ਹੈ। ਇਸ ਦੌਰਾਨ ਵਿਧਾਇਕ ਅਜੀਤਪਾਲ ਕੋਹਲੀ, ਡਾ. ਬਲਬੀਰ ਸਿੰਘ, ਦੇਵ ਮਾਨ ਤੇ ਕੁਲਵੰਤ ਬਾਜ਼ੀਗਰ, ਮੁੱਖ ਮੰਤਰੀ ਦਫ਼ਤਰ ਦੇ ਡਾਇਰੈਕਟਰ ਮੀਡੀਆ ਬਲਤੇਜ ਪੰਨੂ, ਸਪੈਸ਼ਲ ਪ੍ਰਮੁੱਖ ਸਕੱਤਰ ਰਵੀ ਭਗਤ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਹਰਿੰਦਰ ਕੌਰ ਤੇ ਅਮਰਜੀਤ ਸਿੰਘ, ਸਕੂਲ ਪ੍ਰਿੰਸੀਪਲ ਬਲਬੀਰ ਸਿੰਘ ਜੌੜਾ ਤੇ ਪਰਮਿੰਦਰ ਸਿੰਘ ਸਮੇਤ ਕਈ ਹੋਰ ਅਧਿਕਾਰੀ ਅਤੇ ‘ਆਪ’ ਆਗੂ ਵੀ ਮੌਜੂਦ ਸਨ।

ਵਿਰੋਧੀ ਧਿਰਾਂ ’ਤੇ ਵਰ੍ਹੇ ਭਗਵੰਤ ਮਾਨ

ਮਾਪੇ ਅਧਿਆਪਕ ਮਿਲਣੀ ਸਬੰਧੀ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਿਆਸੀ ਵਿਰੋਧੀਆਂ ਨੂੰ ਵੀ ਕੋਸਿਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਵਿਰੋਧੀ ਇਸ ਕਾਰਨ ਤੈਸ਼ ’ਚ ਹਨ ਕਿ ਉਹ (ਭਗਵੰਤ ਮਾਨ) ਮੁੱਖ ਮੰਤਰੀ ਕਿਵੇਂ ਬਣ ਗਏ। ਵੱਡੇ ਬਾਦਲ ਦਾ ਨਾਮ ਲਏ ਬਿਨਾਂ ਉਨ੍ਹਾਂ ਤੰਜ ਕੱਸਿਆ, ‘ਲੈ ਸਾਢੇ ਨੌਂ ਦਹਾਕਿਆਂ ਦੇ ਹੋ ਕੇ ਵੀ ਲੋਕਾਂ ਤੋਂ ਸੇਵਾ ਦਾ ਮੌਕਾ ਮੰਗ ਰਹੇ ਹਨ, ਜਦਕਿ ਇਹ ਸੇਵਾ ਕਰਨ ਦਾ ਨਹੀਂ, ਸੇਵਾ ਕਰਵਾਉਣ ਦਾ ਵੇਲ਼ਾ ਹੈ।’ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੋਸਿਆ।