ਛੰਨ ਕੁੰਮਾ ਮਾਸ਼ਕੀ ਦਾ ਜੋੜ ਮੇਲ ਸਮਾਪਤ

ਛੰਨ ਕੁੰਮਾ ਮਾਸ਼ਕੀ ਦਾ ਜੋੜ ਮੇਲ ਸਮਾਪਤ

ਰੂਪਨਗਰ/ਘਨੌਲੀ- ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਜੀ ਨੂੰ ਆਪਣੀ ਬੇੜੀ ਰਾਹੀਂ ਸਰਸਾ ਨਦੀ ਪਾਰ ਕਰਵਾਉਣ ਵਾਲੇ ਮਲਾਹ ਕੁੰਮਾ ਮਾਸ਼ਕੀ ਦੀ ਯਾਦ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਗੁਰਦੁਆਰਾ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਚੱਕ ਢੇਰਾ ਵਿਖੇ ਚੱਲ ਰਿਹਾ ਜੋੜ ਮੇਲ ਅੱਜ ਸਮਾਪਤ ਹੋ ਗਿਆ। ਅੱਜ ਦੇ ਧਾਰਮਿਕ ਸਮਾਗਮ ਦੌਰਾਨ ਰਾਗੀ, ਢਾਡੀ ਅਤੇ ਕੀਰਤਨੀ ਜਥਿਆਂ ਨੇ ਸੰਗਤ ਨੂੰ ਗੁਰ ਇਤਿਹਾਸ ਸੁਣਾਇਆ। ਬਾਅਦ ਦੁਪਹਿਰ ਸਮਾਗਮ ਦੀ ਸਮਾਪਤੀ ਉਪਰੰਤ ਯਾਦਗਾਰ ਛੰਨ ਕੁੰਮਾ ਮਾਸ਼ਕੀ ਜੀ ਤੋਂ ਲੈ ਕੇ ਪਿੰਡ ਚੱਕ ਢੇਰ ਵਿਖੇ ਸਥਿਤ ਪਿਲਖਣ ਦੇ ਉਸ ਇਤਿਹਾਸਕ ਦਰੱਖ਼ਤ ਤੱਕ ਪੈਦਲ ਸਫਰ-ਏ-ਸ਼ਹਾਦਤ ਮਾਰਚ ਸਜਾਇਆ ਗਿਆ, ਜਿਸ ਦਰੱਖ਼ਤ ਨੇੜੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਗੰਗੂ ਬ੍ਰਾਹਮਣ ਨਾਲ ਮਿਲਾਪ ਹੋਇਆ ਸੀ। ਭਾਈ ਨੰਦ ਲਾਲ ਪਬਲਿਕ ਸਕੂਲ ਸ੍ਰੀ ਆਨੰਦਪੁਰ ਸਾਹਿਬ ਦੇ ਬੈਂਡ ਦੀਆਂ ਵੈਰਾਗਮਈ ਧੁੰਨਾ ’ਤੇ ਛਲਕਦੀਆਂ ਅੱਖਾਂ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਹੋਈਆਂ ਸੰਗਤਾਂ ਅੱਗੇ ਵਧ ਰਹੀਆਂ ਸਨ। ਇਸ ਦੌਰਾਨ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ, ਵਿਧਾਇਕ ਮਨਵਿੰਦਰ ਸਿੰਘ ‌ਗਿਆਸਪੁਰਾ ਹਲਕਾ ਪਾਇਲ, ਰੂਪਨਗਰ ਦੇ ਵਿਧਾਇਕ ਦਿਨੇਸ਼ ਕੁਮਾਰ ਚੱਢਾ ਆਦਿ ਨੇ ਵੀ ਸਮਾਪਤੀ ਸਮਾਗਮ ਵਿੱਚ ਹਿੱਸਾ ਲਿਆ। ਯਾਦਗਾਰ ਦੇ ਖੋਜਕਰਤਾ ਸੁਰਿੰਦਰ ਸਿੰਘ ਖਜੂਰਲਾ ਨੇ

