ਕਸ਼ਮੀਰੀ ਪੰਡਿਤਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਨ ਦਿਆਂਗੇ: ਰੈਣਾ

ਕਸ਼ਮੀਰੀ ਪੰਡਿਤਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਨ ਦਿਆਂਗੇ: ਰੈਣਾ

ਭਾਜਪਾ ਦੇ ਸੂਬਾਈ ਮੁਖੀ ਵੱਲੋਂ ਕਸ਼ਮੀਰ ਤੋਂ ਤਬਾਦਲੇ ਦੀ ਮੰਗ ਕਰ ਰਹੇ ਕਸ਼ਮੀਰੀ ਪੰਡਿਤਾਂ ਅਤੇ ਡੋਗਰਾ ਮੁਲਾਜ਼ਮਾਂ ਦੀਆਂ ਮੰਗਾਂ ਦਾ ਸਮਰਥਨ
ਜੰਮੂ- ਜੰਮੂ ਕਸ਼ਮੀਰ ਦੇ ਪੰਡਿਤਾਂ ਅਤੇ ਡੋਗਰਾ ਮੁਲਾਜ਼ਮਾਂ ਦੇ ਹੱਕ ਵਿੱਚ ਆਉਂਦਿਆਂ ਭਾਜਪਾ ਨੇ ਪੂਰਨ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ ਵਿੱਚ ਹੋ ਰਹੇ ਅਤਿਵਾਦੀ ਹਮਲਿਆਂ ਦੇ ਮੱਦੇਨਜ਼ਰ ਕਸ਼ਮੀਰੀ ਪੰਡਿਤ ਅਤੇ ਡੋਗਰਾ ਮੁਲਾਜ਼ਮ ਇੱਥੋਂ ਜੰਮੂ ਵਿੱਚ ਤਬਦੀਲ ਕਰਨ ਦੀ ਮੰਗ ਸਬੰਧੀ ਪਿਛਲੇ ਸੱਤ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਜੰਮੂ ਕਸ਼ਮੀਰ ਵਿੱਚ ਭਾਜਪਾ ਦੇ ਸੂਬਾਈ ਮੁਖੀ ਰਵਿੰਦਰ ਰੈਣਾ ਨੇ ਕਿਹਾ ਕਿ ਪਾਰਟੀ ਕਸ਼ਮੀਰੀ ਪੰਡਿਤਾਂ ਨੂੰ ਬਲੀ ਦਾ ਬੱਕਰਾ ਨਹੀਂ ਬਣਨ ਦੇਵੇਗੀ।

ਰੈਣਾ ਨੇ ਪਾਰਟੀ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਤੁਹਾਨੂੰ ਕਦੇ ਬਲੀ ਦਾ ਬੱਕਰਾ ਨਹੀਂ ਬਣਨ ਦਿੱਤਾ ਜਾਵੇਗਾ। ਤੁਸੀਂ ਅਜਿਹੇ ਹਾਲਾਤ ਵਿੱਚ ਡਿਊਟੀਆਂ ਨਹੀਂ ਦੇ ਸਕਦੇ।’’ ਉਨ੍ਹਾਂ ਦਾ ਇਹ ਬਿਆਨ ਜੰਮੂ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਦੇ ਉਸ ਬਿਆਨ ਤੋਂ ਦੋ ਦਿਨ ਬਾਅਦ ਆਇਆ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਰਾਖਵੀਂ ਸ਼੍ਰੇਣੀ ਦੇ ਮੁਲਾਜ਼ਮਾਂ (ਡੋਗਰਾ) ਦਾ ਜੰਮੂ ਵਿੱਚ ਤਬਾਦਲਾ ਨਹੀਂ ਕੀਤਾ ਜਾ ਸਕਦਾ ਅਤੇ ਘਰ ਬੈਠੇ (ਕੇਪੀ ਮੁਲਾਜ਼ਮਾਂ) ਨੂੰ ਤਨਖਾਹ ਨਹੀਂ ਮਿਲੇਗੀ।

ਜੰਮੂ ਕਸ਼ਮੀਰ ਦੇ ਭਾਜਪਾ ਮੁਖੀ ਰੈਣਾ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਮੰਗ ਜਾਇਜ਼ ਹੈ। ਉਨ੍ਹਾਂ ਕਿਹਾ, ‘‘ਅਸੀਂ ਤੁਹਾਡੀ ਜੰਮੂ ਵਿੱਚ ਤਬਦੀਲ ਕਰਨ ਦੀ ਮੰਗ ਦਾ ਸਮਰਥਨ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਇਹ ਮੰਗ ਪੂਰੀ ਹੋਵੇ। ਇੱਥੇ ਤਬਾਦਲਾ ਨੀਤੀ ਹੋਣੀ ਚਾਹੀਦੀ ਹੈ ਅਤੇ ਮੁਲਾਜ਼ਮਾਂ ਦਾ ਤਬਾਦਲਾ ਹੋਣਾ ਚਾਹੀਦਾ ਹੈ।’’ ਰੈਣਾ ਨੇ ਕਿਹਾ, ‘‘ਇਹ ਮੁਲਾਜ਼ਮ ਪਿਛਲੇ 15 ਸਾਲਾਂ ਤੋਂ ਕਸ਼ਮੀਰ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਆਪਣੀ ਜ਼ਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਪੂਰੀ ਕਰ ਰਹੇ ਹਨ ਪਰ ਮੌਜੂਦਾ ਸਥਿਤੀ ਅਜਿਹੀ ਹੈ ਕਿ ਕਸ਼ਮੀਰ ਵਿੱਚ ਚੱਲਣ ਵਾਲੀ ਇੱਕ ਗੋਲੀ ਵੀ ਸਾਡੀ ਬੁਰੀ ਤਸਵੀਰ ਪੇਸ਼ ਕਰ ਸਕਦੀ ਹੈ।’’ ਉਪ ਰਾਜਪਾਲ ਵੱਲੋਂ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ ਦੇ ਬਿਆਨ ਮਗਰੋਂ ਕਸ਼ਮੀਰੀ ਪੰਡਿਤ ਅਤੇ ਡੋਗਰਾ ਮੁਲਾਜ਼ਮ ਅੱਜ ਇੱਥੇ ਭਾਜਪਾ ਦੇ ਹੈੱਡਕੁਆਰਟਰ ’ਤੇ ਇਕੱਠੇ ਹੋਏ ਅਤੇ ਆਪਣੀਆਂ ਮੰਗਾਂ ਸਬੰਧੀ ਧਰਨਾ ਦਿੱਤਾ।

ਇੱਕ ਪ੍ਰਦਰਸ਼ਨਕਾਰੀ ਨੇ ਕਿਹਾ, ‘‘ਉਨ੍ਹਾਂ ਨੂੰ ਸਾਡੀਆਂ ਤਨਖਾਹਾਂ ਰੋਕਣ ਦਿਓ। ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਅਸੀਂ ਡਿਊਟੀ ’ਤੇ ਹਾਜ਼ਰ ਨਹੀਂ ਹੋਵਾਂਗੇ। ਜ਼ਿੰਦਗੀ ਤਨਖਾਹ ਤੋਂ ਕਿਤੇ ਵੱਧ ਕੀਮਤੀ ਹੈ।’’