ਸਿੱਕਮ: ਫੌਜ ਦਾ ਟਰੱਕ ਖੱਡ ’ਚ ਡਿੱਗਣ ਕਾਰਨ 16 ਜਵਾਨ ਹਲਾਕ

ਸਿੱਕਮ: ਫੌਜ ਦਾ ਟਰੱਕ ਖੱਡ ’ਚ ਡਿੱਗਣ ਕਾਰਨ 16 ਜਵਾਨ ਹਲਾਕ

ਮ੍ਰਿਤਕਾਂ ਵਿੱਚ ਤਿੰਨ ਜੂਨੀਅਰ ਕਮਿਸ਼ਨਡ ਅਫਸਰ ਵੀ ਸ਼ਾਮਲ
ਨਵੀਂ ਦਿੱਲੀ-ਉੱਤਰੀ ਸਿੱਕਮ ਦੇ ਜ਼ੈਮਾ ’ਚ ਅੱਜ ਇੱਕ ਸੜਕ ਹਾਦਸੇ ’ਚ ਸੈਨਾ ਦਾ ਇੱਕ ਟਰੱਕ ਖੱਡ ’ਚ ਜਾ ਡਿੱਗਾ ਅਤੇ ਇਸ ਹਾਦਸੇ ’ਚ ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ (ਜੇਸੀਓ) ਸਮੇਤ 16 ਜਵਾਨ ਹਲਾਕ ਹੋ ਗੲੇ। ਸੈਨਾ ਨੇ ਇਹ ਜਾਣਕਾਰੀ ਦਿੱਤੀ।

ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਚੱਤੇਨ ਤੋਂ ਸਵੇਰੇ ਰਵਾਨਾ ਹੋ ਕੇ ਥਾਂਗੂ ਵੱਲ ਜਾ ਰਹੇ ਤਿੰਨ ਵਾਹਨਾਂ ਦੇ ਕਾਫਲੇ ’ਚ ਸ਼ਾਮਲ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਜੋ ਇੱਕ ਤਿੱਖੇ ਮੋੜ ਤੋਂ ਤਿਲਕ ਕੇ ਖੱਡ ’ਚ ਜਾ ਡਿੱਗਾ।

ਸੈਨਾ ਨੇ ਇੱਕ ਬਿਆਨ ’ਚ ਕਿਹਾ, ‘ਉੱਤਰੀ ਸਿੱਕਮ ਦੇ ਜ਼ੈਮਾ ’ਚ 23 ਦਸੰਬਰ ਨੂੰ ਸੈਨਾ ਦਾ ਇੱਕ ਟਰੱਕ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਭਾਰਤੀ ਸੈਨਾ ਦੇ 16 ਜਵਾਨਾਂ ਦੀ ਜਾਨ ਚਲੀ ਗਈ।’ ਉਨ੍ਹਾਂ ਕਿਹਾ ਕਿ ਹਾਦਸੇ ਦਾ ਸ਼ਿਕਾਰ ਹੋਇਆ ਵਾਹਨ ਤਿੰਨ ਵਾਹਨਾਂ ਦੇ ਉਸ ਕਾਫਲੇ ’ਚ ਸ਼ਾਮਲ ਸੀ ਜੋ ਚੱਤੇਨ ਤੋਂ ਥਾਂਗੂ ਲਈ ਰਵਾਨਾ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਰਾਹ ਵਿੱਚ ਜ਼ੈਮਾ ਕੋਲ ਇਹ ਟਰੱਕ ਇੱਕ ਤਿੱਖੇ ਮੋੜ ’ਤੇ ਢਲਾਣ ਤੋਂ ਹੇਠਾਂ ਡਿੱਗ ਗਿਆ। ਉਨ੍ਹਾਂ ਕਿਹਾ ਕਿ ਤੁਰੰਤ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਚਾਰ ਜ਼ਖ਼ਮੀ ਜਵਾਨਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਬਚਾਇਆ ਗਿਆ ਹੈ। ਸੈਨਾ ਨੇ ਕਿਹਾ, ‘ਤਿੰਨ ਜੂਨੀਅਰ ਕਮਿਸ਼ਨਡ ਅਫਸਰਾਂ ਦੀ ਜਾਨ ਚਲੀ ਗਈ। ਭਾਰਤੀ ਸੈਨਾ ਦੁੱਖ ਦੀ ਇਸ ਘੜੀ ’ਚ ਦੁਖੀ ਪਰਿਵਾਰਾਂ ਦੇ ਨਾਲ ਖੜ੍ਹੀ ਹੈ।’

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਜਵਾਨਾਂ ਦੀ ਮੌਤ ਤੋਂ ਬਹੁਤ ਦੁਖੀ ਹਨ। ਉਨ੍ਹਾਂ ਕਿਹਾ, ‘ਦੇਸ਼ ਉਨ੍ਹਾਂ ਦੀ ਸੇਵਾ ਤੇ ਪ੍ਰਤੀਬੱਧਤਾ ਲਈ ਬਹੁਤ ਹੀ ਸ਼ੁਕਰਗੁਜ਼ਾਰ ਹੈ। ਦੁਖੀ ਪਰਿਵਾਰਾਂ ਨਾਲ ਮੇਰੀ ਹਮਦਰਦੀ ਹੈ। ਜ਼ਖ਼ਮੀਆਂ ਦੇ ਜਲਦੀ ਤੰਦਰੁਸਤ ਹੋਣ ਦੀ ਪ੍ਰਾਰਥਨਾ ਕਰਦਾ ਹਾਂ।’ ਇਸੇ ਦੌਰਾਨ ਆਰਮੀ ਸਟਾਫ ਦੇ ਮੁਖੀ ਜਨਰਲ ਮਨੋਜ ਪਾਂਡੇ ਤੇ ਹੋਰ ਫੌਜੀ ਅਫਸਰਾਂ ਨੇ ਇਸ ਘਟਨਾ ’ਤੇ ਦੁੱਖ ਜ਼ਾਹਿਰ ਕਰਦਿਆਂ ਜ਼ਖ਼ਮੀਆਂ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।