ਜੋੜ ਮੇਲ ਦੌਰਾਨ ਦੇਸ਼ ਵਿਦੇਸ਼ ਤੋਂ ਹੁੰਮ-ਹੁੰਮਾ ਕੇ ਪੁੱਜੀ ਸੰਗਤ ਦਾ ਧੰਨਵਾਦ ਕੀਤਾ।

ਬਨੂੜ : ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਅਤੇ ਚਮਕੌਰ ਦੀ ਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਪਿੰਡ ਛੜਬੜ੍ਹ ਤੋਂ ਚਮਕੌਰ ਸਾਹਿਬ ਤੱਕ ਨਗਰ ਕੀਰਤਨ ਸਜਾਇਆ ਗਿਆ। ਬਾਬਾ ਬਲਕਾਰ ਸਿੰਘ ਢੇਲਪੁਰ ਅਤੇ ਭਾਈ ਜਗਜੀਤ ਸਿੰਘ ਛੜਬੜ੍ਹ ਦੀ ਦੇਖ-ਰੇਖ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢੇ ਗਏ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਦਿਖਾਏ ਅਤੇ ਰਾਗੀਆਂ-ਢਾਡੀਆਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਸੰਗਤ ਨੂੰ ਜਾਣੂ ਕਰਾਇਆ।

ਸ਼ਹੀਦੀ ਜੋੜ ਮੇਲ: ਲੱਖਾਂ ਦੀ ਤਾਦਾਦ ਵਿੱਚ ਸੰਗਤ ਹੋਈ ਨਤਮਸਤਕ

ਚਮਕੌਰ ਸਾਹਿਬ : ਸ਼ਹੀਦੀ ਜੋੜ ਮੇਲ ਦੌਰਾਨ ਤਿੰਨੋਂ ਹੀ ਦਿਨ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਵੱਲੋਂ ਇੱਥੋਂ ਦੇ ਧਾਰਮਿਕ ਗੁਰਧਾਮਾਂ ਵਿੱਚ ਨਤਮਸਤਕ ਹੋ ਕੇ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਤਿੰਨ ਪਿਆਰਿਆਂ ਅਤੇ ਹੋਰ ਸ਼ਹੀਦ ਸਿੰਘਾਂ ਨੂੰ ਸਿਜਦਾ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਨੱਥਾ ਸਿੰਘ ਨੇ ਦੱਸਿਆ ਕਿ ਰੈਣ ਸਬਾਈ ਕੀਰਤਨ ਅੱਜ ਦੇਰ ਰਾਤ ਸਜੇ ਰਹਿਣਗੇ। ਸਮਾਗਮ ਦੇ ਅੱਜ ਤੀਜੇ ਦਿਨ ਵੀ ਕਸਬੇ ਦੇ ਬਾਜ਼ਾਰਾਂ ਵਿੱਚ ਸੰਗਤਾਂ ਦੀ ਪੂਰੀ ਚਹਿਲ-ਪਹਿਲ ਰਹੀ। ਪੰਜਾਬ ਕਲਾ ਮੰਚ ਵੱਲੋਂ ਬੀਤੀ ਰਾਤ 12 ਵਜੇ 20ਵੀਂ ਦਸਮੇਸ਼ ਪੈਦਲ ਯਾਤਰਾ 21 ਕਿਲੋਮੀਟਰ ਦਾ ਸਫਰ ਤੈਅ ਕਰਦੀ ਹੋਈ ਗੁਰਦੁਆਰਾ ਸ੍ਰੀ ਝਾੜ ਸਾਹਿਬ ਵਿਖੇ ਪਹੁੰਚੀ। ਮੰਚ ਦੇ ਪ੍ਰਧਾਨ ਸ੍ਰੀ ਬੰਬਰ ਨੇ ਦੱਸਿਆ ਕਿ ਯਾਤਰਾ ਦਾ ਰਾਤੀਂ ਜਾਂਦੇ ਸਮੇਂ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ, ਉੱਥੇ ਹੀ ਪ੍ਰਬੰਧਕਾਂ ਦਾ ਸਨਮਾਨ ਵੀ ਕੀਤਾ ਗਿਆ।

ਟਿੱਬੀ ਸਾਹਿਬ ਰੂਪਨਗਰ ਵਿਖੇ ਪੁੱਜੀ ਖਾਲਸਾ ਵਹੀਰ
ਰੂਪਨਗਰ/ਘਨੌਲੀ : ਭਾਈ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਿੱਚ ਚੱਲ ਰਿਹਾ ਖਾਲਸਾ ਵਹੀਰ ਦਾ ਕਾਫਲਾ ਬੀਤੀ ਰਾਤ ਕਸਬਾ ਭਰਤਗੜ੍ਹ ਵਿਖੇ ਵਿਸ਼ਰਾਮ ਕਰਨ ਤੋਂ ਬਾਅਦ ਅੱਜ ਅਗਲੇ ਪੜਾਅ ਟਿੱਬੀ ਸਾਹਿਬ ਰੂਪਨਗਰ ਪੁੱਜਿਆ। ਵਾਇਆ ਸਰਸਾ ਨੰਗਲ, ਘਨੌਲੀ ਤੇ ਨੂੰਹੋਂ ਪਿੰਡਾਂ ਰਾਹੀਂ ਹੁੰਦੇ ਪਿੰਡ ਦਬੁਰਜੀ ਵਿੱਚ ਪ੍ਰਦੂਸ਼ਣ ਖ਼ਿਲਾਫ਼ ਲੋਕਾਂ ਵੱਲੋਂ ਲਗਾਏ ਗਏ ਰੋਸ ਧਰਨੇ ਕੋਲ ਰੁਕ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿੱਦਾ ਹਿਮਾਚਲ ਪ੍ਰਦੇਸ਼ ਵਿੱਚ ਸੂਬੇ ਤੋਂ ਬਾਹਰਲਾ ਕੋਈ ਵਿਅਕਤੀ ਜ਼ਮੀਨ ਨਹੀਂ ਖਰੀਦ ਸਕਦਾ ਤੇ ਰੁਜ਼ਗਾਰ ਨਹੀਂ ਪ੍ਰਾਪਤ ਕਰ ਸਕਦਾ, ਪੰਜਾਬ ’ਚ ਵੀ ਉਸੇ ਤਰ੍ਹਾਂ ਹੀ ਬਾਹਰਲੇ ਵਿਅਕਤੀਆਂ ਲਈ ਰੁਜ਼ਗਾਰ ਬੈਨ ਹੋਣਾ ਚਾਹੀਦਾ ਹੈ। ਉਨ੍ਹਾਂ ਧਰਨਾਕਾਰੀਆਂ ਨੂੰ ਆਪਣੇ ਮਿਸ਼ਨ ਦੀ ਪ੍ਰਾਪਤੀ ਤੱਕ ਧਰਨੇ ’ਤੇ ਡਟੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਰਾਜਿੰਦਰ ਸਿਘ ਘਨੌਲਾ, ਪਰਮਜੀਤ ਸਿੰਘ ਪੰਮੂ ਲੋਹਗੜ੍ਹ, ਮਨਪ੍ਰੀਤ ਸਿੰਘ ਮਨੀ ਦਬੁਰਜੀ ਆਦਿ ਹਾਜ਼ਰ ਸਨ।

ਵਿਸ਼ਵ ਯੂਨੀਵਰਸਿਟੀ ਵੱਲੋਂ ਸ਼ਹਾਦਤ ਨੂੰ ਸਮਰਪਿਤ ਕੌਮੀ ਸੈਮੀਨਾਰ

ਫ਼ਤਹਿਗੜ੍ਹ ਸਾਹਿਬ : ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵੱਲੋਂ ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਸ਼ਹਾਦਤ, ਸਿਧਾਂਤਕ ਅਤੇ ਇਤਿਹਾਸਕ ਪਰਿਪੇਖ’ ਵਿਸ਼ੇ ’ਤੇ ਕੌਮੀ ਸੈਮੀਨਾਰ ਕਰਵਾਇਆ ਗਿਆ। ਯੂਨੀਵਰਸਿਟੀ ਦੇ ਪ੍ਰੋ-ਕੁਲਪਤੀ ਪ੍ਰੋ. ਅਜਾਇਬ ਸਿੰਘ ਬਰਾੜ ਦੇ ਦਿਸ਼ਾ-ਨਿਰਦੇਸਾਂ ਅਤੇ ਉਪ ਕੁਲਪਤੀ ਡਾ. ਪ੍ਰਿਤਪਾਲ ਸਿੰਘ ਦੀ ਅਗਵਾਈ ਵਿਚ ਕਰਵਾਏ ਇਸ ਸੈਮੀਨਾਰ ਵਿਚ ਦੋ ਵਿਦਵਾਨ ਬੁਲਾਰੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਹਰਪਾਲ ਸਿੰਘ ਅਤੇ ਮਾਤਾ ਗੁਜਰੀ ਕਾਲਜ ਦੇ ਡਾ. ਗੁਰਬਾਜ ਸਿੰਘ ਨੇ ਸ਼ਿਰਕਤ ਕੀਤੀ।